ਗੁਰਭਜਨ ਗਿੱਲ
ਲੁਧਿਆਣਾ 31 ਜਨਵਰੀ 2018 :
ਅਮਰੀਕਾ ਦੇ ਕੈਲੇਫੋਰਨੀਆ ਸੂਬੇ ਦੇ ਸ਼ਹਿਰ ਸਟਾਕਟਨ ਵਿੱਚ ਵੱਸਦੇ ਪੰਜਾਬੀ ਕਵੀ ਦਿਲਜਿੰਦਰ ਸਹੋਤਾ ਨੂੰ ਲੋਕ ਵਿਰਾਸਤ ਅਕੈਡਮੀ ਵੱਲੋਂ ਬੀਤੀ ਸ਼ਾਮ ਸਨਮਾਨਿਤ ਕੀਤਾ ਗਿਆ।
ਦਿਲਜਿੰਦਰ ਸਹੋਤਾ ਬਾਰੇ ਜਾਣਕਾਰੀ ਦਿੰਦਿਆਂ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਬਦੇਸ਼ਾਂ ਚ ਵੱਸਦੇ ਸਾਡੇ ਲੇਖਕ ਪੱਤਰਕਾਰ,ਮੀਡੀਆਕਰਮੀ ਤੇ ਸਭਿਆਚਾਰਕ ਕਾਮੇ ਪੰਜਾਬੀਅਤ ਦੇ ਬਿਨ ਤਨਖਾਹੋਂ ਰਾਜਦੂਤ ਹਨ। ਦੂਸਰੇ ਭਾਈਚਾਰਿਆਂ ਚ ਇਨ੍ਹਾਂ ਦਾ ਵਿਹਾਰ ਤੇ ਸਦਾਚਾਰ ਹੀ ਅਸਰਦਾਰ ਢੰਗ ਨਾਲ ਪਹੁੰਚਣਾ ਹੈ।
ਦਿਲਜਿੰਦਰ ਸਹੋਤਾ ਨੇ ਕਿਹਾ ਕਿ ਅਸ਼ਲੀਲਤਾ, ਹਥਿਆਰਾਂ ਦੀ ਮਹਿਮਾ ਤੇ ਗੁੰਡਾ ਸਭਿਆਚਾਰ ਵਾਲੇ ਗੀਤ ਅਤੇ ਵੀਡੀਓ ਬਦੇਸ਼ਾਂ ਚ ਵੱਸਦੀ ਜਵਾਨੀ ਨੂੰ ਵੀ ਕੁਰਾਹੇ ਪਾ ਰਹੇ ਹਨ। ਇਸ ਪਾਸੇ ਸਭ ਜ਼ੁੰਮੇਵਾਰ ਧਿਰਾਂ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਅਮਰੀਕਾ ਚ ਹੁਣ ਘਟੀਆ ਬੋਲੀਂ ਵਾਲੇ ਗੀਤ ਸੰਗੀਤ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।
ਜਲੰਧਰ ਜ਼ਿਲ੍ਹੇ ਚ ਗੋਰਾਇਆ ਨੇੜੇ ਬੜਾ ਪਿੰਡ ਦੇ ਜੰਮਪਲ ਸ: ਸਹੋਤਾ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਚ ਕਰਵਾਏ ਗਏ ਪਰਵਾਸੀ ਸਾਹਿੱਤ ਅਧਿਐਨ ਵਿਸ਼ਵ ਸੰਮੇਲਨ ਲਈ ਪੰਜਾਬ ਆਏ ਹੋਏ ਹਨ।
ਉਨ੍ਹਾਂ ਨੂੰ ਤੇਜ ਪਰਤਾਪ ਸਿੰਘ ਸੰਧੂ ਤੇ ਅਨੁਰਾਗ ਸਿੰਘ ਵੱਲੋਂ ਲਿਖੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅੰਗਰੇਜ਼ੀ ਚ ਪ੍ਰਕਾਸ਼ਿਤ ਪੁਸਤਕ ਰਾਗ ਰਤਨ,ਲੋਕ ਸਾਹਿੱਤ ਸੁਹਾਗ, ਘੋੜੀਆਂ ਤੇ ਲੰਮੀ ਹੇਕ ਵਾਲੇ ਗੀਤਾਂ ਦਾ ਸੰਗ੍ਰਹਿ ਸ਼ਗਨਾਂ ਵੇਲਾ(ਸੰਪਾਦਕ ਪ੍ਰੋ: ਪਰਮਜੀਤ ਕੌਰ ਨੂਰ )ਚਰਨਜੀਤ ਸਿੰਘ ਤੇਜਾ ਵੱਲੋਂ ਤਿਆਰ ਕਾਇਦਾ ਪਹਿਲੀ ਪੁਸਤਕ ਤੇ ਹਰਪ੍ਰੀਤ ਸੰਧੂ ਐਡਵੋਕੇਟ ਦੀ ਭਾਰਤ-ਯੂਰਪ ਦੇਸ਼ਾਂ ਦੇ ਤੁਲਨਾਤਮਕ ਕਾਨੂੰਨ ਅਧਿਐਨ ਬਾਰੇ ਕਿਤਾਬਾਂ ਵੀ ਭੇਂਟ ਕੀਤੀਆਂ ਗਈਆਂ।