ਸੁਰਜੀਤ ਕੌਰ ਸੈਕਰਾਮੈਂਟੋ ਦੀਆਂ ਕਾਵਿ ਪੁਸਤਕਾਂ “ਬੂੰਦ ਬੂੰਦ ਬਰਸਾਤ “ਤੇ “ਰੂਹਾਨੀ ਰਮਜ਼ਾਂ “ਪੰਜਾਬੀ ਭਵਨ ਲੁਧਿਆਣਾ ਵਿਖੇ ਪ੍ਰੋਃ ਗੁਰਭਜਨ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਨ
ਲੁਧਿਆਣਾਃ 4 ਫ਼ਰਵਰੀ 2024 - ਅਮਰੀਕਾ ਵੱਸਦੀ ਪੰਜਾਬੀ ਕਵਿੱਤਰੀ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਦੀਆਂ ਦੋ ਕਾਵਿ ਪੁਸਤਕਾਂ ਬੂੰਦ ਬੂੰਦ ਬਰਸਾਤ(ਰੁਬਾਈਆਂ) ਤੇ ਰੂਹਾਨੀ ਰਮਜ਼ਾਂ(ਕਾਵਿ ਸੰਗ੍ਰਹਿ) ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਲੇਖਕਾਂ ਰਘੁਬੀਰ ਸਿੰਘ ਸਿਰਜਣਾ, ਪ੍ਰੋਃ ਗੁਰਭਜਨ ਸਿੰਘ ਗਿੱਲ, ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ, ਪ੍ਰੋਃ ਰਵਿੰਦਰ ਭੱਠਲ, ਤ੍ਰੈਲੋਚਨ ਲੋਚੀ, ਡਾਃ ਸੁਰਜੀਤ ਸਿੰਘ ਭੱਟੀ, ਡਾਃ ਲਖਵਿੰਦਰ ਜੌਹਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ,ਡਾਃ ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਸਹਿਜਪ੍ਰੀਤ ਸਿੰਘ ਮਾਂਗਟ, ਸੁਖਮਿੰਦਰਪਾਲ ਸਿੰਘ ਗਰੇਵਾਲ ਸਰਪ੍ਰਸਤ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਗੁਰਚਰਨ ਕੌਰ ਕੋਚਰ, ਡਾਃ ਸੰਤੋਖ ਸਿੰਘ ਸੁੱਖੀ, ਕੇ ਸਾਧੂ ਸਿੰਘ ਤੇ ਜਸਮੇਰ ਸਿੰਘ ਢੱਟ ਨੇ ਲੋਕ ਅਰਪਨ ਕੀਤੀਆਂ।
ਇਨ੍ਹਾਂ ਪੁਸਤਕਾਂ ਦੀ ਸਿਰਜਣ ਪ੍ਰਕ੍ਰਿਆ ਬਾਰੇ ਗੱਲ ਕਰਦਿਆਂ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਨੇ ਕਿਹਾ ਕਿ ਪੰਜ ਆਬਾਂ ਦੀ ਜਾਈ ਤੇ ਇੱਕ ਬੂੰਦ ਸਵਾਂਤੀ ਤੇਂ ਮਗਰੋਂ ਇਨ੍ਹਾਂ ਦੋਹਾਂ ਪੁਸਤਕਾਂ ਦੀ ਸਿਰਜਣਾ ਮੇਰੇ ਲਈ ਇਲਹਾਮ ਵਾਂਗ ਹੈ। ਪਰਦੇਸ ਬੈਠਿਆਂ ਆਪਣੇ ਆਪ ਨਾਲ ਗੁਫ਼ਤਗੂ ਕਰਨ ਲਈ ਵੱਧ ਸਮਾਂ ਮਿਲ ਜਾਂਦਾ ਹੈ, ਇਸੇ ਕਰਕੇ ਕਾਵਿ ਚਸ਼ਮੇ ਨਿਰੰਤਰ ਵਹਿਣ ਚ ਪਏ ਰਹਿੰਦੇ ਹਨ।
ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਪੰਜਾਬੀ ਵਿਦਵਾਨ ਡਾਃ ਸ ਪ ਸਿੰਘ ਨੇ ਮੇਰੀ ਪੁਸਤਕ ਰੂਹਾਨੀ ਰਮਜ਼ਾ ਪੜ੍ਹ ਕੇ ਮੈਨੂੰ ਲਿਖਿਆ ਹੈ ਕਿ ਰੂਹਾਨੀ ਰਮਜ਼ਾਂ ਵਿੱਚ ਕਬਿੱਤ, ਘੋੜੀਆਂ, ਵਾਰਾਂ, ਗੀਤ ਸਰਲ ਸਾਦਾ ਭਾਸ਼ਾ ਵਿੱਚ ਲਬਰੇਜ਼ ਹਨ। ਇਹ ਆਪ ਮੁਹਾਰੇ ਵਗਦੇ ਚਸ਼ਮੇ ਵਾਂਗ ਹਨ।
ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਸਰੋਦੀ ਕਵਿਤਾ ਦੀ ਅਮੀਰੀ ਸਦਕਾ ਨੈਨੂੰ ਬੀਬੀ ਸੁਰਜੀਤ ਕੌਰ ਦੀ ਕਵਿਤਾ ਬੇਹੱਦ ਚੰਗੀ ਲੱਗਦੀ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪਰਦੇਸੀਂ ਵੱਸਦੇ ਲੇਖਕ ਸਾਡੇ ਲਈ ਅਦਬੀ ਸਫ਼ੀਰ ਹਨ ਜੋ ਵਕਤ ਦੀ ਤੰਗੀ ਦੇ ਬਾਵਜੂਦ ਸ਼ਬਦ ਸੱਭਿਆਚਾਰ ਲਈ ਸਮਾਂ ਖ਼ਰਚਦੇ ਹਨ। ਬੀਬੀ ਸੁਰਜੀਤ ਕੈਰ ਸੈਕਰਾਮੈਂਟੋ ਗੁਰਮਤਿ ਗਿਆਨ ਧਾਰਾ ਦੀ ਧਾਰਨੀ ਹੋਣ ਕਾਰਨ ਸ਼ਬਦਾਂ ਨੂੰ ਸੂਤਰਬੱਧ ਕਰਨਾ ਜਾਣਦੀ ਹੈ, ਇਹ ਹੀ ਉਸ ਦੀ ਸ਼ਕਤੀ ਹੈ।
ਇਸ ਮੌਕੇ, ਪਰਮਜੀਤ ਸਿੰਘ ਮਾਨ, ਕਰਮ ਸਿੰਘ ਜ਼ਖ਼ਮੀ, ਡਾਃ ਨਿਰਮਲ ਜੌੜਾ, ਸੁਰਿੰਦਰ ਸਿੰਘ ਸੁੰਨੜ, ਸੁਰਿੰਦਰਦੀਪ ਕੌਰ, ਦੀਪ ਜਗਦੀਪ ਸਿੰਘ, ਜਸਬੀਰ ਝੱਜ, ਸੱਤ ਪਾਲ ਭੀਖੀ, ਨਰਿੰਦਰ ਕੌਰ ਭੀਖੀ, ਸੁਖਵਿੰਦਰ ਭੀਖੀ, ਬ੍ਰਿਜ ਭੂਸ਼ਨ ਗੋਇਲ, ਅਮਰਜੀਤ ਸ਼ੇਰਪੁਰੀ, ਡਾਃ ਬਲਵਿੰਦਰਜੀਤ ਕੌਰ, ਧਰਮਿੰਦਰ ਸਿੰਘ ਢੀਂਡਸਾ ਸਮੇਤ ਸਿਰਕੱਢ ਲੇਖਕ ਹਾਜ਼ਰ ਸਨ।