ਸਮਰਾਲਾ ਇਲਾਕੇ ਵਿੱਚ “ਜੀਵੇ ਧਰਤਿ ਹਰਿਆਵਲੀ “ ਲਹਿਰ ਦਾ ਆਗੂ ਗੁਰਪ੍ਰੀਤ ਸਿੰਘ ਬੇਦੀ - ਗੁਰਭਜਨ ਗਿੱਲ
ਸਮਰਾਲਾ, 14 ਅਗਸਤ 2024 - ਗੁਰਪ੍ਰੀਤ ਸਿੰਘ ਬੇਦੀ ਸਮਰਾਲਾ ਇਲਾਕੇ ਵਿੱਚ ਉਹ ਕਰਮਯੋਗੀ ਹੈ ਜਿਸ ਨੇ ਹਾਕੀ ਖਿਡਾਰੀ ਤੇ ਚੰਗੇ ਫੋਟੋਗ੍ਰਾਫਰ ਹੋਣ ਦੇ ਨਾਲ ਨਾਲ ਹਾਕੀ ਕਲੱਬ ਸਮਰਾਲਾ ਦੇ ਸਾਥੀ ਸਹਿਯੋਗੀਆਂ ਦੀ ਮਦਦ ਨਾਲ ਪਿਛਲੇ 15 ਸਾਲ ਤੋਂ “ਜੀਵੇ ਧਰਤਿ ਹਰਿਆਵਲੀ”ਲਹਿਰ ਅਧੀਨ ਲਗਪਗ 1.5 ਲੱਖ ਬੂਟੇ ਸਮਰਾਲਾ ਅਤੇ ਨਾਲ ਲੱਗਵੇਂ ਪਿੰਡਾ ਵਿੱਚ ਲੁਆਏ ਅਤੇ ਪਾਲ਼ੇ ਹਨ। ਵਾਤਾਵਰਣ ਦੇ ਖੇਤਰ ਵਿੱਚ ਇਹ ਮਿਸਾਲੀ ਕਾਰਜ ਹੈ। ਵੱਡੀ ਗੱਲ ਇਹ ਹੈ ਕਿ ਇੱਕ ਇੱਕ ਬੂਟੇ ਦਾ ਹਿਸਾਬ ਕੰਪਿਊਟਰ ਵਿੱਚ ਸਾਭਿਆ ਪਿਆ ਹੈ।
ਕਈ ਸਾਲ ਪਹਿਲਾਂ ਗੁਰਪ੍ਰੀਤ ਪਹਿਲੀ ਵਾਰ ਮੈਨੂੰ ਕਿੱਥੇ ਮਿਲਿਆ, ਪੱਕਾ ਯਾਦ ਨਹੀਂ ਪਰ ਪਿਆਰੇ ਨਿੱਕੇ ਵੀਰ ਰਾਮ ਦਾਸ ਬੰਗੜ ਦੇ ਕਹਾਣੀ ਸੰਗ੍ਰਹਿ ਦੇ ਸ਼ਾਹੀ ਸਪੋਰਟਸ ਕਾਲਿਜ ਸਮਰਾਲਾ ਵਿਚਲੀ ਮੁਲਾਕਾਤ ਯਾਦ ਹੈ। ਉਸ ਦੀਆਂ ਅੱਖਾਂ ਵਿਚਲੀ ਚਮਕ ਹੁਣ ਵੀ ਯਾਦ ਹੈ ਜਦ ਉਸ ਹੁੱਬ ਕੇ ਦੱਸਿਆ ਕਿ ਸਮਰਾਲਾ ਰੇਲਵੇ ਸਟੇਸ਼ਨ ਤੇ ਹਾਕੀ ਕਲੱਬ ਵੱਲੋਂ ਅਸੀਂ ਦਰਖ਼ਤ ਲਗਾਏ ਹਨ ਤੇ ਆਪ ਹੀ ਪਾਲ਼ ਰਹੇ ਹਾਂ।
ਉਸ ਮਗਰੋਂ ਲਗਾਤਾਰ ਜਾਣਕਾਰੀ ਮਿਲਦੀ ਰਹੀ ਕਿ ਕਿਵੇਂ ਤੇ ਕਿੱਥੇ ਕਿੱਥੇ
ਗੁਰਪ੍ਰੀਤ ਸਿੰਘ ਬੇਦੀ ਦੀ ਅਗਵਾਈ ਹੇਠ ਸਮਰਾਲਾ ਹਾਕੀ ਕਲੱਬ ਵੱਲੋਂ ਰੁੱਖ ਲਗਾਉਣ ਦਾ ਸ਼ੁਭ ਕਾਰਜ ਕੀਤਾ ਜਾ ਰਿਹਾ ਹੈ।
ਸਮਰਾਲਾ ਸ਼ਹਿਰ ਵਿੱਚ ਇਸ ਟੀਮ ਨੇ 2007 ਵਿੱਚ ਵਾਤਾਵਰਨ ਨੂੰ ਬਚਾਉਣ ਲਈ 100 ਬੂਟੇ ਸਮਰਾਲਾ ਸ਼ਹਿਰ ਦੀਆਂ ਸੜਕਾਂ ਦੇ ਵਿਚਕਾਰ ਲਗਾ ਕੇ ਇਸ ਚੰਗੇ ਕਾਰਜ ਦੀ ਸ਼ੁਰੂਆਤ ਕੀਤੀ ਸੀ, ਜੋ ਅੱਜ ਵੀ ਨਿਰੰਤਰ ਜਾਰੀ ਹੈ। ਸਾਲ 2008 ਵਿੱਚ ਗੁਰਪ੍ਰੀਤ ਅਸਟ੍ਰਰੇਲੀਆ ਚਲੇ ਗਏ ਤੇ 2010 ਵਿੱਚ ਵਾਪਸ ਆ ਕੇ ਫਿਰ ਤੋਂ ਵਾਤਾਵਰਨ ਨੂੰ ਬਚਾਉਣ ਲਈ ਹੰਭਲਾ ਸ਼ੁਰੂ ਕੀਤਾ। ਆਪਣੇ ਸਾਥੀਆਂ ਨਾਲ ਇਸ ਮੁਹਿੰਮ ਨੂੰ ਅੱਗੇ ਤੋਰਨ ਲਈ ਸਮਰਾਲਾ ਹਾਕੀ ਕਲੱਬ ਵਿੱਚ ਮੈਂਬਰਾਂ ਨੂੰ ਜੋੜਨਾ ਸ਼ੁਰੂ ਕੀਤਾ।
ਗੁਰਪ੍ਰੀਤ ਸਿੰਘ ਬੇਦੀ ਦੀ ਸਮਰਾਲਾ ਹਾਕੀ ਕਲੱਬ ਦੇ ਪ੍ਰਧਾਨ ਚੁਣੇ ਜਾਣ ਉਪਰੰਤ ਕਲੱਬ ਹੋਰ ਬੁਲੰਦੀਆਂ ਵੱਲ ਤੁਰਨ ਲੱਗਾ ਅਤੇ ਇਸ ਕਲੱਬ ਵਿੱਚ ਔਰਤਾਂ ਨੇ ਵੀ ਅੱਗੇ ਵਧ ਕੇ ਆਪਣੀ ਸ਼ਮੂਲੀਅਤ ਕਰਨੀ ਸ਼ੁਰੂ ਕੀਤੀ ਅਤੇ ਮੈਂਬਰ ਬਣ, ਵਾਤਾਵਰਨ ਦੀ ਸਾਂਭ ਸੰਭਾਲ ਲਈ ਖ਼ੁਦ ਅੱਗੇ ਹੋ ਕੇ ਬੂਟਿਆਂ ਨੂੰ ਲਗਾਉਣ ਲੱਗੀਆਂ।
ਹੌਲੀ ਹੌਲੀ ਇਹ ਬੂਟੇ ਲਾਉਣ ਦੀ ਮੁਹਿੰਮ ਇੱਕ ਲਹਿਰ ਬਣ ਗਈ। ਸਾਰੇ ਮੈਂਬਰ ਇੱਕਜੁੱਟ ਹੋ ਕੇ ਸਮਰਾਲਾ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਵਿੱਚ ਜੁਟ ਗਏ।
ਸਾਲ 2010 ਵਿੱਚ ਹਾਕੀ ਕਲੱਬ ਨੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਦੀ ਰਹਿਨੁਮਾਈ ਹੇਠ 10000 ਬੂਟਾ ਸਮਰਾਲਾ ਇਲਾਕੇ ਵਿੱਚ ਲਗਾਇਆ ਗਿਆ। ਸਾਲ 2011 ਵਿੱਚ 10000 ਬੂਟਾ ਸਮਰਾਲਾ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਲਗਾਇਆ। ਅਗਲੇ ਸਾਲ 2012 ਅਤੇ 2013 ਵਿੱਚ ਦੀ ਸਮਰਾਲਾ ਹਾਕੀ ਕਲੱਬ ਨੇ ਗੁਰਪ੍ਰੀਤ ਸਿੰਘ ਬੇਦੀ ਦੀ ਅਗਵਾਈ ਹੇਠ ਸਮਰਾਲਾ ਸ਼ਹਿਰ, ਵੱਖ ਵੱਖ ਪਿੰਡਾਂ ਅਤੇ ਮਾਛੀਵਾੜਾ ਇਲਾਕੇ ਦੇ ਬੇਟ ਇਲਾਕੇ ਵਿੱਚ 10000 - 10000 ਬੂਟਾ ਲਗਾਇਆ।
ਗੁਰਪ੍ਰੀਤ ਸਿੰਘ ਬੇਦੀ ਨੇ ਵਾਤਾਵਰਨ ਦੀ ਸੰਭਾਲ ਨੂੰ ਹੋਰ ਅੱਗੇ ਤੋਰਦੇ ਹੋਏ ਸਮਰਾਲਾ ਸ਼ਹਿਰ ਦੇ ਰੇਲਵੇ ਸਟੇਸ਼ਨ ਨੂੰ ਹਰਿਆ ਭਰਿਆ ਬਣਾਉਣ ਦਾ ਅਹਿਦ ਲਿਆ। ਜਿਸਦੀ ਖੂਬਸੂਰਤੀ ਅੱਜ ਦੇਖਣਯੋਗ ਹੈ। ਸਮਰਾਲਾ ਰੇਲਵੇ ਸਟੇਸ਼ਨ ਅੱਜ ਹਰੇਕ ਤਰ੍ਹਾਂ ਦਾ ਵਿਰਾਸਤੀ, ਛਾਂਦਾਰ, ਫਲਦਾਰ, ਫੁੱਲਦਾਰ ਬੂਟਾ ਮਿਲ ਜਾਵੇਗਾ। ਰੇਲਵੇ ਸਟੇਸ਼ਨ ਉਤੇ ਵੱਖ ਵੱਖ ਕਿਸਮਾਂ ਦੇ 6000 ਦੇ ਕਰੀਬ ਬੂਟੇ ਲੱਗੇ ਹੋਏ ਹਨ।
ਗੁਰਪ੍ਰੀਤ ਸਿੰਘ ਬੇਦੀ ਤੇ ਸਾਥੀਆਂ ਨੇ ਸਾਲ 2016 ਵਿੱਚ ਰੇਲਵੇ ਸਟੇਸ਼ਨ ਦੀ ਖਾਲੀ ਪਈ ਜਮੀਨ ਉੱਤੇ ਮਿੰਨੀ ਵਿਰਾਸਤੀ ਜੰਗਲ ਲਗਾਇਆ ਗਿਆ ਹੈ। ਅੱਜ ਜਦੋਂ ਵੀ ਰੇਲਵੇ ਰਾਹੀਂ ਸਫਰ ਕਰ ਰਹੇ ਯਾਤਰੀ ਸਮਰਾਲੇ ਦਾ ਰੇਲਵੇ ਸਟੇਸ਼ਨ ਦੇਖਦੇ ਹਨ ਤਾਂ ਉਨ੍ਹਾਂ ਦੇ ਮੂੰਹੋਂ ਮੱਲੋ ਮੱਲੀ ਵਾਤਾਵਰਨ ਪ੍ਰੇਮੀਆਂ ਪ੍ਰਤੀ ਦਿਲੋਂ ਦੁਆਵਾਂ ਨਿਕਲ ਜਾਂਦੀਆਂ ਹਨ।
ਸਾਲ 2013 ਵਿੱਚ ਬੱਚਿਆਂ ਵਿੱਚ ਵਾਤਵਰਨ ਦੀ ਸੰਭਾਲ ਦੀ ਰੁਚੀ ਪੈਦਾ ਕਰਨ ਲਈ ਵੱਖ ਵੱਖ ਸਕੂਲਾਂ ਦੇ ਵਾਤਾਵਰਨ ਦੀ ਸੰਭਾਲ ਲਈ ਪੇਟਿੰਗ ਮੁਕਾਬਲੇ ਕਰਵਾਏ ਗਏ ਅਤੇ ਇੱਕ ਵੱਡਾ ਸਮਾਗਮ ਵਾਤਾਵਰਨ ਦੀ ਸੰਭਾਲ ਸਬੰਧੀ ਕਰਵਾਇਆ ਗਿਆ ਜਿਸ ਵਿੱਚ ਪਦਮਸ੍ਰੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਬਤੌਰ ਮੁੱਖ ਮਹਿਮਾਨ ਪਹੁੰਚੇ ਅਤੇ ਜੇਤੂ ਬੱਚਿਆਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।
ਸਾਲ 2014 ਵਿੱਚ ਗੁਰਪ੍ਰੀਤ ਸਿੰਘ ਬੇਦੀ ਦੀ ਟੀਮ ਵੱਲੋਂ 15000 ਦੇ ਕਰੀਬ ਬੂਟਾ ਲਗਾਇਆ ਗਿਆ ਤੇ 2015 ਵਿੱਚ ਕਲੱਬ ਵੱਲੋਂ 10000 ਬੂਟਾ ਲਗਾਇਆ।
ਵਾਤਾਵਰਨ ਦੀ ਸੰਭਾਲ ਸਬੰਧੀ ਇੱਕ ਵੱਡਾ ਸਮਾਗਮ ਵੀ ਕਰਵਾਇਆ ਗਿਆ, ਜਿਸ ਵਿੱਚ ਬੱਚਿਆਂ ਦੇ ਪੇਟਿੰਗ ਮੁਕਾਬਲੇ ਕਰਵਾਏ ਗਏ ਅਤੇ ਬੱਚਿਆਂ ਨੂੰ ਨਕਦ ਇਨਾਮ ਦਿੱਤੇ ਗਏ। ਇਨਾਮ ਵੰਡਣ ਲਈ ਹਾਕੀ ਖਿਡਾਰੀ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਬਤੌਰ ਮੁੱਖ ਮਹਿਮਾਨ ਪੁੱਜੇ। ਸਾਲ 2016 ਵਿੱਚ ਕਲੱਬ ਵੱਲੋਂ 13000 ਬੂਟਾ ਅਤੇ ਸਾਲ 2017 ਵਿੱਚ 10000 ਬੂਟਾ ਲਗਾਇਆ ਗਿਆ। ਸਾਲ 2018 ਵਿੱਚ 9300 ਬੂਟਾ,2019 ਵਿੱਚ 5200 ਬੂਟਾ , ਸਾਲ 2020 ਵਿੱਚ ਕਰੋਨਾ ਕਹਿਰ ਕਾਰਨ ਸਿਰਫ਼ 2000 ਬੂਟਾ ਤੇ 2021 ਵਿੱਚ 4700 ਬੂਟਾ ਲਗਾਇਆ ਗਿਆ।
ਸਾਲ 2022 ਵਿੱਚ 10000 ਬੂਟਾ ਲਗਾਇਆ ਅਤੇ ਸਾਲ 2023 ਵਿੱਚ 15000 ਦੇ ਕਰੀਬ ਬੂਟੇ ਲਗਾਏ।
ਇਸ ਤਰ੍ਹਾਂ 14 ਸਾਲਾਂ ਵਿੱਚ ਦੀ ਸਮਰਾਲਾ ਹਾਕੀ ਕਲੱਬ ਵੱਲੋਂ ਕਰੀਬ 1 ਲੱਖ 45 ਹਜਾਰ ਦੇ ਕਰੀਬ ਬੂਟੇ ਲਗਾਏ ਗਏ। ਇਹ ਬੂਟੇ ਸਮਰਾਲਾ ਇਲਾਕੇ ਵਿੱਚ ਸੀਮਤ ਨਾ ਰਹਿ ਕੇ ਫਰੀਦਕੋਟ, ਗੁਰਾਇਆ, ਰਾਏਕੋਟ ਤੇ ਜਲੰਧਰ ਏਰੀਆ ਵਿੱਚ ਵੱਖ ਵੱਖ ਕਲੱਬਾਂ ਨਾਲ ਰਲ ਕੇ ਲਗਾਏ ਗਏ।
ਦੀ ਸਮਰਾਲਾ ਹਾਕੀ ਕਲੱਬ ਵੱਲੋਂ ਮੇਰੀ ਪ੍ਰੇਰਨਾ ਨਾਲ ਪਿਛਲੇ ਦੋ ਸਾਲਾਂ ਤੋਂ ਘਰ ਘਰ ਦੇ ਅੰਦਰ ਫਲਦਾਰ ਬੂਟੇ ਲਗਾਉਣੇ ਸ਼ੁਰੂ ਕੀਤੇ ਹੋਏ ਹਨ, ਜਿਸ ਵਿੱਚ ਕਰੀਬ 1300 ਘਰਾਂ ਅੰਦਰ ਇਹ ਬੂਟੇ ਲਗਾਏ ਜਾ ਚੁੱਕੇ ਹਨ। ਲੋਕ ਬੜੇ ਚਾਅ ਨਾਲ ਆਪਣੇ ਜਨਮ ਦਿਨ, ਵਿਆਹ ਵਰ੍ਹੇਗੰਢ, ਮਾਪਿਆਂ ਦੀ ਯਾਦ ਵਿੱਚ ਫ਼ਲਦਾਰ ਬੂਟੇ ਲਗਾਉਂਦੇ ਹਨ। ਅਜੇ ਵੀ ਇਹ ਮੁਹਿੰਮ ਲਗਾਤਾਰ ਜਾਰੀ ਹੈ।
ਇਸ ਤੋਂ ਇਲਾਵਾ ਮੋਗਾ ਸ਼ਹਿਰ ਅਤੇ ਨਾਲ ਲੱਗਦੇ ਕਰੀਬ 3500 ਘਰਾਂ ਵਿੱਚ ਫਲਦਾਰ ਬੂਟੇ ਵੀ ਲਗਾਏ ਗਏ ਹਨ।
ਦੀ ਸਮਰਾਲਾ ਹਾਕੀ ਕਲੱਬ ਵੱਲੋਂ ਸਾਲ 2021-22 ਵਿੱਚ ਸਮਰਾਲਾ ਤਹਿਸੀਲ ਅਧੀਨ ਪੈਂਦੇ ਪਿੰਡ ਭੰਗਲਾਂ ਦੀ ਪੰਚਾਇਤੀ ਦੋ ਏਕੜ ਜਮੀਨ ਵਿੱਚ 2300 ਬੂਟਿਆਂ ਦਾ ਵਿਰਾਸਤੀ ਜੰਗਲ ਵੀ ਲਗਾਇਆ ਹੈ। ਜਿਸ ਵਿੱਚ ਧਮੋਟ (ਲੁਧਿਆਣਾ) ਦੇ ਜੰਮਪਲ ਤੇ ਅੰਤਰ ਰਾਸ਼ਟਰੀ ਸਾਈਕਲਿਸਟ ਸ. ਗੁਰਪ੍ਰੀਤ ਸਿੰਘ ਗਿੱਲ ਡੀ. ਆਈ. ਜੀ. (ਪੰਜਾਬ ਪੁਲਿਸ) ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।
ਦੀ ਸਮਰਾਲਾ ਹਾਕੀ ਕਲੱਬ ਵੱਲੋਂ ਸਾਲ 2014 ਤੋਂ ਪੰਛੀਆਂ ਨੂੰ ਬਚਾਉਣ ਲਈ 5500 ਦੇ ਕਰੀਬ ਆਲ੍ਹਣੇ ਵੀ ਲਗਾਏ ਜਾ ਚੁੱਕੇ ਹਨ। ਵੱਡੀ ਗੱਲ ਇਹ ਹੈ ਕਿ ਪ੍ਰਸਿੱਧ ਲੋਕ ਗਾਇਕ ਮਨਮੋਹਣ ਵਾਰਸ, ਕਮਲ ਹੀਰ, ਰਵਿੰਦਰ ਗਰੇਵਾਲ ਵੀ ਇਸ ਕਲੱਬ ਨਾਲ ਮੁਹਿੰਮ ਦਾ ਹਿੱਸਾ ਬਣਦੇ ਆ ਰਹੇ ਹਨ।
ਦੀ ਸਮਰਾਲਾ ਹਾਕੀ ਕਲੱਬ ਮੁੱਢ ਤੋਂ ਹਾਕੀ ਖੇਡ ਨਾਲ ਵੀ ਜੁੜਿਆ ਹੋਇਆ ਹੈ।
ਇਸ ਦੇ ਜਿਆਦਾਤਰ ਮੈਂਬਰ ਹਾਕੀ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹਨ, ਸਾਲ 2022 ਵਿੱਚ ਦਿੱਲੀ ਵਿਖੇ ਹੋਈਆਂ ਮਾਸਟਰ ਖੇਡਾਂ ਵਿੱਚ ਪੰਜਾਬ ਦੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ ਅਤੇ ਇਸੇ ਸਾਲ ਬੈਗਲੌਰ ਵਿਖੇ ਹੋਈਆਂ ਮਾਸਟਰ ਖੇਡਾਂ ਵਿੱਚ ਪੰਜਾਬ ਦੀ ਟੀਮ ਨੂੰ ਪਹਿਲਾ ਸਥਾਨ ਦਿਵਾ ਕੇ ਸੋਨੇ ਦਾ ਤਮਗਾ ਪੰਜਾਬ ਦੀ ਝੋਲੀ ਪਾਇਆ। ਸਾਲ 2023 ਵਿੱਚ ਦਿੱਲੀ ਵਿਖੇ ਹੋਈਆਂ ਮਾਸਟਰ ਖੇਡਾਂ ਵਿੱਚ ਪੰਜਾਬ ਨੂੰ ਮੁੜ ਸੋਨੇ ਦਾ ਤਮਗਾ ਦਿਵਾਇਆ।
ਇਹ ਇਸ ਕਲੱਬ ਦੀ ਸਰਬਪੱਖਤਾ ਦੀ ਨਿਸ਼ਾਨੀ ਹੈ।
ਅੱਜ ਪੰਜਾਬ ਦੇ ਮੱਥੇ ਤੇ ਕਲੰਕਿਤ ਵਰਕੇ ਲਿਖਣ ਵਾਲੇ ਦੁਸ਼ਮਣ ਸੱਜਣ ਬਹੁਤ ਹਨ ਜੋ ਪੰਜਾਬ ਦਾ ਹੇਜ ਪ੍ਰਗਟਾਉਂਦਿਆਂ ਵੱਡਾ ਨੁਕਸਾਨ ਕਰ ਰਹੇ ਹਨ ਪਰ ਪੰਜਾਬ ਦੇ ਰੌਸ਼ਨ ਸਫ਼ੇ ਲਿਖਣ ਵਾਲੇ ਇਹੋ ਜਹੇ ਨੌਜਵਾਨਾਂ ਦੀ ਪਿੱਠ ਥਾਪੜਨ ਦੀ ਕਿਸੇ ਨੂੰ ਵਿਹਲ ਨਹੀਂ।
ਮੇਰਾ ਦਿਲ ਕਰਦਾ ਹੈ ਕਿ ਜੇਕਰ ਮੇਰਾ ਵੱਸ ਚੱਲੇ ਤਾਂ ਇਸ ਟੀਮ ਨੂੰ ਰਾਸ਼ਟਰੀ ਪੱਧਰ ਤੇ ਕੌਮੀ ਸਨਮਾਨ ਦੇਵਾਂ।
ਸੱਤਾਵਾਨ ਤੇ ਸੱਤਾਹੀਣ ਸਿਆਸੀ ਮਿੱਤਰਾਂ ਨੂੰ ਬੇਨਤੀ ਹੈ ਕਿ ਕਦੇ ਬਿਨ ਦੱਸਿਆਂ ਸਮਰਾਲਾ ਸ਼ਹਿਰ ਤੇ ਇਲਾਕੇ ਵਿੱਚ ਜਾਣਾ। ਰੁੱਖ ਆਪ ਹੀ ਦੱਸਣਗੇ ਕਿ ਸਾਡਾ ਦੁੱਖ ਸੁਖ ਪੁਛਣ ਵਾਲੇ ਕੌਣ ਨੇ।
ਗੁਰਪ੍ਰੀਤ ਸਿੰਘ ਬੇਦੀ ਦਾ ਸੰਪਰਕ ਨੰਬਰ 95697 66676 ਹੈ। ਤੁਹਾਡੇ ਦੋ ਸ਼ਬਦ ਵੀ ਉਨ੍ਹਾਂ ਦੀ ਟੀਮ ਨੂੰ ਦੇਸੀ ਘਿਉ ਵਾਂਗ ਲੱਗਣਗੇ।
ਗੁਰਪ੍ਰੀਤ ਸਿੰਘ ਬੇਦੀ ਤੇ ਉਸ ਦੇ ਹਾਕੀ ਕਲੱਬ ਸਾਥੀ ਜ਼ਿੰਦਾਬਾਦ।