ਤਾਰਾ ਸਿੰਘ ਹੇਅਰ ਅਤੇ ਗਿੱਲ ਮੋਰਾਂਵਾਲੀ ਨੂੰ ਸਮਰਪਿਤ ਰਹੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮੀਟਿੰਗ
ਹਰਦਮ ਮਾਨ, ਬਾਬੂਸ਼ਾਹੀ ਨੈੱਟਵਰਕ
ਸਰੀ, 17 ਨਵੰਬਰ,2021- ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮੀਟਿੰਗ ਇੰਡੋ-ਕਨੇਡੀਅਨ ਟਾਈਮਜ਼ ਦੇ ਐਡੀਟਰ ਅਤੇ ਸਭਾ ਦੇ ਬਾਨੀ ਸਵ: ਤਾਰਾ ਸਿੰਘ ਹੇਅਰ ਅਤੇ ਸ਼ਾਇਰ ਗਿੱਲ ਮੋਰਾਂ ਵਾਲੀ ਦੀ ਯਾਦ ਨੂੰ ਸਮਰਪਿਤ ਰਹੀ। ਮੀਟਿੰਗ ਦੇ ਮੁੱਖ ਬੁਲਾਰੇ ਪ੍ਰਸਿੱਧ ਸਾਹਿਤਕਾਰ , ਨਾਟਕਕਾਰ ਰਵਿੰਦਰ ਰਵੀ ਅਤੇ ਲੇਖਕ, ਨਾਵਲਕਾਰ ਨਦੀਮ ਪਰਮਾਰ ਸਨ। ਮੀਟਿੰਗ ਦੀ ਪ੍ਰਧਾਨਗੀ ਪ੍ਰਿਤਪਾਲ ਗਿੱਲ ਨੇ ਕੀਤੀ ਅਤੇ ਮੰਚ ਸੰਚਾਲਨ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਕੀਤਾ।
ਆਰੰਭ ਵਿੱਚ ਪ੍ਰਿਤਪਾਲ ਗਿੱਲ ਨੇ ਤਾਰਾ ਸਿੰਘ ਹੇਅਰ ਅਤੇ ਗਿੱਲ ਮੋਰਾਂਵਾਲੀ ਬਾਰੇ ਜਾਣਕਾਰੀ ਦਿੱਤੀ ਤੇ ਮੁੱਖ ਬੁਲਾਰਿਆਂ ਦਾ ਸਵਾਗਤ ਕੀਤਾ। ਰਵਿੰਦਰ ਰਵੀ ਨੇ ਗਿੱਲ ਮੋਰਾਂਵਾਲੀ ਅਤੇ ਤਾਰਾ ਸਿੰਘ ਹੇਅਰ ਦੀ ਜੀਵਨੀ, ਕੇਂਦਰੀ ਲੇਖਕ ਸਭਾ ਨਾਲ ਸਾਂਝ, ਇੰਡੋ-ਕਨੇਡੀਅਨ ਟਾਈਮਜ਼ ਦੀ ਸਥਾਪਤੀ ਲਈ ਕੀਤੀ ਜਦੋਜਹਿਦ ਬਾਰੇ ਵਿਸਥਾਰ ਵਿਚ ਦੱਸਿਆ। ਪ੍ਰਸਿੱਧ ਲੇਖਕ ਨਦੀਮ ਪਰਮਾਰ ਨੇ ਤਾਰਾ ਸਿੰਘ ਹੇਅਰ ਅਤੇ ਗਿੱਲ ਮੋਰਾਂਵਾਲੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਸੁਰਜੀਤ ਸਿੰਘ ਮਾਧੋਪੁਰੀ ਅਤੇ ਰੂਪਿੰਦਰ ਰੂਪੀ ਨੇ ਗਿੱਲ ਮੋਰਾਂਵਾਲੀ ਦੀਆਂ ਰਚਨਾਵਾਂ ਤਰਨੰਮ ਵਿੱਚ ਸਾਂਝੀਆਂ ਕੀਤੀਆਂ। ਡਾਇਰੈਕਟਰ ਦਰਸ਼ਨ ਸੰਘਾ ਅਤੇ ਸੁਰਜੀਤ ਕਲਸੀ ਨੇ ਤਾਰਾ ਸਿੰਘ ਹੇਅਰ ਅਤੇ ਗਿੱਲ ਮੋਰਾਂਵਾਲੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪਲਵਿੰਦਰ ਸਿੰਘ ਰੰਧਾਵਾ ਨੇ ਗੀਤ, ਹਰਚੰਦ ਬਾਗੜੀ ਨੇ ਕਵਿਤਾ ਰਾਹੀਂ ਹਾਜਰੀ ਲੁਆਈ। ਮੀਟਿੰਗ ਵਿਚ ਰਾਜਵੰਤ ਚਿਲਾਨਾ, ਦਵਿੰਦਰ ਬਚੜਾ, ਗਿੱਲ ਮੋਰਾਂਵਾਲੀ ਦੇ ਪਰਿਵਾਰ ਵਿੱਚੋਂ ਜੀਰੀ ਗਿੱਲ (ਪਤਨੀ), ਬੇਟੀਆਂ (ਜਸਤੇਜ ਅਤੇ ਨਵਤੇਜ ਗਿੱਲ) ਸ਼ਾਮਿਲ ਸਨ।