ਭਗਤਾਂ ਵੇਲੇ ਦੀ ਪ੍ਰਭਾਤ : ਸੱਜਣਾਂ ਮਿੱਤਰਾਂ ਦੇ ਅੰਗ ਸੰਗ - ਗੁਰਭਜਨ ਗਿੱਲ
ਲੁਧਿਆਣਾ, 22 ਜੁਲਾਈ 2021 - ਸਰੀ (ਕੈਨੇਡਾ) ਦੀ ਸ਼ਾਮ ਸੀ ਤੇ ਸਾਡੀ ਪ੍ਰਭਾਤ। ਸਵੇਰੇ ਸਵਾ ਚਾਰ ਵਜੇ ਫੋਨ ਦੀ ਘੰਟੀ ਵੱਜੀ। ਦੂਜੇ ਪਾਸੇ ਸੁਰਜੀਤ ਮਾਧੋਪੁਰੀ ਸੀ।
ਰਾਤੀਂ ਵੀ ਉਸ ਪੱਕ ਕੀਤਾ ਸੀ ਕਿ ਸਵੇਰੇ ਉੱਠ ਪਵੀਂ। ਅਸਾਂ ਦੋਸਤਾਂ ਤੇਰੀਆਂ ਕਿਤਾਬਾਂ ਚਰਖ਼ੜੀ ਤੇ ਸੁਰਤਾਲ ਦਾ ਜਸ਼ਨ ਕਰਨਾ ਹੈ। ਗੱਲਾਂ ਵੀ, ਗੀਤ ਵੀ ਤੇ ਲੋਕ ਅਰਪਣ ਵੀ।
ਸੁਰਜੀਤ ਮਾਧੋਪੁਰੀ ਤੇ ਮੋਹਨ ਗਿੱਲ ਨੇ ਕੈਨੇਡਾ ਚ ਬੈਠਿਆਂ ਦੋਹਾਂ ਕਿਤਾਬਾਂ ਦੀਆਂ ਦਸ ਦਸ ਕਾਪੀਆਂ ਸਿੰਘ ਬਰਦਰਜ਼ ਅੰਮ੍ਰਿਤਸਰ ਤੋਂ ਮੰਗਵਾਈਆਂ ਨੇ।
ਮੇਰਾ ਸੁਭਾਗ ਕਿ ਏਨੀ ਮੁਹੱਬਤ ਦੇਣ ਵਾਲੇ ਬੇਲੀਆਂ ਦਾ ਕਾਫ਼ਲਾ ਗ਼ੈਰਹਾਜ਼ਰੀ ਚ ਵੀ ਚਾਅ ਲੈਂਦਾ ਹੈ। ਇਸ ਕਿਤਾਬ ਨੂੰ ਭਾਰਤ ਚ ਕੋਲਿਡ ਕਾਰਨ ਕਿਤੇ ਵੀ ਲੋਕ ਅਰਪਨ ਸਮਾਰੋਹ ਚ ਪੇਸ਼ ਨਹੀਂ ਕੀਤਾ ਗਿਆ ਪਰ ਸਭ ਸੱਜਣ ਚਾਅ ਨਾਲ ਪੜ੍ਹ ਰਹੇ ਨੇ।
ਨਵ ਪ੍ਰਕਾਸ਼ਿਤ ਪੁਸਤਕਾਂ ਸੁਰਤਾਲ ਅਤੇ ਚਰਖੜੀ ਦੇ ਲੋਕ ਅਰਪਨ ਮੌਕੇ ਸਤਿਕਾਰ ਯੋਗ ਰਾਏ ਅਜ਼ੀਜ਼ ਉਲਾ ਖਾਨ, ਸ਼੍ਰੀ ਨਵਤੇਜ ਭਾਰਤੀ,ਅਜਮੇਰ ਰੋਡੇ,ਸੁੱਖੀ ਬਾਠ,ਜਰਨੈਲ ਸਿੰਘ ਸੇਖਾ, ਡਾ. ਪ੍ਰਿਥੀਪਾਲ ਸਿੰਘ ਸੋਹੀ, ਮੋਹਨ ਗਿੱਲ, ਜਗਜੀਤ ਸੰਧੂ,ਕਰਮਜੀਤ ਸਿੰਘ ਬੁੱਟਰ, ਅੰਗਰੇਜ਼ ਬਰਾੜ, ਡਾ. ਰੁਸਤਮ ਸਿੰਘ ਗਿੱਲ,ਜਰਨੈਲ ਸਿੰਘ ਆਰਟਿਸਟ, ਸੁਰਜੀਤ ਸਿੰਘ ਗਿੱਲ, ਸੁਖਮਨ,ਹਰਦਮ ਸਿੰਘ ਮਾਨ,ਕੁਲਦੀਪ ਗਿੱਲ, ਰਛਪਾਲ ਗਿੱਲ,ਜਸਬੀਰ ਗੁਣਾਚੌਰੀਆ, ਸੁਰਜੀਤ ਮਾਧੋਪੁਰੀ ਤੇ ਹੋਰ ਮਿੱਤਰ ਪਿਆਰੇ ਹਾਜ਼ਰ ਸਨ।
ਪ੍ਰਭਾਤ ਵੇਲਾ ਨੂੰ ਮੇਰੀ ਮਾਂ ਭਗਤਾਂ ਵੇਲਾ ਕਹਿੰਦੀ ਸੀ। ਅੱਜ ਭਗਤਾਂ ਵੇਲੇ ਮੇਰੀਆਂ ਕਿਤਾਬਾਂ ਬਾਰੇ ਗੱਲ ਕਰਨ ਵਾਲੇ ਸੱਜਣਾਂ ਪਿਆਰਿਆਂ ਦਾ ਕਿਵੇਂ ਸ਼ੁਕਰਾਨਾ ਕਰਾਂ। ਸ਼ਬਦ ਨਹੀਂ ਲੱਭ ਰਹੇ।