ਗੁਰਮੀਤ ਪਲਾਹੀ
ਫਗਵਾੜਾ, 26 ਫਰਵਰੀ 2019 - ਪੰਜਾਬੀ ਵਿਰਸਾ ਟਰੱਸਟ (ਰਜਿ:) ਫਗਵਾੜਾ ਅਤੇ ਸੰਗੀਤ ਦਰਪਣ ਫਗਵਾੜਾ ਵਲੋਂ ਅੰਤਰਰਾਸ਼ਟਰੀ ਪੱਤਰਕਾਰ ਸ: ਨਰਪਾਲ ਸਿੰਘ ਸ਼ੇਰਗਿੱਲ ਦੀ ਪੁਸਤਕ "ਇੰਡੀਅਨਜ ਐਬਰੌਡ ਐਂਡ ਪੰਜਾਬ ਇਮਪੈਕਟ" (ਸਮੁੰਦਰੋਂ-ਪਾਰ ਦਾ ਪੰਜਾਬੀ-ਸੰਸਾਰ) ਦਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ੇਸ਼ ਅੰਕ-2019, ਬਲੱਡ ਬੈਂਕ ਬਿਲਡਿੰਗ, ਗੁਰੂ ਹਰਿਗੋਬਿੰਦ ਨਗਰ, ਫਗਵਾੜਾ ਵਿਖੇ ਲੋਕ ਅਰਪਣ ਕੀਤਾ ਗਿਆ। ਇਸ ਸਮੇਂ ਕਰਵਾਏ ਗਏ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਪੱਤਰਕਾਰ ਹਰਜਿੰਦਰ ਸਿੰਘ ਵਾਲੀਆ, ਉਜਾਗਰ ਸਿੰਘ ਸਾਬਕਾ ਡੀ.ਪੀ.ਆਰ.ਓ., ਡਾ: ਆਸਾ ਸਿੰਘ ਘੁੰਮਣ, ਡਾ: ਚਰਨਜੀਤ ਸਿੰਘ ਗੁਮਟਾਲਾ, ਪ੍ਰੋ: ਜਸਵੰਤ ਸਿੰਘ ਗੰਡਮ, ਡਾ: ਸ਼ਿਆਮ ਸੁੰਦਰ ਦੀਪਤੀ, ਗੁਰਮੀਤ ਸਿੰਘ ਪਲਾਹੀ ਅਤੇ ਸੰਪਾਦਕ ਤਰਨਜੀਤ ਸਿੰਘ ਕਿੰਨੜਾ ਸ਼ਾਮਲ ਸਨ। ਇਸ ਸਮਾਗਮ ਦੌਰਾਨ ਹੋਰਨਾਂ ਤੋਂ ਬਿਨ੍ਹਾਂ ਪ੍ਰੋ: ਕੁਲਬੀਰ ਸਿੰਘ, ਐਸ.ਐਲ. ਵਿਰਦੀ, ਡਾ: ਜਗੀਰ ਸਿੰਘ ਨੂਰ, ਬਲਦੇਵ ਰਾਜ ਕੋਮਲ,ਮਾਸਟਰ ਸੀਤਲ ਰਾਮ ਬੰਗਾ, ਸ: ਰਘਬੀਰ ਸਿੰਘ ਮਾਨ, ਸੁਖਵਿੰਦਰ ਸਿੰਘ, ਮਨਮੀਤ ਮੇਵੀ, ਪਰਵਿੰਦਰ ਸਿੰਘ, ਭਜਨ ਸਿੰਘ ਵਿਰਕ, ਸੁਖਦੇਵ ਸਿੰਘ, ਰਵਿੰਦਰ ਚੋਟ, ਇੰਗਲੈਂਡ ਤੋਂ ਭੰਮਰਾ ਸਾਹਿਬ, ਸ: ਭੁਪਿੰਦਰ ਸਿੰਘ ਕਾਂਦਰਾ ਅਸਟਰੀਆ ਤੋਂ, ਜਸਵੰਤ ਸਿੰਘ ਕਰਮਜੋਗੀ, ਮਨਜੀਤ ਚਾਨਾ, ਡਾ: ਜਵਾਹਰ ਧੀਰ, ਸੁਖਵਿੰਦਰ ਸਿੰਘ, ਮਨਮੀਤ ਮੇਵੀ, ਆਰ.ਪੀ. ਸ਼ਰਮਾ, ਉਂਕਾਰ ਜਗਦੇਵ, ਕੁਲਬੀਰ ਬਾਵਾ, ਮਨਜੀਤ ਚਾਨਾ, ਅਮਿਤ ਸ਼ਰਮਾ, ਪਰਵਿੰਦਰਜੀਤ ਸਿੰਘ, ਸੰਦੀਪ ਸ਼ਰਮਾ, ਚੇਤਨ ਸ਼ਰਮਾ, ਅਮਨਦੀਪ, ਵਿਜੈ ਸੋਨੀ, ਮਲਕੀਅਤ ਸਿੰਘ ਆਦਿ ਨੇ ਸ਼ਿਰਕੱਤ ਕੀਤੀ।
ਸ੍ਰੀ ਗੁਰਮੀਤ ਸਿੰਘ ਪਲਾਹੀ ਨੇ ਪ੍ਰੋਗਰਾਮ ਦੇ ਸ਼ੁਰੂਆਤੀ ਸ਼ਬਦ ਕਹਿੰਦਿਆਂ ਪ੍ਰਧਾਨਗੀ ਮੰਡਲ ਨੂੰ ਸਟੇਜ 'ਤੇ ਆਉਣ ਲਈ ਸੱਦਾ ਦਿੱਤਾ ਅਤੇ ਪੁਸਤਕ ਬਾਰੇ ਚਰਚਾ ਕਰਦਿਆਂ ਕਿਹਾ ਕਿ ਸ਼ੇਰਗਿੱਲ ਨੇ ਇਸ ਪੁਸਤਕ ਰਾਹੀ ਵਿਸ਼ਵ ਦੀ ਪਰਿਕਰਮਾ ਕਰਵਾ ਦਿੱਤੀ ਹੈ।
ਪ੍ਰੋ: ਜਸਵੰਤ ਸਿੰਘ ਗੰਡਮ ਨੇ ਸੁਆਗਤੀ ਸ਼ਬਦ ਕਹਿੰਦਿਆਂ ਹੋਇਆ ਸ: ਨਰਪਾਲ ਸਿੰਘ ਸ਼ੇਰਗਿੱਲ ਸਾਹਿਬ ਦੇ ਰਚਨਾ-ਸੰਧਾਰ ਅਤੇ ਪੱਤਰਕਾਰੀ 'ਚ ਪਾਏ ਯੋਗਦਾਨ ਬਾਬਤ ਭਰਪੂਰ ਜਾਣਕਾਰੀ ਦਿੱਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਸ਼ੇਸ਼ ਅੰਕ ਬਾਬਤ ਦਸਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਲਸਫ਼ਾ ਸੰਵਾਦ ਦਾ ਫਲਸਫ਼ਾ ਹੈ। ਉਹਨਾ ਨੇ ਵਿਰੋਧੀ ਵਿਚਾਰਾਂ ਵਾਲਿਆਂ ਕੋਲ ਜਾ ਕੇ ਵੀ ਧੰਨਵਾਦ ਕੀਤਾ। ਗੁਰੂ ਨਾਨਕ ਜੀ ਨੇ ਕਿਰਤ ਕੀਤੀ ਅਤੇ ਕਿਰਤੀਆਂ ਦੇ ਨਾਲ ਰਿਹਾ।
ਸ: ਹਰਜਿੰਦਰ ਸਿੰਘ ਵਾਲੀਆ ਕਿਹਾ ਕਿ ਪੱਤਰਕਾਰੀ ਦੀ ਪਰਿਭਾਸ਼ਾ ਗੁਰੂ ਜੀ ਨੇ ਭਾਵ-ਪੁਰਤ ਦੇਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਵਿਸ਼ਵ ਪੱਧਰ ਤੇ ਨਿਵੇਕਲਾ ਸੁਨੇਹਾ ਦਿੱਤਾ। ਉਹਨਾਂ ਕਿਹਾ ਕਿ ਸ: ਨਰਪਾਲ ਸਿੰਘ ਦੀ ਉਕਤ ਪੁਸਤਕ ਹਵਾਲਾ ਪੁਸਤਕ ਹੈ।ਇਸ ਪੁਸਤਕ ਵਿੱਚ ਫੋਟੋਆਂ ਸਮੇਤ ਜੋ ਜਾਣਕਾਰੀ ਹੈ, ਉਹ ਵਿਲੱਖਣਤਾ ਦੀ ਧਾਰਕ ਹੈ।
ਲੇਖਕਾਂ ਵਲੋਂ ਸੰਖੇਪ ਪਰ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦੇ ਹਨ। ਵੱਡੇ ਵੱਡੇ ਦੇਸ਼ਾਂ 'ਚ ਪੰਜਾਬੀ ਭਾਸ਼ਾ 'ਚ ਅਜਿਹਾ ਕਾਰਜ ਕਰ ਵਿਖਾਇਆ, ਜੋ ਸਰਕਾਰਾਂ ਜਾਂ ਹੋਰ ਧਾਰਮਿਕ ਸੰਸਥਾਵਾਂ ਨੂੰ ਕਰਨਾ ਚਾਹੀਦਾ ਸੀ।
ਪ੍ਰੋ: ਗੰਡਮ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬੀ ਬੋਲੀ ਨੂੰ ਪ੍ਰਫੁਲਤ ਕਰਨ ਹਿੱਤ ਸੌ ਕਰੋੜ ਰੁਪਏ ਰੱਖੇ ਜਾਣ। ਇਸ ਉਪਰੰਤ ਸ: ਨਰਪਾਲ ਸਿੰਘ ਸ਼ੇਰਗਿੱਲ ਦੀ ਪੁਸਤਕ ਲੋਕ ਅਰਪਣ ਕੀਤੀ ਗਈ।
ਭਜਨ ਸਿੰਘ ਵਿਰਕ ਅਤੇ ਬਲਦੇਵ ਰਾਜ ਕੋਮਲ ਨੇ ਸਮਾਗਮ ਵਿੱਚ ਗ਼ਜ਼ਲ ਸੁਣਾ ਕੇ ਨਵਾਂ ਰੰਗ ਭਰਿਆ।
ਸ: ਉਜਾਗਰ ਸਿੰਘ ਨੇ ਆਪਣੇ ਪ੍ਰਵਚਨ ਪੇਸ਼ ਕਰਦਿਆਂ ਨਰਪਾਲ ਸਿੰਘ ਸ਼ੇਰਗਿੱਲ ਦੀ ਪੁਸਤਕ ਦੀ ਵਿਸ਼ਵ-ਵਿਆਪੀ ਸਾਰਥਿਕਤਾ ਦੱਸੀ ਤੇ ਕਿਹਾ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਸਾਰੂ ਸੰਵਾਦ ਨੂੰ ਉਭਾਰਨ ਹਿੱਤ ਕਾਰਜ-ਕੁਸ਼ਲਤਾ ਵਿਖਾਵੇ।
ਡਾ: ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਆਦਿ ਬਾਣੀ ਅਤੇ ਸੰਦੇਸ਼ ਸਬੰਧੀ ਸੈਮੀਨਾਰ, ਗੋਸ਼ਟੀਆਂ ਅਤੇ ਕਾਨਫਰੰਸਾਂ ਆਯੋਜਿਤ ਹੋਣੀਆਂ ਚਾਹੀਦੀਆਂ ਹਨ ਅਤੇ ਵਿਖਾਵੇ ਬਾਜੀ ਤੋਂ ਗੁਰੇਜ਼ ਕਰਕੇ ਵਿਵਹਾਰਿਕ ਤੌਰ ਤੇ ਬਾਬੇ ਨਾਨਕ ਦੀਆਂ ਪੈੜਾਂ ਤੇ ਤੁਰਨ ਦੀ ਲੋੜ ਹੈ। ਜੀਵਨ ਭਰ ਵਿੱਚ ਇਸ ਨੂੰ ਅਪਨਾਉਣ ਦੀ ਲੋੜ ਹੈ।
ਡਾ: ਆਸਾ ਸਿੰਘ ਘੁੰਮਣ ਨੇ ਕਿਹਾ ਕਿ 500 ਸਾਲਾ ਅਤੇ550 ਸਾਲਾ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਨੂੰ ਨਿਖੇੜ ਕੇ ਵੇਖਿਆ ਜਾਣਾ ਚਾਹੀਦਾ ਹੈ।
ਪ੍ਰੋ: ਕੁਲਬੀਰ ਸਿੰਘ ਨੇ ਫਗਵਾੜੇ 'ਚ ਮੀਡੀਏ ਸਬੰਧੀ ਕੀਤੇ ਜਾ ਰਹੇ ਕਾਰਜ ਦੀ ਪ੍ਰਸੰਸਾ ਵੀ ਕੀਤੀ। ਕਿਤਾਬ ਦੀ ਮਾਨਤਾ ਵੀ ਦਰਸਾਈ। ਇਹਨਾ ਨੇ ਕਿਹਾ ਕਿ ਅੱਜ ਕੱਲ ਮੀਡੀਆ ਵਪਾਰਕ-ਸ਼੍ਰੋਣੀ ਦੇ ਲੋਕਾਂ ਦੇ ਹੱਥ 'ਚ ਆ ਚੁੱਕਾ ਹੈ, ਗੈਰ-ਮੀਡੀਏ ਵਾਲੇ ਲੋਕ ਮੀਡੀਏ ਨੂੰ ਸਹੀ ਸੇਧ ਨਹੀਂ ਦੇ ਸਕਣਗੇ।
ਐਡਵੋਕੇਟ ਸੰਤੋਖ ਲਾਲ ਵਿਰਦੀ ਨੇ ਕਿਹਾ ਕਿ 18 ਸਾਲ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਰਹੇ ਅਤੇ ਸਰਬ ਸਾਂਝਾ ਉਪਦੇਸ਼ ਦਿੱਤਾ। ਉਹਨਾ ਕਿਹਾ ਕਿ ਦੇਸ਼ ਵਿਦੇਸ਼ ਗੁਰਦੁਆਰਿਆਂ ਦੇ ਨਾਮ ਵੱਖ-ਵੱਖ ਜਾਤਾਂ, ਫਿਰਕਿਆਂ ਦੇ ਨਾਮ ਕਿਉਂ ਹਨ? ਇਸੇ ਤਰ੍ਹਾਂ ਲੰਗਰ-ਪ੍ਰਥਾ 'ਚ ਭਿੰਨ-ਭੇਦ ਦਾ ਵਿਸ਼ਵ ਪੱਧਰ ਤੇ ਪਾਇਆ ਜਾ ਰਿਹਾ ਹੈ। ਇਹ ਚਿੰਤਾ ਵਾਲੀ ਗੱਲ ਹੈ।
ਇਸ ਸਮੇਂ ਬੋਲਦਿਆ ਨਰਪਾਲ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਹਿੰਦੋਸਤਾਨ ਵਿੱਚ ਨਿਰਪੱਖ ਪੱਤਰਕਾਰੀ ਦੀ ਘਾਟ ਹੈ। ਉਹਨਾ ਇਹ ਵੀ ਕਿਹਾ ਕਿ ਪ੍ਰਵਾਸੀ ਸ਼ਬਦ ਨੂੰ ਸਮਝਣਾ ਚਾਹੀਦਾ ਹੈ ਤੇ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਆਏ ਜਾਂ ਗਏ ਲੋਕਾਂ ਨੂੰ ਪ੍ਰਵਾਸੀ ਨਹੀਂ ਕਿਹਾ ਜਾਣਾ ਚਾਹੀਦਾ। ਉਹਨਾ ਇਹ ਵੀ ਕਿਹਾ ਕਿ ਪੱਤਰਕਾਰੀ ਦੋਗਲੀ ਨਹੀਂ ਹੋਣੀ ਚਾਹੀਦੀ ਤੇ ਚੋਰ ਮੌਰੀ ਰਾਹੀਂ ਰਾਜਨੀਤੀ ਕਰ ਰਹੇ ਨੇਤਾਵਾਂ ਨਾਲ ਸਬੰਧ ਰੱਖਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਦੋ ਮਤੇ ਪੇਸ਼ ਕੀਤੇ ਗਏ। ਪਹਿਲੇ ਮਤੇ ਵਿੱਚ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਗੁਰੂ ਨਾਨਕ ਜੀ ਦੇ 550 ਵੇਂ ਜਨਮ ਦਿਹਾੜੇ ਦੇ ਮੌਕੇ ਤੇ ਪੰਜਾਬੀ ਬੋਲੀ ਅਤੇ ਪੰਜਾਬੀ ਸਭਿਆਚਾਰ ਨੂੰ ਪ੍ਰਫੁਲਤ ਕਰਨ ਵਾਸਤੇ ਘੱਟੋ-ਘੱਟ 100 ਕਰੋੜ ਰੁਪਏ ਵੱਖਰੇ ਖਰਚ ਕਰੇ।
ਦੂਸਰੇ ਮਤੇ ਵਿੱਚ ਦੇਸ਼-ਵਿਦੇਸ਼ ਦੇ ਆਗੂਆਂ ਨੂੰ ਸੰਦੇਸ਼ ਦਿੱਤਾ ਗਿਆ ਕਿ ਜੰਗ ਤੋਂ ਗੁਰੇਜ਼ ਕਰਕੇ ਗੁਰੂ ਨਾਨਕ ਜੀ ਦੇ ਸੰਦੇਸ਼ ਅਨੁਸਾਰ ਸੰਵਾਦ ਰਚਾਉਣ ਨੂੰ ਤਰਜੀਹ ਦੇਣ।