ਸਮਾਜ ਅਤੇ ਜੀਵਨ-ਜਾਬ ਪੁਸਤਕ 'ਤੇ ਵਿਚਾਰ ਚਰਚਾ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ.ਨਗਰ, 21 ਜੁਲਾਈ 2023 - ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵੱਲੋਂ ਅੱਜ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਵਿਹੜੇ ਸੰਜੀਵ ਸਿੰਘ ਸੈਣੀ ਦੀ ਪੁਸਤਕ 'ਸਮਾਜ ਅਤੇ ਜੀਵਨ-ਜਾਚ ਨੂੰ ਲੋਕ ਅਰਪਣ ਅਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਸਮਾਗਮ ਦੇ ਆਰੰਭ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ 'ਜੀ ਆਇਆਂ ਨੂੰ' ਕਹਿੰਦਿਆਂ ਸੰਜੀਵ ਸਿੰਘ ਸੋਈ ਦੀ ਪੁਸਤਕ ਸਮਾਜ ਅਤੇ ਜੀਵਨ- ਜਾਚ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਆਖਿਆ ਕਿ ਕਵੀ ਨੇ ਆਪਣੇ ਨਿੱਜੀ ਤਜਰਬੇ ਨੂੰ ਵਿਲੱਖਣ ਸ਼ੈਲੀ ਰਾਹੀਂ ਪੁਸਤਕ ਦੇ ਰੂਪ ਵਿੱਚ ਪ੍ਰਗਟਾਇਆ ਹੈ। ਉਨ੍ਹਾਂ ਨੇ ਸਮੁੱਚੇ ਪ੍ਰਧਾਨਗੀ ਮੰਡਲ ਨਾਲ ਮਿਲ ਕੇ ਸੰਜੀਵ ਸਿੰਘ ਸੈਣੀ ਦੀ ਪੁਸਤਕ 'ਸਮਾਜ ਅਤੇ ਜੀਵਨ-ਜਾਚ' ਨੂੰ ਲੋਕ ਅਰਪਣ ਵੀ ਕੀਤਾ। ਡਾ. ਬੋਹਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਲਾਭ ਸਿੰਘ ਖੀਵਾ ਨੇ ਪੁਸਤਕ 'ਤੇ ਬੋਲਦਿਆਂ ਕਿਹਾ ਕਿ ਸੰਜੀਵ ਸਿੰਘ ਸੋਈ ਨੇ ਹਥਲੀ ਪੁਸਤਕ ਵਿਚ ਨਵੇਂ ਪ੍ਰਯੋਗ ਕੀਤੇ ਹਨ। ਇਸ ਪੁਸਤਕ ਵਿਚਲੇ ਵਿਵਿਧ ਭਾਂਤੀ ਲੇਖ ਮਨੁੱਖੀ ਜੀਵਨ ਜਾਚ ਦੇ ਆਲੇ ਦੁਆਲੇ ਘੁੰਮਦੇ ਹਨ ਅਤੇ ਲੇਖਕ ਨੇ ਅਜੋਕੀ ਜੀਵਨ ਸ਼ੈਲੀ ਦੀ ਪ੍ਰਤੱਖ ਨਿਸ਼ਾਨਦੇਹੀ ਕਰਕੇ ਪਾਠਕ ਨੂੰ ਇਸ ਦਾ ਕੁਪ੍ਰਭਾਵਾਂ ਤੋਂ ਸੁਚੇਤ ਕਰਨ ਦਾ ਯਤਨ ਕੀਤਾ ਹੈ। ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਬਾਲ ਲੇਖਕ ਬਲਜਿੰਦਰ ਮਾਨ ਵੱਲੋਂ ਆਖਿਆ ਗਿਆ ਕਿ ਲੇਖਕ ਨੇ ਸਮਾਜਿਕ ਮੁਸ਼ਕਿਲਾਂ ਨੂੰ ਕਲਮਬੰਧ ਕਰਦੇ ਹੋਏ ਲੋਕਾਂ ਦੇ ਦਰਦ ਨੂੰ ਸਰਲ ਤੇ ਸਪਸ਼ਟ ਬੋਲੀ ਵਿੱਚ ਪੇਸ਼ ਕੀਤਾ ਹੈ ਜੋ ਆਸਾਨੀ ਨਾਲ ਲੋਕਾਂ ਦੀ ਸਮਝ ਵਿਚ ਆ ਜਾਂਦੀ ਹੈ। ਸੁਰਿੰਦਰ ਪਾਲ ਕੌਰ ਬਰਨਾਲਾ ਵੱਲੋਂ ਪ੍ਰਭਾਵਪੂਰਨ ਪਰਚਾ ਪੜ੍ਹਦੇ ਹੋਏ ਕਿਹਾ ਕਿ ਇਹ ਪੁਸਤਕ ਸਮਾਜਕ ਪ੍ਰਸਥਿਤੀਆਂ ਦਾ ਸੀਸਾ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਸਾਹਮਣੇ ਰੱਖਦੀ ਹੈ। ਲੇਖਕ ਸਧਾਰਨ ਵਿਸ਼ਿਆਂ ਨੂੰ ਨਿਵੇਕਲੇ ਅਤੇ ਵਿਲੱਖਣ ਅੰਦਾਜ਼ ਵਿੱਚ ਪੇਸ਼ ਕਰਕੇ ਨਰੋਏ ਸਮਾਜਿਕ ਪ੍ਰਬੰਧ ਦੀ ਸਿਰਜਣਾ ਲਈ ਯਤਨਸ਼ੀਲ ਹੈ। ਲੇਖਕ ਸੰਜੀਵ ਸਿੰਘ ਸੌਈ ਵੱਲੋਂ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਬੋਲਦਿਆਂ ਆਖਿਆ ਗਿਆ ਕਿ ਮੇਰੇ ਚੌਗਿਰਦੇ ਵਿੱਚੋਂ ਮੇਰੇ ਅਵਚੇਤਨ ਮਨ ਨੇ ਜੋ ਵੀ ਗ੍ਰਹਿਣ ਕੀਤਾ ਮੈਂ ਉਸ ਨੂੰ ਆਪਣੀ ਕਲਮ ਦਾ ਵਿਸ਼ਾ ਬਣਾਇਆ ਹੈ।
ਸ੍ਰੀਮਤੀ ਪ੍ਰਭਜੋਤ ਕੌਰ ਢਿੱਲੋਂ ਅਨੁਸਾਰ ਲੇਖਕ ਨੇ ਨਿਮਰਤਾ, ਸਾਦਗੀ ਅਤੇ ਸਫਲਤਾ ਦਾ ਗੁਣ ਅਪਣਾ ਕੇ ਨਰੋਏ ਸਮਾਜ ਦੀ ਸਿਰਜਣਾ ਦਾ ਬੀੜਾ ਚੁੱਕਿਆ ਹੈ। ਸ਼੍ਰੀਮਤੀ ਚਰਨਜੀਤ ਕੌਰ ਅਨੁਸਾਰ ਲੇਖਕ ਨੇ ਬਹੁਤ ਹੀ ਅਤਿ-ਗੰਭੀਰ ਵਿਸ਼ਿਆ ਨੂੰ ਛੋਹਿਆ ਹੈ ਅਤੇ ਹਰ ਇੱਕ ਲੇਖਕ ਨੂੰ ਆਪਣਾ ਫ਼ਰਜ਼ ਪਛਾਣਦੇ ਹੋਏ ਸਮਾਜ ਦੇ ਵਿਕਾਸ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਪ੍ਰਿੰ. ਬਹਾਦਰ ਸਿੰਘ ਗੋਸਲ ਅਨੁਸਾਰ ਵਿਲੱਖਣ ਤਰੱਕੀ ਦੇ ਬਾਵਜੂਦ ਸਾਡੇ ਸਮਾਜ ਵਿੱਚ ਜੋ ਊਣਤਾਈਆ ਆ ਰਹੀਆਂ ਹਨ, ਇਹ ਪੁਸਤਕ ਉਨ੍ਹਾਂ ਉਣਤਾਈਆਂ ਨੂੰ ਉਤਾਰ ਕੇ ਲੋਕਾਂ ਨੂੰ ਸੁਚੇਤ ਕਰਦੀ ਹੈ। ਸਮੂਹ ਬੁਲਾਰਿਆਂ ਵੱਲੋਂ ਦਫਤਰ ਜਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਕਾਰਜ ਸ਼ੈਲੀ ਅਤੇ ਸੁਹਜਮਈ ਸਿੱਖ ਦੀ ਸਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ।
ਰਜਿੰਦਰ ਸਿੰਘ ਰਸੀਆ ਅਤੇ ਜਗਤਾਰ ਸਿੰਘ ਜੋਂਗ ਵੱਲੋਂ ਗ਼ਜ਼ਲ ਗਾਇਨ ਕਰਕੇ ਮਾਹੌਲ ਨੂੰ ਖੂਬਸੂਰਤ ਬਣਾਇਆ ਗਿਆ। ਕਰਮਜੀਤ ਸਿੰਘ ਬੰਗਾ ਵੱਲੋਂ ਬਾਬੂ ਰਜਬ ਅਲੀ ਦੇ 72 ਕਲੀਆਂ ਛੰਦ ਅਤੇ ਧਿਆਨ ਸਿੰਘ ਕਾਹਲੋਂ ਵੱਲੋਂ ਆਪਣੀ ਕਵਿਤਾ ਸਰੋਤਿਆਂ ਸਾਹਮਣੇ ਪੇਸ਼ ਕੀਤੀ ਗਈ। ਇਹਨਾਂ ਤੋਂ ਇਲਾਵਾ ਵਿਚਾਰ ਚਰਚਾ ਵਿੱਚ ਗੁਰਚਰਨ ਸਿੰਘ, ਮਨਜੀਤ ਪਾਲ ਸਿੰਘ, ਕਰਨਲ ਅਮਰਜੀਤ ਸਿੰਘ ਢਿੱਲੋਂ, ਕਮਲਜੀਤ ਸਿੰਘ ਬਨਵੈਤ, ਸਤਵੀਰ ਕੌਰ, ਰਾਜੀਵ ਚੋਪੜਾ, ਸੁਖਮਨ ਸਿੰਘ, ਜਗਜੀਤ ਸਿੰਘ, ਜਸਵੀਰ ਸਿੰਘ ਗੋਸਲ, ਰਵਿੰਦਰ ਵੈਸ਼ਨਵ ਡੇਰਾਬੱਸੀ, ਮਨਜੀਤ ਸਿੰਘ, ਜਤਿੰਦਰਪਾਲ ਸਿੰਘ ਅਤੇ ਲਖਵਿੰਦਰ ਸਿੰਘ ਵਲੋਂ ਵੀ ਸਿਰਕਤ ਕੀਤੀ ਗਈ।