ਸਰੀ, ਕੈਨੇਡਾ, 20 ਜੂਨ, 2017 : ਉੱਤਰੀ ਅਮਰੀਕਾ ਦੀ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬ ਭਵਨ ਸਰੀ ਵਿਖੇ ਕਰਵਾਈ ਇਕੱਤਰਤਾ ਵਿੱਚ ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਗੁਰਦੇਵ ਸਿੰਘ ਮਾਨ ਜੀ ਨੂੰ ਯਾਦ ਕਰਦਿਆਂ ਪੰਜਾਬ ਭਵਨ ਸਰ੍ਹੀ ਦੇ ਸੰਸਥਾਪਕ ਸੁੱਖੀ ਬਾਠ ਨੇ ਕਿਹਾ ਹੈ ਕਿ ਮਾਨ ਸਾਹਿਬ ਦਾ ਚਿਤਰ ਪੰਜਾਬ ਭਵਨ ਚ ਸੁਸ਼ੋਭਿਤ ਕੀਤਾ ਜਾਵੇਗਾ। ਗੁਰਦੇਵ ਸਿੰਘ ਮਾਨ ਜੀ ਨੇ ਲਾਇਲਪੁਰ ਤੋਂ1947 ਚ ਉੱਜੜ ਕੇ ਆਉਣ ਤੋਂ ਬਾਦ ਲਗਪਗ ਤਿੰਨ ਸਾਲ ਲੁਧਿਆਣਾ ਜ਼ਿਲ੍ਹੇ ਦੇ ਪਿੜਡ ਸਰਾਭਾ ਚ ਗੁਜ਼ਾਰੇ। ਇਸ ਪਿੰਡ ਚ ਉਨ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਬਣਾ ਕੇ 1948 ਚ ਪਹਿਲੀ ਵਾਰ ਸ਼ਹੀਦ ਦੀ ਬਰਸੀ ਮਨਾਈ। ਇਹ ਕਲੱਬ ਹੁਣ ਵੀ ਕਾਰਜਸ਼ੀਲ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਸਵਰਗਵਾਸੀ ਪ੍ਰਧਾਨ ਅਤੇ ਮਹਾਨ ਸਾਹਿਤਕਾਰ ਸ: ਗੁਰਦੇਵ ਸਿੰਘ ਜੀ ਮਾਨ ਨੂੰ ਸਮਰਪਿਤ ਸਮਾਗਮ ਵਿੱਚ ਸਭ ਤੋਂ ਪਹਿਲਾਂ ਸਕੱਤਰ ਪ੍ਰਿਤਪਾਲ ਗਿੱਲ ਨੇ ਸਾਰੇ ਹਾਜ਼ਰ ਲੇਖਕਾਂ ਨੂੰ ਜੀ ਆਇਆਂ ਕਿਹਾ।
ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ ਚਰਨ ਸਿੰਘ ਸਾਬਕਾ ਮੋਢੀ ਪ੍ਰਧਾਨਤੇ ਪ੍ਰਮੁੱਖ ਕਵੀ ਡਾ: ਰਵਿੰਦਰ ਰਵੀ ਅਤੇ ਪੰਜਾਬ ਤੋਂ ਵਿਸ਼ੇਸ਼ ਮਹਿਮਾਨ ਡਾ: ਐਸ.ਪੀ . ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸ਼ਾਮਿਲ ਸਨ। ਸਭ ਤੋਂ ਪਹਿਲਾਂ ਚਰਚਿਤ ਲੇਖਕ ਕੈਲਾਸ਼ ਪੁਰੀ ਦੇ ਸਦੀਵੀ ਵਿਛੋੜਾ ਦੇ ਜਾਣ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ।
ਗੁਰਦੇਵ ਸਿੰਘ ਮਾਨ ਜੀ ਨੂੰ ਯਾਦ ਕਰਦਿਆਂ ਬੁਲਾਰਿਆਂ ਵਲੋਂ ਮਾਨ ਜੀ ਨਾਲ ਸੰਬਧਤ ਯਾਦਾਂ,ਗੱਲਾਂ ਬਾਤਾਂ ਉਨ੍ਹਾਂ ਦੀਆਂ ਰਚਨਾਵਾਂ ਅਤੇ ਗੀਤ ਪੇਸ਼ ਕੀਤੇ । ਪ੍ਰਸਿੱਧ ਲੋਕ ਗਾਇਕ ਅਤੇ ਸਭਾ ਦੇ ਰੂਹੇ ਰਵਾਂ ਸੁਰਜੀਤ ਸਿੰਘ ਮਾਧੋਪੁਰੀ ਨੇ ਗੁਰਦੇਵ ਸਿੰਘ ਮਾਨ ਦੀ ਰਚਨਾ “ਮੇਰਾ ਕਸੂਰ ਕੀ ਏ.,,” ਤਰਨੁੰਮ ਵਿੱਚ ਗਾ ਕੇ ਸ਼ਰਧਾਂਜਲੀ ਭੇਂਟ ਕੀਤੀ ।
ਡਾ: ਐੱਸ ਪੀ ਸਿੰਘ ਜੀ ਨੇ ਪੰਜਾਬ ਭਵਨ ਨੂੰ ਹੋਰ ਸਮਰੱਥ ਬਣਾਉਣ ਲਈ ਹੋਰ ਵਧੇਰੇ ਸਹਿਯੋਗ ਤੇ ਸਾਥ ਦੇਣ ਦਾ ਇਕਰਾਰ ਕੀਤਾ।
ਪੰਜਾਬੀ ਕਵੀ ਪਲਵਿੰਦਰ ਸਿੰਘ ਰੰਧਾਵਾ ਪਰਦੇਸੀ ਪੁੱਤ ਦੇ ਦਰਦ ਦਾ ਗੀਤ, ਭਾਰਤ ਤੋਂ ਆਏ ਗੀਤਕਾਰ ਅਲਮਸਤ ਦੇਸਰਪੁਰੀ ਨੇ ਆਪਣਾ ਨਵਾਂ ਗੀਤ,ਗ਼ਜ਼ਲਗੋ ਰਾਜਵੰਤ ਰਾਜ ਨੇ ਦੋ ਗ਼ਜ਼ਲਾਂ ਅਤੇ ਸੁਰੀਲੇ ਗਾਇਕ ਦਲਜੀਤ ਕਲਿਆਣਪੁਰੀ ਨੇ ਮਾਨ ਸਾਹਿਬ ਦੀਆਂ ਕੁਝ ਕਾਵਿ ਸਤਰਾਂ ਨਾਲ ਹਾਜ਼ਰੀ ਲਗਵਾਈ ਜਦ ਕਿ ਰਣਜੀਤ ਸਿੰਘ ਨਿੱਜਰ ਨੇ ਮਾਨ ਸਾਹਿਬ ਨੂੰ ਸਮਰਪਿਤ ਧਾਰਮਿਕ ਸ਼ਬਦ ਸੁਣਾਏ। ਨਾਮਵਰ ਲੇਖਕ ਕਵਿੰਦਰ ਚਾਂਦ ਆਪਣੀਆਂ ਵਿਸ਼ੇਸ਼ ਰਚਨਾਵਾਂ ਨਾਲ ਵਾਹਵਾ ਖੱਟੀ। ਪ੍ਰਸਿੱਧ ਲੇਖਕ ਰਾਮ ਲਾਲ ਭਗਤ ਦੀ ਗੈਰਹਾਜ਼ਰੀ ਵਿੱਚ ਉਹਨਾਂ ਦੀ ਪੁਸਤਕ ਨੂੰਹਾਂ ਲੋਕ ਅਰਪਣ ਕੀਤਾ। ਪੁਸਤਕ ਬਾਰੇ ਮਨਜੀਤ ਮੀਤ ਨੇ ਆਪਣਾ ਪਰਚਾ ਪੜ੍ਹਦਿਆਂ ਕਵੀ ਦੀ ਨਿੱਗਰ ਲੇਖਨੀ ਦੀ ਪ੍ਰਸੰਸਾ ਕੀਤੀ। ਸਮਾਗਮ ਵਿੱਚ ਹੰਸ ਰਾਜ ਮਹਿਲਾ ਕਾਲਿਜ ਜਲੰਧਰ ਦੇ ਪੰਜਾਬੀ ਵਿਭਾਗ ਦੀ ਪ੍ਰੋਫੈਸਰ ਵੀਨਾ ਅਰੋੜਾਵੀ ਵਿਸ਼ੇਸ਼ ਤੌਰ ;ਤੇ ਸ਼ਾਮਿਲ ਹੋਏ।