ਚੰਡੀਗੜ੍ਹ, 8 ਅਪ੍ਰੈਲ, 2017 : ਸਿਆਸਤਦਾਨ ਤੋਂ ਇਤਿਹਾਸਕਾਰ ਬਣੇ ਕੈਪਟਨ ਅਮਰਿੰਦਰ ਸਿੰਘ ਨੇ ਸਾਰਾਗੜ੍ਹੀ ਦੀ ਇਤਿਹਾਸਕ ਜੰਗ ਨੂੰ ਆਪਣੇ ਸ਼ਬਦਾਂ 'ਚ ਲਿਖ ਇਸ ਕਿਤਾਬ ਨੂੰ ਅੱਜ ਚੰਡੀਗੜ੍ਹ 'ਚ ਰਿਲੀਜ਼ ਕਰ ਦਿੱਤਾ। ਸਾਰਾਗੜ੍ਹੀ ਦੀ ਜੰਗ ਬਾਰੇ ਜਾਣਦੇ ਤਾਂ ਕਈ ਲੋਕ ਹੋਣਗੇ ਪਰ ਸਾਬਕਾ ਫੌਜੀ ਤੋਂ ਇਤਿਹਾਸਕਾਰ ਦੀ ਭੂਮਿਕਾ 'ਚ ਆਏ ਕੈਪਟਨ ਅਮਿਰੰਦਰ ਸਿੰਘ ਬਰਤਾਨਵੀਂ ਫ਼ੌਜ ਦੀ 36ਵੀਂ ਸਿੱਖ ਰੈਜੀਮੈਂਟ ਦੇ ਫੌਜੀਆਂ ਦੀ ਇਸ ਬਹਾਦਰੀ ਨੂੰ ਆਪਣੇ ਵੱਲੋਂ ਲਿਖੀ ਗਈ ਪੁਸਤਕ ਦੁਆਰਾ ਲੋਕਾਂ ਸਾਹਮਣੇ ਲਿਆਏ ਹਨ।
ਪਾਕਿਸਤਾਨ-ਅਫਗਾਨਿਸਤਾਨ ਸਰਹੱਦ 'ਤੇ ਲੜੀ ਗਈ ਇਸ ਜੰਗ ਨੂੰ ਸਿਰਫ ਇੱਕ ਜੰਗ ਕਹਿਣਾ ਇਨ੍ਹਾਂ ਜਵਾਨਾਂ ਦੀ ਸ਼ਹੀਦੀ ਨਾਲ ਨਿਆ ਨਹੀਂ ਹੋਵੇਗਾ, ਜਿਸ ਵਿੱਚ ਇੱਕ ਨਾਲ ਕਮੀਸ਼ੰਡ ਅਧਿਕਾਰੀ ਆਪਣੇ 21 ਜਵਾਨਾਂ ਨਾਲ ਇਕੱਲਿਆਂ ਮੋਰਚਾ ਸੰਭਾਲ ਰਿਹਾ ਸੀ ਅਤੇ ਆਖਰੀ ਸਾਂਹ ਤੱਕ ਇਹ ਜਾਬਾਜ਼ ਫੌਜੀ ਲੜਦੇ ਰਹੇ।
ਭਾਰਤ ਦੇ ਫੌਜੀ ਇਤਿਹਾਸ 'ਚ ਸਾਰਾਗੜ੍ਹੀ ਦੀ ਜੰਗ ਅੱਜ ਵੀ ਇੱਕ ਪ੍ਰਸਿੱਧ ਘਟਨਾ ਵਜੋਂ ਦਰਜ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਜੰਗ ਨੂੰ ਪੰਨਿਆਂ 'ਤੇ ਉਤਾਰ ਦਿੱਤਾ ਹੈ। ਕੈਪਟਨ ਵੱਲੋਂ ਲਿਖੀ ਇਸ ਕਿਤਾਬ 'ਸਾਰਾਗੜ੍ਹੀ ਐਂਡ ਦਿ ਡਿਫ਼ੈਂਸ ਆਫ਼ ਸਮਾਣਾ ਫੋਰਟਜ਼' ਦੀ ਘੁੰਢ ਚੁਕਾਈ ਸ਼ਨੀਵਾਰ ਸ਼ਾਮ ਚੰਡੀਗੜ੍ਹ ਦੇ ਲਲਿਤ ਹੋਟਲ 'ਚ ਕੀਤੀ ਗਈ। ਇਸ ਮੌਕੇ ਪੰਜਾਬ ਦੇ ਰਾਜਪਾਨ ਵੀਪੀ ਸਿੰਘ ਬਦਨੌਰ, ਡਿਪਟੀ ਚੀਫ਼ ਆਫ਼ ਆਰਮੀ ਸਟਾਫ਼, ਪੱਛਮੀ ਕਮਾਨ ਦੇ ਮੁਖੀ, ਸਿੱਖ ਰੈਜੀਮੈਂਟ ਦੇ ਕਰਨਲ ਅਤੇ ਕਈ ਪ੍ਰਸਿੱਧ ਫ਼ੌਜ ਅਧਿਕਾਰੀ ਵੀ ਮੌਜੂਦ ਰਹੇ।
ਕੈਪਟਨ ਅਮਰਿੰਦਰ ਦੀ ਇਸ ਪੁਸਤਕ 'ਚ 1897-98 ਦੌਰਾਨ 36 ਸਿੱਖ ਰੈਜੀਮੈਂਟ ਦੇ ਸਾਰਾਗੜ੍ਹੀ ਅਤੇ ਸਮਾਣਾ ਕਿਲ੍ਹਿਆਂ ਦੀ ਸੁਰੱਖਿਆ ਕਰਨ ਵਾਲੇ ਜਵਾਨਾਂ ਦੀ ਬਹਾਦਰੀ ਨੂੰ ਯਾਦ ਕਰਨ ਤੋਂ ਇਲਾਵਾ ਸਾਰਾਗੜ੍ਹੀ ਦੀ ਅਸਲ ਜੰਗ ਮਗਰੋਂ ਹੋਈਾਂ ਘਟਨਾਵਾਂ ਦਾ ਵੀ ਜ਼ਿਕਰ ਹੈ।
ਇਸ ਪੁਸਤਕ 'ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰਗੜ੍ਹੀ ਦੀ ਜੰਗ ਅੱਜ ਵੀ 36 ਸਿੱਖ ਰੈਜੀਮੈਂਟ ਦੀ ਸਭ ਤੋਂ ਵੱਡੀ ਕਾਮਯਾਬੀ ਬਣੀ ਹੋਈ ਹੈ। ਬਟਾਲੀਅਨ ਲਈ ਅੱਜ ਵੀ ਇਹ ਇੱਕ ਬੈਂਚਮਾਰਕ ਹੈ।