ਸਰ੍ਹੀ , 24 ਜੁਲਾਈ 2018 - ਪੰਜਾਬੀ ਲੇਖਕ ਮੰਚ ਦੀ ਜੁਲਾਈ ਮਹੀਨੇ ਦੀ ਮੀਟਿੰਗ 8 ਜੁਲਾਈ,2018 ਨੂੰ ਨਿਊਟਨ ਲਾਇਬਰੇਰੀ ਸਰ੍ਹੀ ਵਿਖੇ ਹੋਈ। ਜਿਸ ਦੀ ਸੰਚਾਲਨਾ ਜਸਬੀਰ ਮਾਨ ਅਤੇ ਜਰਨੈਲ ਸਿੰਘ ਆਰਟਿਸਟ ਨੇ ਕੀਤੀ।ਇਸ ਮੀਟਿੰਗ ਵਿਚ ਇਸ ਵਾਰ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਹਿਮ ਭੂਮਿਕਾ ਨਿਭਾਅ ਰਹੇ ਬਹੁਪੱਖੀ ਸਖਸ਼ੀਅਤ ਇਕਬਾਲ ਮਾਹਲ ,ਫਿਲਮ ਡਾਇਰੈਕਟਰ ਹਰਜੀਤ ਸਿੰਘ ਅਤੇ ਉਹਨਾਂ ਦੀ ਧਰਮਪਤਨੀ ਡਾ: ਤੇਜਿੰਦਰ ਕੌਰ ਨੇ ਸ਼ਿਰਕਤ ਕੀਤੀ।ਇਹਨਾਂ ਸਖਸ਼ੀਅਤਾਂ ਨੇ ਆਪਣੇ ਵਿਚਾਰ ਮੰਚ ਦੇ ਮੈਂਬਰਾਂ ਦੇ ਨਾਲ਼ ਸਾਂਝੇ ਕੀਤੇ।ਇਕਬਾਲ ਮਾਹਲ ਅਨੁਸਾਰ ਅਸੀਂ ਡਾਲਰਾਂ ਦੀ ਦੌੜ ਵਿਚ ਲੱਗੇ ਹਾਂ ਤੇ ਸਾਨੂੰ ਆਪਣੇ ਬੱਚਿਆਂ ਵੱਲ ਧਿਆਨ ਦੇਣ ਦੀ ਬਹੁਤ ਹੀ ਲੋੜ ਹੈ।ਜਦੋਂ ਬੱਚੇ ਗਲ਼ਤ ਰਾਹ ਪੈ ਜਾਂਦੇ ਹਨ ਤਾਂ ਬਹੁਤ ਹੀ ਦੁੱਖ ਹੁੰਦਾ ਹੈ।
ਹਰਜੀਤ ਅਤੇ ਉਹਨਾਂ ਦੀ ਪਤਨੀ ਨੇ ਦੱਸਿਆ ਕਿ ਸਾਡੇ ਕੋਲ਼ ਬਾਲ ਸਾਹਿਤ ਦੀ ਬਹੁਤ ਹੀ ਘਾਟ ਹੈ।ਇਸ ਘਾਟ ਕਾਰਨ ਬੱਚੇ ਗਲ਼ਤ ਚੈਨਲ ਵੇਖਣ ਦੇ ਆਦੀ ਹੋ ਜਾਂਦੇ ਹਨ ਜੋ ਕਿ ਉਹਨਾਂ ਦੇ ਵਿਕਾਸ ਲਈ ਠੀਕ ਨਹੀਂ ਹੈ।ਇਹਨਾਂ ਮਹਿਮਾਨਾਂ ਤੋਂ ਇਲਾਵਾ ਇਸ ਮੀਟਿੰਗ ਵਿਚ ਦੀਪਕ ਰਾਜਾ ਜੋ ਕਿ ਬਹੁਤ ਵਧੀਆ ਐਕਟਰ ਹਨ ਅਤੇ ਪ੍ਰਸਿੱਧ ਬੁੱਤ ਤਰਾਸ਼ ਚਰਨਜੀਤ ਜੈਤੋ, ਜਿੰਨ੍ਹਾਂ ਨੂੰ ਪੰਜਾਬ ਲਲਿਤ ਕਲਾ ਅਕੈਡਮੀ ਦੀ ਫੈਲੋਸ਼ਿਪ ਵੀ ਮਿਲ਼ੀ ਹੋਈ ਹੈ, ਨੇ ਸ਼ਿਰਕਤ ਕੀਤੀ।ਮੰਚ ਦੇ ਮੈਂਬਰਾਂ ਦੀਆਂ ਰਚਨਾਵਾਂ ਦਾ ਸੰਗ੍ਰਹਿ 'ਮੰਚ ਰੰਗਾ ਰੰਗ' ਅਤੇ ਨਾਲ਼ ਪੈੱਨ ਆਏ ਮਹਿਮਾਨਾਂ ਨੂੰ ਭੇਂਟ ਕੀਤੇ ਗਏ
ਇਸ ਮੀਟਿੰਗ ਦੌਰਾਨ ਪ੍ਰਸਿੱਧ ਕਵੀ ਮੰਗਾ ਬਾਸੀ ਜੀ ਦੇ ਮਾਤਾ ਜੀ ਦੇ ਅਕਾਲ ਚਲਾਣਾ ਕਰ ਜਾਣ ਤੇ ਮੰਚ ਦੇ ਮੈਂਬਰਾਂ ਵੱਲੋਂ ਇਕ ਮਿੰਟ ਦਾ ਮੌਨ ਧਾਰਨ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ।ਰਚਨਾਵਾਂ ਦੇ ਦੌਰ ਵਿਚ ਨਰਿੰਦਰ ਬਾਹੀਆ, ਗੁਰਦਰਸ਼ਨ ਬਾਦਲ, ਰੂਪੀ ਖਹਿਰਾ, ਬਿੰਦੂ ਮਠਾੜੂ ਅਤੇ ਅਮਰੀਕ ਪਲਾਹੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।ਕੁਝ ਰਚਨਾਵਾਂ ਤੇ ਟਿੱਪਣੀਆਂ ਵੀ ਕੀਤੀਆਂ ਗਈਆਂ ਜੋ ਕਿ ਲੇਖਕ ਮੰਚ ਦੀ ਵਿਸ਼ੇਸ਼ਤਾ ਹੈ ਤਾਂ ਕਿ ਵਧੀਆ ਸਾਹਿਤ ਦੀ ਸਿਰਜਣਾ ਹੋ ਸਕੇ।ਅਖੀਰ ਵਿਚ ਸੰਚਾਲਕਾਂ ਵੱਲੋਂ ਆਏ ਹੋਏ ਮੈਂਬਰਾਂ ਅਤੇ ਮਹਿਮਾਨਾਂ ਦੇ ਧੰਨਵਾਦ ਨਾਲ ਮੀਟਿੰਗ ਦੀ ਸਮਾਪਤੀ ਹੋਈ।