ਸਾਹਿਤ ਕਲਾ ਮੰਚ ਵੱਲੋਂ ਮੁਨੀਸ਼ ਤੂਰ ਦੀ ਕਿਤਾਬ ਦੁਨੀਆ ਦੇ ਰੰਗ ਲੋਕ ਅਰਪਣ
ਸੇਵਾ ਮੁਕਤ ਡੀਐਸਪੀ ਰਘਵੀਰ ਸਿੰਘ ਨੇ ਕੀਤੀ ਕਿਤਾਬ ਰੀਲੀਜ਼
'ਖਿਡੌਣੇ ਲੱਗਣ ਯੋਧਿਆਂ ਨੂੰ ਵਾਟਰ ਕੈਂਨਨ ਗੱਡੀਆਂ,ਟੈਂਕ ਜਾਪਦੇ ਹਾਕਮਾਂ ਨੂੰ ਟ੍ਰੈਕਟਰ ਕਿਸਾਨਾਂ ਦੇ'
ਰਾਜਪੁਰਾ, 4 ਮਾਰਚ (ਕੁਲਵੰਤ ਸਿੰਘ ਬੱਬੂ) : ਸਾਹਿਤ ਕਲਾ ਮੰਚ ਰਾਜਪੁਰਾ ਵੱਲੋਂ ਉੱਭਰਦੇ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਰੋਟਰੀ ਭਵਨ ਵਿਖੇ ਸਮਾਗਮ ਕੀਤਾ ਗਿਆ ਜਿਸ ਵਿਚ ਉੱਘੇ ਲੇਖਕ ਅਤੇ ਸੇਵਾ ਮੁਕਤ ਡੀਐਸਪੀ ਪੰਜਾਬ ਪੁਲਿਸ ਰਘਵੀਰ ਸਿੰਘ ਨੇ ਬਤੌਰ ਮੁੱਖ ਮਹਿਮਾਨ ਅਤੇ ਹਰਜੀਤ ਸਿੰਘ ਸੱਧਰ ਤੇ ਹਰਜਿੰਦਰ ਕੌਰ ਸੱਧਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਮੰਚ ਦਾ ਸੰਚਾਲਨ ਸਟੇਟ ਅਵਾਰਡੀ ਲੇਖਕ ਅਲੀ ਰਾਜਪੁਰਾ ਨੇ ਕੀਤਾ।ਇਸ ਮੌਕੇ ਉੱਭਰਦੇ ਨੌਜਵਾਨ ਲੇਖਕ ਮਨੀਸ਼ ਤੂਰ ਦੀ ਕਿਤਾਬ 'ਦੁਨੀਆ ਦੇ ਰੰਗ'ਲੋਕ ਅਰਪਣ ਕੀਤੀ ਗਈ।ਕਿਤਾਬ ਵਿਚ ਹਰ ਵਿਸ਼ੇ ਨੂੰ ਛੁੰਹਦੀਆਂ 133 ਕਵਿਤਾਵਾਂ ਹਨ।ਇਸ ਉਪਰੰਤ ਸਮਾਗਮ ਵਿਚ ਪਹੁੰਚੇ ਹੋਏ ਲੇਖਕਾਂ, ਕਵੀਆਂ ਅਤੇ ਗੀਤਕਾਰ ਨੇ ਆਪਣੀਆਂ ਆਪਣੀਆਂ ਰਚਨਾਵਾਂ ਪੜ੍ਹੀਆਂ।
ਸਮਾਗਮ ਦੌਰਾਨ ਆਏ ਹੋਏ ਮਹਿਮਾਨਾਂ ਨੂੰ ਲੋਈਆਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ।ਲੇਖਕ ਕੁਲਦੀਪ ਸਿੰਘ ਸਾਹਿਲ ਨੇ ਧੰਨਵਾਦੀ ਮਤਾ ਪੜ੍ਹਿਆ।ਬਾਲ ਲੇਖਕ ਦਰਸ਼ਨ ਸਿੰਘ ਬਨੂੜ ਨੇ 'ਧਰਤ ਬਚਾਲੋ' ਭੁਪਿੰਦਰ ਖਡੋਲੀ ਨੇ 'ਖਿਡੌਣੇ ਲੱਗਣ ਯੋਧਿਆਂ ਨੂੰ ਵਾਟਰ ਕੈਂਨਨ ਗੱਡੀਆਂ,ਟੈਂਕ ਜਾਪਦੇ ਹਾਕਮਾਂ ਨੂੰ ਟ੍ਰੈਕਟਰ ਕਿਸਾਨਾਂ ਦੇ' ਕੁਲਵੰਤ ਜੱਸਲ ਨੇ ਗੀਤ 'ਜਿਹੜਾ ਘਰੇ ਕਰੇ ਮਾਪਿਆਂ ਦੀ ਸੇਵਾ, ਤੀਰਥਾਂ ਦੀ ਲੋੜ ਕੋਈ ਨਾ' ਹਰਜਿੰਦਰ ਕੌਰ ਸੱਧਰ ਨੇ 'ਫੁੱਲ ਤੇ ਸ਼ਬਨਮ,ਅੱਖ ਵਿਚ ਮੋਤੀ' ਸੁਰਿੰਦਰ ਸਿੰਘ ਸੋਹਣਾ ਨੇ ਨਾ ਕਲਮ ਮਿਲੇ ਨਾ ਕਾਗ਼ਜ਼, ਕੀ ਸਿਫ਼ਤ ਕਰਾਂ ਮੈਂ ਨਾਰੀ ਦੀ' ਗੁਰਮੋਹਨ ਸੰਧਾਰਸੀ ਨੇ ਕਵਿਤਾ'ਪਾਣੀ ਪੰਜ ਦਰਿਆਵਾਂ ਦੇ ਇੱਕੋ ਲਹਿਜ਼ੇ ਵਿਚ ਵਹਿਣ' ਤਾਰਾ ਸਿੰਘ ਮਠਿਆਰਾ ਨੇ ਕਿਸਾਨੀ ਸੰਘਰਸ਼ 'ਤੇ ਕਵੀਸ਼ਰੀ ਸੁਣਾਈ। ਸੁੱਚਾ ਸਿੰਘ ਗੰਢਾ ਨੇ ਵਾਰਤਕ ਦੇ ਕੁੱਝ ਅੰਸ਼, ਹਰਪ੍ਰੀਤ ਸਿੰਘ ਧਰਮਗੜ੍ਹ ਨੇ ਕਿਸਾਨੀ ਧਰਨੇ 'ਤੇ ਪੁਆਧੀ ਵਿਚ ਨਜ਼ਮ, ਕਰਮ ਸਿੰਘ ਹਕੀਰ ਨੇ ਕਵਿਤਾ 'ਧੀਆਂ ਦੀ ਮਨਮਰਜ਼ੀ ਇੱਥੇ ਨੀ ਚਲਦੀ,ਨਰਸੀ ਰਾਮ ਫ਼ੌਜੀ ਨੇ ਕਵਿਤਾ ਇਕ ਹੋਰ ਮਾਏ ਤੇਰੇ ਪੁੱਤ ਦੀ,ਸ਼ਿਫ਼ਟਾਂ 'ਚ ਲੰਘ ਗਈ ਦੀਵਾਲੀ ਨੀ',ਅੰਗਰੇਜ਼ ਕਲੇਰ ਨੇ ਸ਼ੇਅਰ 'ਜੀ ਕਰਦਾ ਤੇਰੇ ਹੋਠਾਂ 'ਤੇ ਇਕ ਵੰਝਲੀ ਧਰ ਜਾਵਾਂ, ਹਰਜੀਤ ਸੱਧਰ ਨੇ ਗ਼ਜ਼ਲ 'ਹਿੱਕ ਦੇ ਜ਼ੋਰੀ ਮੈਂ ਅੰਬਰ ਨੂੰ ਛੂਹਣਾ ਏ ਅਤੇ ਜੱਸ ਬੱਗਾ ਨੇ ਗੀਤ ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲ਼ਿਓਂ ਸੁਣਾ ਕੇ ਵਾਹ ਵਾਹ ਖੱਟੀ।
ਇਸ ਮੌਕੇ ਕੁਲਦੀਪ ਸਿੰਘ,ਪਰਮਵੀਰ ਸਿੰਘ,ਕੋਮਲਦੀਪ,ਦਰਸ਼ਨ ਸਿੰਘ ਮਿੱਠਾ, ਪ੍ਰੀਤਮ ਸਿੰਘ ਅਤੇ ਦਿਲਸ਼ੈਨਜੋਤ ਕੌਰ ਤੋਂ ਇਲਾਵਾ ਹੋਰ ਸਖਸ਼ੀਅਤਾਂ ਮੌਜੂਦ ਸਨ।