ਜ਼ਿਲ੍ਹਾ ਭਾਸ਼ਾ ਦਫਤਰ ਮਾਨਸਾ ਵੱਲੋਂ ਵਿੱਤੀ ਵਰ੍ਹੇ ਦੌਰਾਨ 1 ਲੱਖ 72 ਹਜ਼ਾਰ 665 ਰੁਪਏ ਦੀਆਂ ਕਿਤਾਬਾਂ ਦੀ ਵਿਕਰੀ
- ਜ਼ਿਲ੍ਹਾ ਭਾਸ਼ਾ ਦਫ਼ਤਰ ਨਵੇਂ ਪਾਠਕ ਪੈਦਾ ਕਰਨ ਦੇ ਸਮਰੱਥ ਹੋਇਆ ਹੈ-ਜ਼ਿਲ੍ਹਾ ਭਾਸ਼ਾ ਅਫ਼ਸਰ
ਸੰਜੀਵ ਜਿੰਦਲ
ਮਾਨਸਾ, 19 ਅਪ੍ਰੈਲ 2023 : ਜ਼ਿਲ੍ਹਾ ਭਾਸ਼ਾ ਦਫ਼ਤਰ ਮਾਨਸਾ ਵੱਲੋਂ ਪਿਛਲੇ ਵਿੱਤੀ ਸਾਲ ਵਿੱਚ ਲਗਭਗ 1,72,665/-(ਇਕ ਲੱਖ ਬਹੱਤਰ ਹਜਾਰ ਛੇ ਸੌ ਪੈਂਹਠ ) ਰੁਪਏ ਦੀਆਂ ਕਿਤਾਬਾਂ ਦੀ ਵਿਕਰੀ ਕੀਤੀ ਹੈ। ਇਹ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫਸਰ ਤੇਜਿੰਦਰ ਪਾਲ ਕੌਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਿਆਰੀ ਅਤੇ ਉੱਚ ਕੋਟੀ ਦਾ ਸਾਹਿਤ ਪਾਠਕਾਂ ਲਈ ਛਾਪਿਆ ਜਾਂਦਾ ਹੈ ਜਿਸ ਵਿੱਚ ਦੂਜੀਆਂ ਭਾਸ਼ਾਵਾਂ ਅਤੇ ਕਲਾਸਿਕ ਸਾਹਿਤ ਦਾ ਅਨੁਵਾਦ, ਲਿਪੀਅੰਤਰ ਕੀਤੀਆਂ ਪੁਸਤਕਾਂ ਅਤੇ ਕੋਸ਼ ਸਾਮਿਲ ਹਨ। ਮਹਾਨ ਕੋਸ਼, ਪੰਜਾਬ ਕੋਸ਼, ਗੁਲਿਸਤਾਂ ਬੋਸਤਾਂ, ਪੰਜਾਬ, ਗੁਰਸਬਦਾਲੰਕਾਰ, ਤੁਕ ਤਤਕਰਾ, ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ, ਭਾਈ ਵੀਰ ਸਿੰਘ ਰਚਨਾਵਲੀ, ਸਹੀਦਾਨਿ ਵਫਾ, ਤਵਾਰੀਖ਼ ਗੁਰੂ ਖਾਲਸਾ, ਪ੍ਰਮੁੱਖ ਪੱਛਮੀ ਸਾਹਿਤ ਚਿੰਤਕ, ਪ੍ਰਮੁੱਖ ਪੂਰਬੀ ਸਾਹਿਤ ਚਿੰਤਕ ਅਤੇ ਹੋਰ ਕਈ ਪ੍ਰਸਿੱਧ ਪੁਸਤਕਾਂ ਭਾਸ਼ਾ ਵਿਭਾਗ, ਪੰਜਾਬ ਦੀਆਂ ਮੁੱਲਵਾਨ ਕਿਰਤਾਂ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਭਾਸ਼ਾ ਦਫਤਰ ਮਾਨਸਾ ਵੱਲੋਂ ਕੀਤੀ ਇਹ ਵਿਕਰੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਭਾਸ਼ਾ ਵਿਭਾਗ ਜ਼ਿਲ੍ਹੇ ਵਿੱਚ ਨਵੇਂ ਪਾਠਕ ਪੈਦਾ ਕਰਨ ਦੇ ਸਮਰੱਥ ਹੋਇਆ ਹੈ। ਕਿਤਾਬਾਂ ਨਾਲ ਜੁੜਨਾ ਵਿਅਕਤੀ ਦੀ ਸਮਝ ਨੂੰ ਹੋਰ ਪਕੇਰੀ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਦੀਆਂ ਕਿਤਾਬਾਂ ਬਹੁਤ ਹੀ ਘੱਟ ਕੀਮਤਾਂ ’ਤੇ ਉਪਲਬਧ ਹਨ। ਇੰਨ੍ਹਾਂ ਕਿਤਾਬਾਂ ਦੀ ਲੱਖਾਂ ਦੀ ਵਿਕਰੀ ਹੋਣਾ, ਕਿਤਾਬਾਂ ਪੜ੍ਹਨ ਦੀ ਵਧ ਰਹੀ ਹਰਮਨਪਿਆਰਤਾ ਦਾ ਪ੍ਰਤੀਕ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ’ਤੇ ਵਿਭਾਗ ਦੀਆਂ ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ। ਸਕੂਲਾਂ, ਕਾਲਜਾਂ, ਧਾਰਮਿਕ ਮੇਲਿਆਂ ਅਤੇ ਗੁਰਦੁਆਰਿਆਂ ਵਿੱਚ ਜਾ ਕੇ ਪ੍ਰਦਰਸ਼ਨੀਆਂ ਰਾਹੀਂ ਲੋਕਾਂ ਨੂੰ ਵਿਭਾਗ ਦੀਆਂ ਉੱਚ ਕੋਟੀ ਦੀਆਂ ਕਿਰਤਾਂ ਤੋਂ ਜਾਣੂ ਕਰਵਾਇਆ ਗਿਆ। ਜਿਸ ਕਰਕੇ ਕਿਤਾਬਾਂ ਬੰਦ ਕਮਰਿਆਂ ਵਿੱਚੋਂ ਨਿਕਲ ਕੇ ਪਾਠਕਾਂ ਦੇ ਹੱਥਾਂ ਤੱਕ ਪਹੁੰਚੀਆਂ ਹਨ।