ਸ਼ਰੀ, 25 ਅਕਤੂਬਰ, 2016 : ਜਾਰਜ ਮੈਕੀ ਲਾਇਬਰੇਰੀ ਵਿਚ ਅਕਤੂਬਰ ਮਹੀਨੇ ਦੀ ਕਾਵਿ ਸ਼ਾਮ ਵਿਚ ਨਾਮਵਰ ਕਵਿਤਰੀਆਂ ਸੁਰਜੀਤ ਕਲਸੀ ਤੇ ਹਰਸਿਮਰਨ ਭੰਡਾਰੀ ਸਰੋਤਿਆਂ ਦੇ ਸਨਮੁਖ ਹੋਈਆਂ।ਪ੍ਰੋਗਰਾਮ ਦੇ ਅਰੰਭ ਵਿਚ ਮੋਹਨ ਗਿਲ ਨੇ ਹਰਸਿਮਰਨ ਭੰਡਾਰੀ ਨੂੰ ਸਰੋਤਿਆਂ ਦੇ ਸਨਮੁਖ ਕਰਦਿਆਂ ਲਾਇਬਰੇਰੀ ਵਲੋਂ ਜਾਰੀ ਲਗਾਤਾਰ ਕੀਤੇ ਜਾ ਰਹੇ ਪ੍ਰੋਗਰਾਮ ਵਿਚ ਸ਼ਮੂਲੀਅਤ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ।ਹਰਸਿਮਰਨ ਭੰਡਾਰੀ ਨੇ ਅਪਣੇ ਲਿਖਣ ਬਾਰੇ ਦਸਿਆ ਕਿ ਬਚਪਨ ਤੋਂ ਹੀ ਕਵਿਤਾ ਨਾਲ ਜੁੜ ਗਏ ਸੀ।ਘਰ ਵਿਚ ਸਾਹਿਤਕ ਮਾਹੌਲ ਸੀ।ਫਿਰ ਪੜਾਈ ਦੌਰਾਨ ਚੰਡੀਗੜ ਵਿਚ ਵੀ ਉਹਨਾਂ ਨੂੰ ਇਹੀ ਮਾਹੌਲ ਮਿਲਿਆ। ਕੁਦਰਤ ਦੀ ਖੂਬਸੂਰਤੀ ਉਹਨਾਂ ਨੂੰ ਬਹੁਤ ਟੁੰਬਦੀ ਹੈ। ਕੈਨੇਡਾ ਵਿਚ ਪਰਵਾਸ ਦੇ ਅਨੁਭਵ ਤੇ ਇਥੋਂ ਦੀ ਕੁਦਰਤ ਦੀ ਸੁੰਦਰਤਾ ਉਹਨਾਂ ਦੇ ਕਾਵਿ ਅਨੁਭਵ ਤੇ ਬਹੁਤ ਪ੍ਰਭਾਵ ਹੈ ।ਉਹਨਾਂ ਨੇ ਕੁਝ ਕਾਵ ਟੁਕੜੀਆਂ ਤੇ 'ਕੂੰਜਾਂ' ਪੁਸਤਕ ਵਿਚੋਂ ਕੁਝ ਵਨਗੀਆਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਸ਼ਾਮ ਦੀ ਦੂਜੀ ਕਵਿਤਰੀ ਸੀ ਸੁਰਜੀਤ ਕਲਸੀ। ਆਰਟਿਸਟ ਜਰਨੈਲ ਸਿੰਘ ਨੇ ਸੁਰਜੀਤ ਨੂੰ ਸਰੋਤਿਆਂ ਸਨਮੁਖ ਪੇਸ਼ ਕਰਦਿਆਂ ਉਹਨਾਂ ਦੇ ਲਿਖਣ ਬਾਰੇ ਦਸਿਆ ਕਿ ਕਵਿਤਾ, ਕਹਾਣੀ, ਨਾਟਕ, ਅਲੋਚਨਾ ਦੇ ਖੇਤਰ ਵਿਚ ਲਗਭਗ 50 ਸਾਲ ਤੋਂ ਕਾਰਜਸ਼ੀਲ ਹਨ। ਬਰਾਡਕਾਸਟਿੰਗ ਦੇ ਖੇਤਰ ਵਿਚ ਉਹਨਾਂ ਦੇ ਤਜਰਬੇ ਦਾ ਵੀ ਜ਼ਿਕਰ ਕੀਤਾ। ਸੁਰਜੀਤ ਕਲਸੀ ਨੇ ਵੈਨਕੂਵਰ ਵਿਚ ਪੰਜਾਬੀ ਸਾਹਿਤ ਸਭਾ ਦੇ ਮੁਢਲੇ ਉਦਮਾਂ ਦੇ ਨਾਲ ਨਾਲ ਔਰਤਾਂ ਦੇ ਜੀਵਨ ਵਿਚ ਆਉਂਦੀਆਂ ਮੁਸ਼ਕਿਲਾਂ ਤੇ ਉਹਨਾਂ ਦੇ ਘਰੇਲੂ ਹਿੰਸਾ, ਤਸ਼ਦਦ ਤੇ ਹੋਰ ਮਸਲਿਆਂ ਬਾਰੇ ਕੰਮ ਕਰਨ ਦੇ ਤਜਰਬੇ ਸਾਂਝੇ ਕੀਤੇ।ਤੇ ਨਾਲ ਹੀ ਚੰਡੀਗੜ ਵਿਚ ਅਪਣੇ ਰੇਡੀਓ ਦੀ ਨੌਕਰੀ ਤੇ ਅਨੁਭਵ ਬਾਰੇ ਗਲ ਬਾਤ ਕੀਤੀ।ਅਪਣੀਆਂ ਕਾਵਿ ਰਚਨਾਵਾਂ ਵੀ ਸਾਂਝੀਆਂ ਕੀਤੀਆਂ।
ਇਸ ਖੁਬਸੂਰਤ ਸ਼ਾਮ ਵਿਚ ਅੰਗਰੇਜ ਬਰਾੜ,ਅਮਰੀਕ ਪਲਾਹੀ, ਨਾਵਲਕਾਰ ਜਰਨੈਲ ਸਿੰਘ ਸੇਖਾ ਤੇ ਕਵਿੰਦਰ ਚਾਂਦ ਰੁਪਿੰਦਰ ਰੂਪੀ, ਇੰਦਰਜੀਤ ਧਾਮੀ, ਹਰਦਮ ਸਿੰਘ ਮਾਨ, ਰਾਜਵੰਤ ਬਾਗੜੀ, ਗੁਰਚਰਨ ਟੱਲੇਵਾਲੀਆ, ਅਜਮੇਰ ਰੋਡੇ, ਅਮਰਜੀਤ ਚਾਹਲ,ਪਰਮਜੀਤ ਸਿੰਘ ਸੇਖੋਂ., ਪ੍ਰੋ ਪ੍ਰਿਥੀਪਾਲ ਸਿੰਘ ਸੋਹੀ ਤੇ ਹਰਿੰਦਰ ਕੌਰ ਸੋਹੀ ਤੇ ਹੋਰ ਸਾਹਿਤ ਪ੍ਰੇਮੀ ਸ਼ਾਮਲ ਸਨ।