ਮਨਜੀਤ ਸਿੰਘ ਮਝੈਲ ਦਾ ਬਾਲ-ਕਹਾਣੀ ਸੰਗ੍ਰਹਿ 'ਜੈਜ਼ੂ, ਗੁੰਨੀ ਤੇ ਨਿੱਧੀ' ਲੋਕ ਅਰਪਿਤ
ਰਵੀ ਜੱਖੂ
ਚੰਡੀਗੜ੍ਹ 16 ਮਾਰਚ 2024 - ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਿਖੇ ਡਾ. ਮਨਜੀਤ ਸਿੰਘ ਮਝੈਲ ਦੇ ਬਾਲ-ਕਹਾਣੀ ਸੰਗ੍ਰਹਿ ' ਜੈਜ਼ੂ, ਗੁੰਨੀ ਤੇ ਨਿੱਧੀ' ਦਾ ਲੋਕ-ਅਰਪਣ ਹੋਇਆ ਅਤੇ ਇਸ ਤੇ ਵਿਚਾਰ ਚਰਚਾ ਕੀਤੀ ਗਈ।
ਡਾ. ਮਝੈਲ ਦੀ ਬਾਲ ਸਾਹਿਤ ਦੀ ਇਹ ਪਹਿਲੀ ਪੁਸਤਕ ਹੈ ਜਿਸ ਵਿੱਚ ਅੱਠ ਕਹਾਣੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਤਿੰਨ ਹੋਰ ਕਿਤਾਬਾਂ ਆ ਚੁੱਕੀਆਂ ਹਨ।
ਕਿਤਾਬ ਰਿਲੀਜ਼ ਉੱਘੇ ਬਾਲ ਸਾਹਿਤਕਾਰਾਂ ਡਾ. ਦਰਸ਼ਨ ਸਿੰਘ ਆਸ਼ਟ, ਡਾ. ਮਨਮੋਹਨ ਸਿੰਘ ਦਾਊਂ, ਡਾ. ਹਰਬੰਸ ਕੌਰ ਗਿੱਲ, ਪ੍ਰਿੰ: ਬਹਾਦਰ ਸਿੰਘ ਗੋਸਲ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ, ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਅਤੇ ਲੇਖਕ ਮਨਜੀਤ ਸਿੰਘ ਮਝੈਲ ਦੇ ਪਰਿਵਾਰਕ ਮੈਂਬਰਾਂ ਸੁਦਰਸ਼ਨ ਕੌਰ ਅਤੇ ਇਮਾਨ ਸਿੰਘ ਵੱਲੋਂ ਕੀਤੀ ਗਈ।
ਆਪਣੇ ਸਵਾਗਤੀ ਸ਼ਬਦਾਂ ਵਿਚ ਬਲਕਾਰ ਸਿੱਧੂ ਨੇ ਕਿਹਾ ਕਿ ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝਦਿਆਂ ਅਜਿਹੀਆਂ ਕਹਾਣੀਆਂ ਸਿਰਜਣਾ ਬਹੁਤ ਸੰਜੀਦਗੀ ਦਾ ਕੰਮ ਹੈ। ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਦਾ ਕਹਿਣਾ ਸੀ ਕਿ ਬਾਲ ਅਵਸਥਾ ਦੀ ਮਨੋ-ਬਿਰਤੀ ਸਮਝਣਾ ਤੇ ਉਸਦੇ ਦਾਇਰੇ ਵਿਚ ਰਹਿ ਕੇ ਲਿਖਣਾ ਹੀ ਸਾਰਥਕ ਬਾਲ ਸਾਹਿਤ ਆਖਵਾਂਉਦਾ ਹੈ। ਸ਼੍ਰੋਮਣੀ ਸਾਹਿਤਕਾਰ ਸਿਰੀ ਰਾਮ ਅਰਸ਼ ਨੇ ਲੇਖਕ ਦੀ ਸੋਝੀ ਨੂੰ ਵਿਲੱਖਣ ਦੱਸਿਆ।
ਪਰਮਜੀਤ ਪਰਮ ਨੇ ਕਿਹਾ ਕਿ ਇਹ ਕਿਤਾਬ ਲੇਖਕ ਦੀ ਬਹੁ-ਪੱਖੀ ਸ਼ਖ਼ਸੀਅਤ ਦੀ ਤਰਜਮਾਨੀ ਕਰਦੀ ਹੈ। ਡਾ. ਅਵਤਾਰ ਸਿੰਘ ਪਤੰਗ ਨੇ ਆਖਿਆ ਕਿ ਬਾਲ ਸਾਹਿਤ ਲਿਖਣ ਤੋਂ ਪਹਿਲਾਂ ਬਾਲ ਮਨ ਪੜ੍ਹਨਾ ਜ਼ਰੂਰੀ ਹੈ। ਗੁਰਨਾਮ ਕੰਵਰ ਨੇ ਕਿਹਾ ਕਿ ਇਹ ਕਿਤਾਬ ਸਾਨੂੰ ਬਚਪਨ ਵਿਚ ਲੈ ਜਾਂਦੀ ਹੈ। ਸਿਮਰਜੀਤ ਕੌਰ ਗਰੇਵਾਲ ਨੇ ਮਨਜੀਤ ਸਿੰਘ ਮਝੈਲ ਦਾ ਲਿਖਿਆ ਗੀਤ 'ਸਾਈਕਲ ਦੇ ਡੰਡੇ ਤੇ ਬਾਪੂ ਕਾਠੀ ਮੇਰੇ ਲਵਾਈ' ਆਪਣੀ ਖ਼ੂਬਸੂਰਤ ਆਵਾਜ਼ ਵਿਚ ਸੁਣਾਇਆ।
ਸੋਹਣ ਸਿੰਘ ਬੈਨੀਪਾਲ ਨੇ ਕਿਹਾ ਕਿ ਮਿਆਰੀ ਕਿਤਾਬ ਹਮੇਸ਼ਾ ਪੜ੍ਹੀ ਜਾਂਦੀ ਹੈ। ਭੁਪਿੰਦਰ ਮਟੌਰੀਆ ਨੇ ਲੰਮੀ ਹੇਕ ਲਾ ਕੇ ਗੀਤ 'ਮਾਰ੍ਹਾ ਵਸਦਾ ਸਦਾ ਪੁਆਧ ਰਹੇ' ਸੁਣਾਇਆ।
ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਬਾਲ ਸਾਹਿਤ ਸਨਸਨੀ, ਸਾਦਗੀ ਅਤੇ ਦੁਚਿੱਤੀ ਦੇ ਵਿਚੋਂ ਲੰਘਦਾ ਹੈ।
ਜਗਤਾਰ ਸਿੰਘ ਜੋਗ ਨੇ ਗੀਤ 'ਗੱਲ ਰਮਜ਼ਾਂ ਦੇ ਨਾਲ ਕਰ ਲੈ' ਸੁਣਾਇਆ।
'ਜੈਜ਼ੂ, ਗੁੰਨੀ ਤੇ ਨਿੱਧੀ' ਦੇ ਲੇਖਕ ਡਾ. ਮਨਜੀਤ ਸਿੰਘ ਮਝੈਲ ਨੇ ਕਿਹਾ ਕਿ ਸਾਡੇ ਅੰਦਰਲਾ ਬੱਚਾ ਹਰ ਵੇਲੇ ਮੌਜੂਦ ਰੰਹਿਦਾ ਹੈ। ਉਮਰ ਚਾਹੇ ਜਿੰਨੀ ਹੋ ਜਾਵੇ, ਸੰਵੇਦਨਸ਼ੀਲਤਾ ਮਾਇਨੇ ਰੱਖਦੀ ਹੈ। ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਡਾ. ਹਰਬੰਸ ਕੌਰ ਗਿੱਲ ਨੇ ਕਿਹਾ ਕਿ ਇਸ ਕਿਤਾਬ ਵਿਚ ਸ਼ਾਮਿਲ ਸਾਰੀਆਂ ਅੱਠ ਕਹਾਣੀਆਂ ਲੋਕ ਕਹਾਣੀਆਂ ਦੀ ਵਿਧਾ ਦਾ ਬਦਲਵਾਂ ਰੂਪ ਹਨ।
ਦੂਜੇ ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੇ ਕਿਹਾ ਕਿ ਸਮਾਜਿਕ ਅਤੇ ਅਧਿਆਤਮਕ ਤੌਰ ਤੇ ਬੱਚੇ ਦੂਰ ਜਾ ਰਹੇ ਹਨ ਜਿਸ ਲਈ ਰੋਚਕ ਤੇ ਦ੍ਰਿਸ਼ਟੀਕੋਣ ਵਾਲੀਆਂ ਕਹਾਣੀਆਂ ਸਿਰਜਣੀਆਂ ਜ਼ਰੂਰੀ ਹਨ।
ਮੁੱਖ ਮਹਿਮਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਲੋਰੀ ਇਕ ਬੱਚੇ ਵੱਲੋਂ ਸੁਣੀ ਗਈ ਪਹਿਲੀ ਕਵਿਤਾ ਹੁੰਦੀ ਹੈ। ਪੰਚਤੰਤਰ ਦੀਆਂ ਕਹਾਣੀਆਂ ਵਿਚ ਵੀ ਪੰਛੀਆਂ, ਜਾਨਵਰਾਂ ਰਾਹੀਂ ਪ੍ਰਤੀਕ ਰੂਪ ਵਿੱਚ ਸਮਾਜਿਕ ਵਰਤਾਰਿਆਂ ਦੀ ਗੱਲ ਹੁੰਦੀ ਹੈ।
ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ. ਮਨਮੋਹਨ ਸਿੰਘ ਦਾਊਂ ਨੇ ਕਿਹਾ ਕਿ ਬਾਲ ਸਾਹਿਤ ਜ਼ਿੰਮੇਵਾਰੀ ਭਰੀ ਵਿਧਾ ਹੈ।
ਧੰਨਵਾਦੀ ਸ਼ਬਦਾਂ 'ਚ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਅਜਿਹੀਆਂ ਚਰਚਾਵਾਂ ਲਾਜ਼ਮੀ ਹਨ।
ਇਸ ਮੌਕੇ ਵੱਡੀ ਗਿਣਤੀ ਵਿਚ ਸ਼ਾਮਿਲ ਹੋਰਨਾਂ ਸ਼ਖ਼ਸੀਅਤਾਂ ਵਿਚ ਮਨਜੀਤ ਕੌਰ ਮੀਤ, ਤਰਲੋਚਨ ਸਿੰਘ, ਵਰਿੰਦਰ ਸਿੰਘ ਚੱਠਾ, ਜਸਬੀਰ ਕੌਰ, ਦਲਜੀਤ ਕੌਰ, ਹਰਮਿੰਦਰ ਕਾਲੜਾ, ਦਲਜੀਤ ਕੌਰ ਦਾਊਂ, ਪ੍ਰਿੰ: ਗੁਰਮੀਤ, ਬਲਵਿੰਦਰ ਸਿੰਘ ਢਿੱਲੋਂ, ਪ੍ਰੋ. ਗੁਰਦੇਵ ਸਿੰਘ ਗਿੱਲ, ਮਲਕੀਤ ਸਿੰਘ ਨਾਗਰਾ, ਪਾਲ ਅਜਨਬੀ, ਰਜਿੰਦਰ ਰੇਨੂੰ, ਬਲਵਿੰਦਰ ਸਿੰਘ, ਮਨਜਿੰਦਰ ਸਿੰਘ, ਧਿਆਨ ਸਿੰਘ ਕਾਹਲੋਂ, ਸ਼ਾਇਰ ਭੱਟੀ, ਉਪਦੇਸ਼ ਸਿੰਘ, ਜੋਗਿੰਦਰ ਸਿੰਘ, ਹਰਵਿੰਦਰ ਸਿੰਘ, ਗੁਰਮੀਤ ਕੌਰ, ਰਾਜ ਰਾਣੀ, ਆਰ. ਐੱਸ. ਲਿਬਰੇਟ, ਸੁਧਾ ਮਹਿਤਾ, ਪ੍ਰੋ. ਦਿਲਬਾਗ ਸਿੰਘ, ਪ੍ਰਿੰਸੀਪਲ ਗੁਰਦੇਵ ਕੌਰ ਪਾਲ, ਊਸ਼ਾ ਕੰਵਰ, ਵਿਨੋਦ ਸ਼ਰਮਾ, ਮਨਿੰਦਰਜੀਤ ਕੌਰ, ਤਰਸੇਮ ਰਾਜ, ਬਾਬੂ ਰਾਮ ਦੀਵਾਨਾ, ਜੋਗਿੰਦਰ ਮੋਹਨ ਚੋਪੜਾ, ਨਰਿੰਦਰ ਕੌਰ ਲੌਂਗੀਆ, ਬਲਵਿੰਦਰ ਸਿੰਘ ਚਹਿਲ, ਜਸਵਿੰਦਰ ਸਿੰਘ ਕਾਇਨੌਰ, ਪਿਆਰਾ ਸਿੰਘ ਰਾਹੀ, ਰਜਿੰਦਰ ਕੌਰ, ਨੀਰਜ ਪਾਂਡੇ, ਏਕਤਾ, ਆਰ. ਕੇ. ਸੁਖਨ, ਚਰਨਜੀਤ ਸਿੰਘ ਕਲੇਰ, ਸੁਰਜੀਤ ਸੁਮਨ, ਇੰਦਰਜੀਤ ਪਰੇਮੀ, ਜਸਬੀਰਪਾਲ ਸਿੰਘ, ਸੁਰਿੰਦਰਪਾਲ ਸਿੰਘ ਕਾਲਾਂਵਾਲੀ, ਕਮਲ ਸ਼ਰਮਾ ਅਤੇ ਨਰਿੰਦਰ ਸਿੰਘ ਹਾਜ਼ਿਰ ਸਨ।