ਸੁਲਤਾਨਪੁਰ ਲੋਧੀ: 11 ਨਵੰਬਰ 2019 - ਮੋਗਾ ਵੱਸਦੇ ਨਾਮਵਰ ਪੰਜਾਬੀ ਕਵੀ ਤੇ ਸੀਨੀਅਰ ਸਮਾਜਿਕ ਆਗੂ ਕਰਨਲ ਬਾਬੂ ਸਿੰਘ ਬੁੱਘੀਪੁਰਾ ਦੇ ਗੁਰੂ ਨਾਨਕ ਦੇਵ ਜੀ ਤੇ ਹੋਰ ਧਾਰਮਿਕ ਵਿਸ਼ਿਆਂ ਬਾਰੇ ਗੀਤ ਸੰਗ੍ਰਹਿ ਨੂੰ ਸੁਲਤਾਨਪੁਰ ਲੋਧੀ ਵਿਖੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ,ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਲੋਕ ਅਰਪਨ ਕੀਤਾ।
ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ ਕਰਨਲ ਬਾਬੂ ਸਿੰਘ ਜੀ ਦਾ ਇਹ ਗੀਤ ਸੰਗ੍ਰਿਹ ਸਰੋਦੀ ਸ਼ਬਦਾਂ ਦੇ ਸਹਾਰੇ ਆਪਣਾ ਮੁਲਾਂਕਣ ਕਰਾਵੇਗੀ। ਪ੍ਰੋ: ਰਵਿੰਦਰ ਭੱਠਲ ਨੇ ਕਿਹਾ ਕਿ ਕਵਿਤਾ ਵਿੱਚ ਸਰੋਦੀ ਅੰਦਾਜ਼ ਸੁੰਗੜ ਰਿਹਾ ਹੈ ਪਰ ਕਰਨਲ ਬਾਬੂ ਸਿੰਘ ਜੀ ਨੇ ਸਰੋਦੀ ਭਾਵਨਾ ਦਾ ਕਦੇ ਵੀ ਪੱਲਾ ਨਹੀਂ ਛੱਡਿਆ। ਇਹ ਮੁਬਾਰਕ ਵਾਲੀ ਘੜੀ ਹੈ ਕਿ ਗੁਰੂ ਨਾਨਕ ਪਾਤਿਸ਼ਾਹ ਦੇ ਚਰਨ ਛੋਹ ਪ੍ਰਾਪਤ ਸ਼ਹਿਰ ਵਿੱਚ ਉਨ੍ਹਾਂ ਦਾ ਗੀਤ ਸੰਗ੍ਰਹਿ ਲੋਰ ਅਰਪਿਤ ਹੋ ਰਿਹਾ ਹੈ।
ਪੁਸਤਕ ਦੀ ਜਾਣ ਪਛਾਣ ਕਰਵਾਉਂਦਿਆਂ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਕਰਨਲ ਬਾਬੂ ਸਿੰਘ ਮਿੱਠੇ ਗੀਤਾਂ ਦਾ ਸਿਰਜਕ ਹੈ ਜਿਸਨੇ ਇਸ ਪੁਸਤਕ ਤੋਂ ਪਹਿਲਾਂ ਅੱਖਰਾਂ ਦੀ ਮਹਿਕ ਤੇ ਬੋਲਦੇ ਅੱਖਰ ਕੋਂ ਇਲਾਵਾ ਬੱਤਿਆਂ ਲਈ ਵਿਰਸੇ ਦੇ ਵਾਰਸਾਂ ਨੂੰ ਪ੍ਰਕਾਸ਼ਤ ਕੀਤਾ ਹੈ। ਪੰਜਾਬੀ ਸਾਹਿੱਤ ਅਕਾਡਮੀ ਦੇ ਜੀਵਨ ਮੈਂਬਰ ਕਰਨਲ ਬਾਬੂ ਸਿੰਘ ਲੰਮਾ ਸਮਾਂ ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਦੇ ਪ੍ਰਧਾਨ ਅਤੇ ਸੈਨਿਕ ਭਲਾਈ ਕਾਰਜਾਂ ਚ ਸਰਗਰਮ ਰਹੇ ਹਨ। ਮਾਣ ਵਾਲੀ ਗੱਲ ਹੈ ਕਿ ਉਹ ਨਵਾਂ ਗੀਤ ਸੰਗ੍ਰਹਿ ਸੁਲਤਾਨਪੁਰ ਲੋਧੀ ਵਿਖੇ ਸੰਗਤਾਂ ਲਈ ਅਰਪਣ ਆਏ ਹਨ।
ਨਾਮਵਰ ਪੰਜਾਬੀ ਕਵੀ ਮਨਜਿੰਦਰ ਸਿੰਘ ਧਨੋਆ ਨੇ ਕਿਹਾ ਕਿ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਹ ਗੀਤ ਸੰਗ੍ਰਹਿ ਰੱਬੀ ਰਮਜ਼ਾਂ ਛੇੜਦੀ ਹੈ। ਉਨ੍ਹਾਂ ਕਿਹਾ ਕਿ ਨਾਮਵਰ ਗੀਤਕਾਰ ਬਾਬੂ ਸਿੰਘ ਮਾਨ ਨੇ ਇਸ ਗੀਤ ਸੰਗ੍ਰਹਿ ਨੂੰ ਆਸ਼ੀਰਵਾਦ ਦਿੰਦਿਆਂ ਲਿਖਿਆ ਹੈ ਕਿ ਕਰਨਲ ਬਾਬੂ ਸਿੰਘ ਗੁਰੂ ਨਾਨਕ ਦੇਵ ਜੀ ਗੀ ਇਲਾਹੀ ਬਾਣੀ ਅਤੇ ਫ਼ਲਸਫ਼ੇ ਉੱਤੇ ਵਿਸ਼ਵਾਸ ਰੱਖਣ ਵਾਲੀ ਸੱਚੀ ਸੁੱਚੀ ਅਤੇ ਉੱਚੀ ਸੋਚ ਦੇ ਮਾਲਕ ਹੋਣ ਕਰਕੇ ਹੀ ਦਮਦਾਰ ਗੀਤ ਲਿਖ ਸਕੇ ਹਨ।
ਇਸ ਮੌਕੇ ਉੱਘੇ ਕਾਲਮ ਨਵੀਸ ਡਾ:,ਸੁਰਜੀਤ ਸਿੰਘ ਦੌਧਰ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਕਰਨਲ ਬਾਬੂ ਸਿੰਘ ਮੋਗੇ ਦੀ ਮਾਣਮੱਤੀ ਸਾਹਿੱਤਕ ਹਸਤੀ ਹਨ।
ਕਰਨਲ ਬਾਬੂ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਆਡੰਬਰ ਮੁਕਤ ਕੀਤਾ ਸੀ ਇਸੇ ਕਰਕੇ ਗੁਰੂ ਨਗਰੀ ਚ ਇਹ ਗੀਤ ਸੰਗ੍ਰਹਿ ਸੁਲਤਾਨਪੁਰ ਲੋਧੀ ਵਿਖੇ ਸੰਗਤ ਅਰਪਣ ਕਰਨ ਆਇਆ ਹਾਂ। ਇਸ ਮੌਕੇ ਡਾ. ਅਜੀਤਕੰਵਲ ਸਿੰਘ, ਹਰਪਾਲ ਸਿੰਘ ਬਰਾੜ , ਪ੍ਰਭਜੋਤ ਸਿੰਘ, ਰਵੀ ਇੰਦਰ ਸਿੰਘ, ਹਰਮੀਤ ਸਿੰਘ ਢਿੱਲੋਂ , ਕੇ ਪੀ ਸਿੰਘ ਤੇ ਨਿਰਮਲ ਮਾਨਸ਼ਾਹੀਆ ਹਾਜ਼ਰ ਸਨ