ਲੁਧਿਆਣਾ, 17 ਅਕਤੂਬਰ 2019 - 1978 ਤੋਂ ਸਾਹਿਤ ,ਸਭਿਆਚਾਰ ਤੇ ਲੋਕ ਸੰਗੀਤ ਦੇ ਖੇਤਰ ਚ ਡੂੰਘੀ ਛਾਪ ਛੱਡਣ ਵਾਲੇ 41ਵੇਂ ਯੁਗ ਕਵੀ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲੇ 'ਤੇ 9 ਸਿਰਕੱਢ ਸ਼ਖ਼ਸੀਅਤਾਂ ਨੂੰ ਵੱਖ ਵੱਖ ਸ਼ਖਸੀਅਤਾਂ ਦੇ ਨਾਮ ਤੇ ਸਥਾਪਤ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਹ ਐਲਾਨ ਅੱਜ ਏਥੇ ਲਿਖਤੀ ਬਿਆਨ ਵਿੱਚ ਪੁਰਸਕਾਰ ਚੋਣ ਕਮੇਟੀ ਦੇ ਮੈਂਬਰਾਂ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ, ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ, ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਧਾਲੀਵਾਲ, ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਤੇ ਸਕੱਤਰ ਡਾ: ਗੁਰਇਕਬਾਲ ਸਿੰਘ ਨੇ ਕਰਦਿਆਂ ਦੱਸਿਆ ਕਿ ਭਾਈ ਮਰਦਾਨਾ ਯਾਦਗਾਰੀ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨ ਲੋਕ ਗਾਇਕ ਤੇ ਮੈਂਬਰ ਪਾਰਲੀਮੈਂਟ ਜਨਾਬ ਮੁਹੰਮਦ ਸਦੀਕ ਜੀ ਨੂੰ, ਡਾ: ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਪੁਰਸਕਾਰ ਸਿਰਮੌਰ ਪੰਜਾਬੀ ਲੇਖਕ ਤੇ ਪੱਤਰਕਾਰ ਸ: ਗੁਲਜ਼ਾਰ ਸਿੰਘ ਸੰਧੂ ਜੀ ਨੂੰ, ਸ: ਅਲਬੇਲ ਸਿੰਘ ਸੰਚਾਰ ਸ਼੍ਰੀ ਪੁਰਸਕਾਰ ਸ:ਤੀਰਥ ਸਿੰਘ ਢਿੱਲੋਂ ਜੀ ਨੂੰ, ਪ੍ਰਿੰਸੀਪਲ ਸੰਤ ਸਿੰਘ ਸੇਖੋਂ ਯਾਦਗਾਰੀ ਪੁਰਸਕਾਰ ਭਾਰਤ ਸਰਕਾਰ ਦੇ ਮਾਸਿਕ ਪੱਤਰ ਯੋਜਨਾ ਦੇ ਸਾਬਕਾ ਮੁੱਖ ਸੰਪਾਦਕ
ਸ਼੍ਰੀ ਬਲਬੀਰ ਮਾਧੋਪੁਰੀ ਜੀ ਨੂੰ, ਅੰਮ੍ਰਿਤਾ ਪ੍ਰੀਤਮ ਜਨਮ ਸ਼ਤਾਬਦੀ ਪੁਰਸਕਾਰ ਦੇਸ਼ ਵੰਡ ਦੀਆਂ ਯਾਦਾਂ ਸੰਭਾਲਦੇ ਫਿਲਮਕਾਰ ਤੇ ਲਿਖਾਰੀ ਡਾ: ਸਾਂਵਲ ਧਾਮੀ ਜੀ ਨੂੰ,ਉੱਘੇ ਹਾਕੀ ਓਲੰਪੀਅਨ ਤੇ ਭਾਰਤੀ ਹਾਕੀ ਟੀਮ ਦੇ ਲੰਮਾ ਸਮਾਂ ਮੁੱਖ ਕੋਚ ਰਹੇ ਸ: ਬਾਲਕ੍ਰਿਸ਼ਨ ਸਿੰਘ ਗਰੇਵਾਲ ਯਾਦਗਾਰੀ ਖੇਡ ਪੁਰਸਕਾਰ ਖੇਡ ਲਿਖਾਰੀ ਤੇ ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਸ: ਨਵਦੀਪ ਸਿੰਘ ਗਿੱਲ ਜੀ ਨੂੰ, ਸ: ਜਗਦੇਵ ਸਿੰਘ ਜੱਸੋਵਾਲ ਯਾਦਗਾਰੀ ਪੁਰਸਕਾਰ ਉੁੱਘੇ ਤੇ ਸੁੱਚੇ ਸੁਥਰੇ ਲੋਕ ਗਾਇਕ ਪੰਮਾ ਡੂਮੇਵਾਲ ਜੀ ਨੂੰ,ਡਾ: ਅਜਮੇਰ ਸਿੰਘ ਯਾਦਗਾਰੀ ਖੇਡ ਪੁਰਸਕਾਰ ਅੰਤਰ ਰਾਸ਼ਟਰੀ ਖਿਡਾਰਨ ਬੀਬਾ ਹਰਜੀਤ ਕੌਰ ਢੀਂਡਸਾ ਜੀ ਤੇ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਸੰਪਾਦਕ ਪੰਜਾਬੀ ਤੇ ਉੱਘੇ ਕਵੀ ਡਾ: ਜਗਵਿੰਦਰ ਸਿੰਘ ਜੋਧਾ ਜੀ ਨੂੰ ਪ੍ਰੋ: ਮੋਹਨ ਸਿੰਘ ਯਾਦਗਾਰੀ ਕਵਿਤਾ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ।
ਫਾਉਂਡੇਸ਼ਨ ਦੇ ਪ੍ਰਧਾਨ ਸ: ਪਰਗਟ ਸਿੰਘ ਗਰੇਵਾਲ ਨੇ ਦੱਸਿਆ ਕਿ 20 ਅਕਤੂਬਰ ਨੂੰ ਪ੍ਰੋ: ਮੋਹਨ ਸਿੰਘ ਜੀ ਦਾ 115ਵਾਂ ਜਨਮ ਦਿਵਸ ਹੈ।
ਪੰਜਾਬੀ ਸਾਹਿੱਤ ਅਕਾਡਮੀ ਦੇ ਸਹਿਯੋਗ ਨਾਲ ਫਾਉਂਡੇਸ਼ਨ ਵੱਲੋਂ ਪੜਜਾਬੀ ਭਵਨ ਵਿਖੇ ਸੈਮੀਨਾਰ ਤੇ ਕਵੀ ਦਰਬਾਰ ਕੀਤਾ ਜਾਵੇਗਾ। ਸੈਮੀਨਾਰ ਵਿੱਚ ਮੁੱਖ ਭਾਸ਼ਨ ਭਾਰਤ ਵਿੱਚ ਭਾਸ਼ਾ ਦਾ ਸਵਾਲ ਤੇ ਪੰਜਾਬੀ ਦਾ ਭਵਿੱਖ ਵਿਸ਼ੇ ਤੇ ਡਾ: ਰਾਜਿੰਦਰਪਾਲ ਸਿੰਘ ਬਰਾੜ ਦਾ ਹੋਵੇਗਾ। ਮੁੱਖ ਮਹਿਮਾਨ ਡਾ: ਸ ਪ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਹੋਣਗੇ। ਵਿਸ਼ੇਸ਼ ਮਹਿਮਾਨ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਪ੍ਰਧਾਨਗੀ ਪ੍ਰੋ: ਰਵਿੰਦਰ ਭੱਠਲ ਕਰਨਗੇ। ਸੁਆਗਤੀ ਸ਼ਬਦ ਡਾ: ਸੁਰਜੀਤ ਸਿੰਘ ਜਨ: ਸਕੱਤਰ , ਡਾ: ਗੁਰਇਕਬਾਲ ਸਿੰਘ ਤੇ ਸ: ਗੁਰਨਾਮ ਸਿੰਘ ਧਾਲੀਵਾਲ ਕਹਿਣਗੇ। ਇਸ ਮੌਕੇ ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਕਵੀ ਦਰਬਾਰ ਕੀਤਾ ਜਾਵੇਗਾ ਜਿਸ ਚ ਸਥਾਨਕ ਪੰਜਾਬੀ ਕਵੀ ਜਸਵੰਤ ਜਫ਼ਰ, ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਡਾ: ਪਰਮਜੀਤ ਸੋਹਲ , ਡਾ: ਦੇਵਿੰਦਰ ਦਿਲਰੂਪ, ਡਾ: ਜਗਵਿੰਦਰ ਜੋਧਾ,ਜਸਪ੍ਰੀਤ ਕੌਰ ਫਲਕ, ਸਵਰਨਜੀਤ ਸਵੀ, ਜਸਲੀਨ , ਸ਼ਿਵ ਲੁਧਿਆਣਵੀ, ਹਰਬੰਸ ਮਾਲਵਾ,ਅਮਰਜੀਤ ਸ਼ੇਰਪੁਰੀ, ਤਰਸੇਮ ਨੂਰ, ਸਹਿਜਪ੍ਰੀਤ ਸਿੰਘ ਮਾਂਗਟ, ਕਰਮਜੀਤ ਗਰੇਵਾਲ ਲਲਤੋਂ,ਭਗਵਾਨ ਢਿੱਲੋਂ, ਜਸਪ੍ਰੀਤ ਤੇ ਨੀਲੂ ਬੱਗਾ ਭਾਗ ਲੈਣਗੇ।
1 ਤੇ 2 ਨਵੰਬਰ ਨੂੰ ਗੁਰੂ ਹਰਕ੍ਰਿਸ਼ਨ ਗਰਲਜ਼ ਕਾਲਿਜ ਫੱਲੇਵਾਲ( ਸੰਗਰੂਰ) ਵਿਖੇ ਦੋ ਰੋਜ਼ਾ ਵਿਸ਼ਾਲ ਸਭਿਆਚਾਰਕ ਮੇਲਾ ਕਰਵਾਇਆ ਜਾਵੇਗ। ਜਿਸ ਚ ਸ: ਗੁਲਜ਼ਾਰ ਸਿੰਘ ਸੰਧੂ, ਜਨਾਬ ਮੁਹੰਮਦ ਸਦੀਕ ਐੱਮ ਪੀ, ਡਾ: ਸਾਂਵਲ ਧਾਮੀ,ਬਲਬੀਰ ਮਾਧੋਪੁਰੀ, ਨਵਦੀਪ ਸਿੰਘ ਗਿੱਲ, ਤੀਰਥ ਸਿੰਘ ਢਿੱਲੋਂ ,ਪੰਮਾ ਡੂਮੇਵਾਲ ਤੇ ਹਰਜੀਤ ਕੌਰ ਢੀਂਡਸਾ ਨੂੰ 2 ਨਵੰਬਰ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਸ ਕਾਲਿਜ ਚ ਹੀ ਪਹਿਲੀ ਨਵੰਬਰ ਨੂੰ ਪੰਜਾਬ ਆਰਟਸ ਕੌਂਸਲ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਪ੍ਰੋ: ਮੋਹਨ ਸਿੰਘ ਯਾਦਗਾਰੀ ਕਵੀ ਦਰਬਾਰ ਚ ਪੰਦਰਾਂ ਪਰਮੁੱਖ ਪੰਜਾਬੀ ਕਵੀ ਭਾਗ ਲੈਣਗੇ।