ਲੁਧਿਆਣਾ, 23 ਮਾਰਚ 2019: ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਪੰਜਾਬ ਲੋਕ ਵਿਰਾਸਤ ਅਕਾਡਮੀ ਵੱਲੋਂ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਵਿਖੇ ਕਰਵਾਏ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਅਫਸਰ ਅਤੇ ਉੱਘੇ ਲੇਖਕ ਨਵਦੀਪ ਸਿੰਘ ਗਿੱਲ ਦੀ ਨਵੀਂ ਪੁਸਤਕ ' ਨੌਲੱਖਾ ਬਾਗ ਨੂੰ ਸਮਾਗਮ ਦੇ ਮੁੱਖ ਮਹਿਮਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘ,ਸ਼੍ਰੋਮਣੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ, ਪ੍ਰਸਿੱਧ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ, ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਤੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾਇਰੈਕਟਰ ਅਤੇ ਉਘੇ ਨਾਟਕਰਮੀ ਡਾ.ਨਿਰਮਲ ਜੌੜਾ ਨੇ ਲੋਕ ਅਰਪਨ ਕੀਤਾ।
ਸਮਾਰੋਹ ਦਾ ਸੰਚਾਲਨ ਕਰਦਿਆਂ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਗਿੱਲ ਨੇ ਦੱਸਿਆ ਕਿ ਨਵਦੀਪ ਸਿੰਘ ਗਿੱਲ ਦੀ ਇਹ ਚੌਥੀ ਪੁਸਤਕ ਹੈ। ਇਸ ਤੋਂ ਪਹਿਲਾ ਉਹ ਤਿੰਨ ਪੁਸਤਕਾਂ ਖੇਡਾਂ ਬਾਰੇ ਲਿਖ ਚੁਕਾ ਹੈ। ਜਿੰਨ੍ਹਾਂ ਦੇ ਨਾਮ 'ਖੇਡ ਅੰਬਰ ਦੇ ਪੰਜਾਬੀ ਸਿਤਾਰੇ', 'ਮੈਂ ਇਵੇਂ ਵੇਖੀਆਂ ਏਸ਼ਿਆਈ ਖੇਡਾਂ' ਤੇ 'ਅੱਖੀਂ ਵੇਖੀਆਂ ਓਲੰਪਿਕ ਖੇਡਾਂ' ਸਨ।
ਡਾ: ਐੱਸ ਪੀ ਸਿੰਘ ਨੇ ਅਦਬੀ ਜਗਤ ਵਿੱਚ ਇਸ ਨਵੀਂ ਪੁਸਤਕ ਦਾ ਸਵਾਗਤ ਕਰਦਿਆਂ ਕਿਹਾ ਕਿ ਨਵਦੀਪ ਵੱਲੋਂ ਲਿਖੀ ਇਹ ਕਿਤਾਬ ਇਕ ਤਰ੍ਹਾਂ ਨਾਲ ਜੀਵਨੀ ਮੂਲਕ ਸੰਪੂਰਨ ਦਸਤਾਵੇਜ਼ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਲਾਹੇਵੰਦ ਹੋਵੇਗੀ। ਉਨ੍ਹਾਂ ਕਿਹਾ ਕਿ ਲੇਖਕ ਨੇ ਸਾਹਿਤ ਤੇ ਸੱਭਿਆਚਾਰ ਦੀਆਂ ਨੌਂ ਪ੍ਰਸਿੱਧੀਆਂ ਹਸਤੀਆਂ ਦੇ ਜੀਵਨੀ ਮੂਲਕ ਵੱਡੇ ਰੇਖਾ ਚਿੱਤਰ ਲਿਖ ਕੇ ਇਤਿਹਾਸ ਨੂੰ ਸਾਂਭਣ ਦਾ ਉਪਰਾਲਾ ਕੀਤਾ ਹੈ।ਇਹ ਹਸਤੀਆਂ ਰਾਮ ਸਰੂਪ ਅਣਖੀ, ਓਮ ਪ੍ਰਕਾਸ਼ ਗਾਸੋ, ਜਗਦੇਵ ਸਿੰਘ ਜੱਸੋਵਾਲ, ਪ੍ਰੋ ਰਵਿੰਦਰ ਭੱਠਲ, ਪ੍ਰਿੰ ਸਰਵਣ ਸਿੰਘ, ਸਿੱਧੂ ਦਮਦਮੀ, ਗੁਰਭਜਨ ਗਿੱਲ, ਸ਼ਮਸ਼ੇਰ ਸਿੰਘ ਸੰਧੂ ਤੇ ਡਾ ਨਿਰਮਲ ਜੌੜਾ ਹਨ ਜਿਨ੍ਹਾਂ ਬਾਰੇ ਲੇਖਕ ਨੇ ਪੁਸਤਕ ਵਿੱਚ ਵਿਸਥਾਰ ਵਿੱਚ ਲਿਖਿਆ ਹੈ ਅਤੇ ਇਨ੍ਹਾਂ ਬਾਰ ਪਾਠਕਾਂ ਨੂੰ ਪਹਿਲੀ ਵਾਰ ਨਵੀਂ ਤੇ ਰੌਚਕ ਜਾਣਕਾਰੀ ਮਿਲਦੀ ਹੈ।ਉਨ੍ਹਾਂ ਕਿਹਾ ਕਿ ਨੌਂ ਵਿੱਚੋਂ ਤਿੰਨ ਓਮ ਪ੍ਰਕਾਸ਼ ਗਾਸੋ,ਸ਼ਮਸ਼ੇਰ ਸਿੰਘ ਸੰਧੂ ਤੇ ਗੁਰਭਜਨ ਗਿੱਲ ਮੇਰੇ ਮਾਣਮੱਤੇ ਵਿਦਿਆਰਥੀ ਰਹੇ ਹਨ।
ਬਰਨਾਲਾ ਤੋਂ ਆਏ ਨਾਵਲਕਾਰ ਓਮ ਪ੍ਰਕਾਸ਼ ਗਾਸੋ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਸ਼ਬਦ ਸੱਭਿਆਚਾਰ ਨਾਲ ਜੋੜਨ ਦੀ ਲੋੜ ਹੈ ਅਤੇ ਨੌਜਵਾਨ ਲੇਖਕਾਂ ਵੱਲੋਂ ਪੁਸਤਕਾਂ ਲਿਖਣਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਲੇਖਕ ਦੇ ਪਰਿਵਾਰ ਨਾਲ ਆਪਣੇ ਪੁਰਾਣੇ ਸੰਬੰਧਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਵਦੀਪ ਨੂੰ ਪੜ੍ਹਨ-ਲਿਖਣ ਦੀ ਗੁੜ੍ਹਤੀ ਆਪਣੇ ਪਿਤਾ ਸ: ਸੁਰਜੀਤ ਸਿੰਘ ਗਿੱਲ ਤੋਂ ਮਿਲੀ ਹੈ।
ਟੋਰੰਟੋ ਵੱਸਦੇ ਉੱਘੇ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਉਸ ਨੂੰ ਮਾਣ ਹੈ ਕਿ ਨਵਦੀਪ ਗਿੱਲ ਖੇਡ ਲੇਖਣੀ ਵਿੱਚ ਉਸ ਦਾ ਵਾਰਸ ਹੈ।ਉਨ੍ਹਾਂ ਕਿਹਾ ਕਿ ਲੇਖਕ ਨੇ ਆਪਣੀ ਊਰਜਾ ਨੂੰ ਸਹੀ ਪਾਸੇ ਲਾਇਆ ਹੈ ਅਤੇ ਆਸ ਕਰਦੇ ਹਾਂ ਕਿ ਆਉਂਦੇ ਸਮੇਂ ਵਿੱਚ ਕਲਮ ਹੋਰ ਵੀ ਅੱਗੇ ਵਧੇਗੀ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ
ਪ੍ਰੋ ਰਵਿੰਦਰ ਭੱਠਲ ਨੇ ਲੇਖਕ ਆਪਣੇ ਅਧਿਆਪਕ-ਵਿਦਿਆਰਥੀ ਰਿਸ਼ਤੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਵਦੀਪ ਬਣਨਾ ਖਿਡਾਰੀ ਚਾਹੁੰਦਾ ਸੀ ਪਰ ਉਸ ਵਿੱਚ ਸਮਰੱਥਾ ਖੇਡ ਲਿਖਾਰੀ ਬਣਨ ਦੀ ਸੀ। ਉਨ੍ਹਾਂ ਕਿਹਾ ਕਿ ਕਾਲਜ ਦੇ ਦਿਨਾਂ ਤੋਂ ਹੀ ਉਸ ਦਾ ਲੇਖਣੀ ਵਿੱਚ ਰੁਝਾਨ ਸੀ ਜੋ ਹੁਣ ਜਾਨੂੰਨ ਵਿੱਚ ਬਦਲ ਗਿਆ।
ਡਾ ਨਿਰਮਲ ਜੌੜਾ ਨੇ ਕਿਹਾ ਕਿ ਨਵਦੀਪ ਨੇ ਨੌਂ ਸਖਸ਼ੀਅਤਾਂ ਨੂੰ ਇਕ ਮਾਲਾ ਵਿੱਚ ਪਰੋ ਕੇ ਸਾਰਿਆਂ ਨੂੰ ਸਦੀਵੀ ਇਕ-ਦੂਜੇ ਨਾਲ ਜੋੜ ਦਿੱਤਾ।ਲੁਧਿਆਣਾ ਦੇ ਡੀ ਪੀ ਆਰ ਓ ਪ੍ਰਭਦੀਪ ਸਿੰਘ ਨੱਥੋਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਸਾਥੀ ਨੇ ਸਾਹਿਤ ਖੇਤਰ ਵਿੱਚ ਨਵੀਂ ਪੁਲਾਂਘ ਪੁੱਟੀ ਹੈ।
ਲੇਖਕ ਦੇ ਪਿਤਾ ਸੁਰਜੀਤ ਸਿੰਘ ਗਿੱਲ (ਸ਼ਹਿਣਾ)ਨੇ ਅੰਤ ਵਿੱਚ ਸਭਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਪ੍ਰੋ ਵਾਈਸ ਚਾਂਸਲਰ ਡਾ ਪ੍ਰਿਥੀਪਾਲ ਸਿੰਘ ਕਪੂਰ,ਅਮਰਦੀਪ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਬਾਨੀ ਚੇਅਰਮੈਨ ਗੁਰਚਰਨ ਸਿੰਘ ਸ਼ੇਰਗਿੱਲ, ਜੀ ਜੀ ਐਨ ਖਾਲਸਾ ਕਾਲਜ ਪ੍ਰਬੰਧਕੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਤਬਿੰਦਰ ਸਿੰਘ ਗ ਸ ਨਲੂਆ,ਹਰਦੀਪ ਸਿੰਘ,ਤੇ ਪ੍ਰਿੰਸੀਪਲ ਅਰਵਿੰਦਰ ਸਿੰਘ ਭੱਲਾ, ਲੁਧਿਆਣਾ ਦੇ ਏ.ਡੀ.ਸੀ.ਪੀ.-4 ਪਿਰਥੀਪਾਲ ਸਿੰਘ ਹੇਅਰ , ਜਸਬੀਰ ਸਿੰਘ ਗਰੇਵਾਲ,ਤਹਿਸੀਲਦਾਰ (ਪੱਛਮੀ) ਡਾ ਅਜੀਤ ਪਾਲ ਸਿੰਘ ਚਾਹਲ,ਸੱਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਜਸਮੇਰ ਸਿੰਘ ਢੱਟ,ਸੁਖਪਾਲ ਸਿੰਘ ਗਰੇਵਾਲ,ਮਨਜਿੰਦਰ ਸਿੰਘ ਧਨੋਆ, ਲੇਖਕ ਦੇ ਚਾਚਾ ਜੀ ਜਗਤਾਰ ਸਿੰਘ ਗਿੱਲ, ਏ ਪੀ ਆਰ ਓ ਪੁਨੀਤ ਪਾਲ ਸਿੰਘ ਗਿੱਲ, ਪ੍ਰਸਿੱਧ ਕਵੀ ਤ੍ਰੈਲੋਚਨ ਲੋਚੀ ਤੇ ਸਹਿਜਪ੍ਰੀਤ ਸਿੰਘ ਮਾਂਗਟ ਵੀ ਹਾਜ਼ਰ ਸਨ।
ਇਸ ਮੌਕੇ ਲੋਕ ਵਿਰਾਸਤ ਅਕਾਡਮੀ ਤੇ ਕਾਲਿਜ ਪ੍ਰਬੰਧਕਾਂ ਵੱਲੋਂ ਗੁਰਭਜਨ ਗਿੱਲ, ਡਾ: ਐੱਸ ਪੀ ਸਿੰਘ , ਡਾ: ਅਰਵਿੰਦਰ ਸਿੰਘ ਭੱਲਾ ਤੇ ਸਹਿਜਪ੍ਰੀਤ ਸਿੰਘ ਮਾਂਗਟ ਨੇ ਨਵਦੀਪ ਸਿੰਘ ਗਿੱਲ ਨੂੰ ਸ਼ਹੀਦਾਂ ਦੇ ਚਿਤਰ, ਸਨਮਾਨ ਚਿੰਨ ਦੇ ਦੋਸ਼ਾਲੇ ਨਾਲਸਨਮਾਨਿਤ ਕੀਤਾ ਗਿਆ।