ਮੋਗਾ: ਜ਼ਿਲ੍ਹਾ ਸਿੱਖਿਆ ਅਫਸਰ ਨੇ ਸਕੂਲੀ ਵਿਦਿਆਰਥਣਾਂ ਲਈ ਜਾਗਰੂਕਤਾ ਕਿਤਾਬ ਕੀਤੀ ਜਾਰੀ
ਸੁਖਮੰਦਰ ਹਿੰਮਤਪੁਰੀ
ਮੋਗਾ, 30 ਮਈ 2021 - ਜ਼ਿਲਾ ਸਿੱਖਿਆ ਅਫਸਰ ਸੁਸ਼ੀਲ ਨਾਥ ਨੇ ਜ਼ਿਲਾ ਮੋਗਾ ਦੀਆਂ ਵਿਦਿਆਰਥਣਾਂ ਨੂੰ ਉਹਨਾਂ ਦੇ ਮਾਹਵਾਰੀ ਦਿਨਾਂ ਦੀ ਪੂਰੀ ਪ੍ਰਕਿਰਿਆ ਬਾਰੇ ਜਾਣਕਾਰੀ ਦੇਣ ਲਈ ‘ਮੈਂਸਟਰੂਪੀਡੀਆ ਕੌਮਿਕ‘ ਨਾਮ ਦੀ ਇਕ ਜਾਗਰੂਕਤਾ ਕਿਤਾਬ ਸਕੂਲਾਂ ਲਈ ਜਾਰੀ ਕੀਤੀ । ਇਸ ਮੌਕੇ ਉੱਪ ਜ਼ਿਲਾ ਸਿੱਖਿਆ ਅਫਸਰ ਰਾਕੇਸ਼ ਕੁਮਾਰ ਮੱਕੜ, ਆਈ ਸੀ ਟੀ ਕੋਆਰਡੀਨੇਟਰ ਦਿਲਬਾਗ ਸਿੰਘ, ਵੋਕੇਸ਼ਨਲ ਕੋਆਰਡੀਨੇਟਰ ਅਮਰਜੀਤ ਸਿੰਘ, ਸਟੇਟ ਐਵਾਰਡੀ ਤੇਜਿੰਦਰ ਸਿੰਘ ਜਸ਼ਨ ਹਾਜ਼ਰ ਸਨ।
ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਸੁਸ਼ੀਲ ਨਾਥ ਨੇ ਦੱਸਿਆ ਕਿ ਕਿਸ਼ੋਰ ਅਵਸਥਾ ਵਿਚੋਂ ਲੰਘ ਰਹੀਆਂ ਬੱਚੀਆਂ ਲਈ ਇਹ ਕਿਤਾਬ ਕਾਫੀ ਲਾਹੇਵੰਦ ਸਾਬਿਤ ਹੋਵੇਗੀ। ਉਹਨਾਂ ਕਿਹਾ ਕਿ ਇਹ ਕਿਤਾਬਾਂ ਸਕੂਲਾਂ ਦੀਆਂ ਲਾਇਬਰੇਰੀਆਂ ਵਿਚ ਰੱਖੀਆਂ ਜਾਣਗੀਆਂ ਅਤੇ ਕਿਸ਼ੋਰ ਅਵਸਥਾ ਵਾਲੀਆਂ ਸਾਰੀਆਂ ਵਿਦਿਆਰਥਣਾਂ ਨੂੰ ਇਹ ਕਿਤਾਬਾਂ ਪੜਨ ਲਈ ਪ੍ਰੇਰਿਤ ਕੀਤਾ ਜਾਵੇਗਾ ਤਾਂ ਕਿ ਉਹ ਆਪਣੇ ਜੀਵਨ ਦੇ ਅਹਿਮ ਪੜਾਅ ਦੌਰਾਨ ਆਪਣੀ ਸਿਹਤ ਅਤੇ ਸਰੀਰਕ ਸਫ਼ਾਈ ਲਈ ਉਚੇਚਾ ਧਿਆਨ ਦੇ ਸਕਣ।
ਉਹਨਾਂ ਕਿਹਾ ਕਿ ‘ਉਡਾਣ‘ ਪ੍ਰੋਜੈਕਟ ਤਹਿਤ ਪੰਜਾਬੀ ਭਾਸ਼ਾ ਵਿੱਚ ਤਿਆਰ ਕੀਤੀ ਇਹ ਕਿਤਾਬ ਲੜਕੀਆਂ ਨੂੰ ਵਿਸ਼ੇਸ਼ ਦਿਨਾਂ ਬਾਰੇ ਸੇਧ ਦੇਣ ਵਾਲੀ ਕਿਤਾਬ ਹੈ। ਜ਼ਿਲਾ ਸਿੱਖਿਆ ਅਫਸਰ ਨੇ ਆਖਿਆ ਕਿ ਸਕੂਲਾਂ ਦੇ ਅਧਿਆਪਕ ਵਿਸ਼ੇਸ਼ਕਰ ਮਹਿਲਾ ਅਧਿਆਪਕ, ਇਸ ਲਾਡਲੀ ਮੀਡੀਆ ਐਵਾਰਡ ਜੇਤੂ ਕਿਤਾਬ ਨੂੰ ਪੜਨ ਵਾਸਤੇ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਨ ਤਾਂ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਹਿ ਨੂੰ ਸਫਲ ਕੀਤਾ ਜਾ ਸਕੇ।