ਵੈਨਕੂਵਰ, 22 ਮਈ, 2017 : ਪੰਜਾਬੀ ਲੇਖਕ ਮੰਚ ਦੀ ਮਈ ਇਕਤਰਤਾ ਵਿਚ ਕੇਕ ਕਟ ਕੇ ਮਾਂ ਦਿਵਸ ਮਨਾਇਆ ਗਿਆ।ਮੀਟਿੰਗ ਵਿਚ ਟੋਰੰਟੋ ਤੋਂ ਵੈਨਕੂਵਰ ਆਏ ਸ਼ਾਇਰ ਕੁਲਵਿੰਦਰ ਖਹਿਰਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਹਨਾਂ ਨੇ ਅਪਣੀ ਨਵੀਂ ਆ ਰਹੀ ਦੋ ਭਾਸ਼ੀ ਪੁਸਤਕ ਦੇ ਪ੍ਰਾਜੈਕਟ ਬਾਰੇ ਜਾਣਕਾਰੀ ਸਾਂਝੀ ਕੀਤੀ ਕਿ ਇਹ ਸਾਡੇ ਲੋਕਾਂ ਵਲੋਂ ਨਸਲਵਾਦ ਦਾ ਸਾਹਮਣਾ ਕਰਨ ਤੇ ਉਸਦੇ ਖਿਲਾਫ ਜਦੋ ਜਹਿਦ ਦਾ ਇਤਿਹਾਸ ਬਿਆਨ ਕਰੇਗੀ।ਇਸ ਸਬੰਧ ਵਿਚ ਉਹ ਪਹਿਲਾਂ ਆਏ ਪਰਵਾਸੀਆਂ ਨਾਲ ਇੰਟਰਵਿਊ ਆਦਿ ਕਰ ਕੇ ਜਾਣਕਾਰੀ ਹਾਸਲ ਕਰਨ ਲਈ ਵਿਸ਼ੇਸ਼ ਤੌਰ ਤੇ ਵੈਨਕੂਵਰ ਆਏ ਹਨ। ਉਹਨਾਂ ਨੇ ਟੋਰਾਂਟੋ ਏਰੀਏ ਵਿਚ ਚਲ ਰਹੀਆਂ ਪੰਜਾਬੀ ਨਾਲ ਸਬੰਧਿਤ ਸਾਹਿਤਕ ਸਰਗਰਮੀਆਂ ਬਾਰੇ ਵੀ ਗਲ ਬਾਤ ਸਾਂਝੀ ਕੀਤੀ ਤੇ ਚਿੰਤਾ ਪ੍ਰਗਟ ਕੀਤੀ ਕਿ ਨਿਜੀ ਹਉਮੇ ਤੇ ਧੜੇਬੰਦੀ ਦਾ ਰੁਝਾਨ ਚਿੰਤਾਜਨਕ ਹੈ। ਸਾਹਿਤਕ ਕਾਨਫਰੰਸਾਂ ਬਾਰੇ ਵੀ ਉਹਨਾਂ ਕਿਹਾ ਕਿ ਕੋਈ ਵਡੀ ਸਾਰਥਕ ਸਰਗਰਮੀ ਤੇ ਸਿਟੇ ਨਹੀਂ ਪ੍ਰਗਟ ਹੋ ਰਹੇ।ਮੰਚ ਵਲੋਂ ਮੰਚ ਦੇ ਮੈਂਬਰਾਂ ਦੀਆਂ ਰਚਨਾਵਾਂ ਦੀ ਪੁਸਤਕ 'ਮੰਚ ਰੰਗਾ ਰੰਗ' ਤੇ ਪੈਨ ਸ੍ਰੀ ਖਹਿਰਾ ਨੂੰ ਭੇਟ ਕੀਤੇ ਗਏ।ਕੋਆਰਡੀਨੇਟਰ ਜਰਨੈਲ ਸਿੰਘ ਆਰਟਿਸਟ ਨੇ ਮੰਚ ਦੇ ਮੈਂਬਰਾਂ ਦੀਆਂ ਰਚਨਾਵਾਂ ਦੀ ਨਵੀਂ ਛਪੀ ਪੁਸਤਕ 'ਮੰਚ ਰੰਗਾ ਰੰਗ' ਮੈਂਬਰਾਂ ਦੇ ਸਨਮੁਖ ਕੀਤੀ ਤੇ ਦਸਿਆ ਕਿ ਜੁਲਾਈ ਦੇ ਮਹੀਨੇ ਦੀ ਮੀਟਿੰਗ ਵਿਚ ਕੈਨੇਡਾ ਦਿਵਸ ਨੂੰ ਸਮਰਪਿਤ ਇਹ ਪੁਸਤਕ ਰੀਲੀਜ਼ ਕੀਤੀ ਜਾਵੇਗੀ।
ਅਜਮੇਰ ਰੋਡੇ ਨੇ ਅਪਣੀ ਮਾਂਟਰੀਅਲ ਫੇਰੀ ਦਾ ਜ਼ਿਕਰ ਕਰਦਿਆਂ ਦਸਿਆ ਕਿ ਉਥੇ ਕਰੀਏਟਿਵ ਰਾਈਟਿੰਗ ਵਰਕਸ਼ਾਪ ਦਾ ਤਜਰਬਾ ਬਹੁਤ ਵਧੀਆ ਰਿਹਾ ਤੇ ਵਿਚਾਰ ਚਰਚਾ ਵੀ ਦਿਲਚਸਪ ਰਹੀ।ਉਹਨਾਂ ਐਕਸਟੇਸਿਸ ਐਡੀਸ਼ਨਜ਼ ਵਲੋਂ ਛਾਪੀ ਗਈ ਅਪਣੀ ਅੰਗਰੇਜ਼ੀ ਕਵਿਤਾਵਾਂ ਦੀ ਕਿਤਾਬ 'ਪੋਇਮਜ਼ ਅੇਟ ਮਾਈ ਡੋਰ' ਦਾ ਨਵਾਂ ਐਡੀਸ਼ਨ ਵੀ ਮੈਂਬਰਾਂ ਨਾਲ ਸਾਂਝਾ ਕੀਤਾ।ਰਚਨਾਵਾਂ ਦੇ ਦੌਰ ਵਿਚ ਰੁਪਿੰਦਰ ਰੁਪੀ, ਨਦੀਮ ਪਰਮਾਰ,ਸਾਧੂ ਬਿਨਿੰਗ,ਰਾਜਵੰਤ ਬਾਗੜੀ, ਅਮਰੀਕ ਪਲਾਹੀ ਤੇ ਗੁਰਦਰਸ਼ਨ ਬਾਦਕ ਨੇ ਹਾਜ਼ਰੀ ਲਵਾਈ। ਮੀਨੂ ਬਾਵਾ ਨੇ ਸੁਰੀਲੀ ਆਵਾਜ਼ ਵਿਚ ਰਾਜਵੰਤ ਦੀ ਗਜ਼ਲ ਪੇਸ਼ ਕੀਤੀ।
ਮੀਟਿੰਗ ਦੇ ਸ਼ੁਰੂ ਵਿਚ ਵਿਛੜ ਚੁਕੇ ਸ਼ਾਇਰ ਹਰੀ ਸਿੰਘ ਦਿਲਬਰ ਤੇ ਨਾਵਲਕਾਰ ਜਰਨੈਲ ਸਿੰਘ ਸੇਖਾ ਦੇ ਛੋਟੇ ਭਰਜਾਈ ਜੀ ਤੇ ਕਹਾਣੀਕਾਰ ਹਰਪ੍ਰੀਤ ਸੇਖਾ ਦੇ ਮਾਤਾ ਜੀ ਨੂੰ ਮੌਨ ਰਖ ਕੇ ਸ਼ਰਧਾਂਜਲੀ ਪੇਸ਼ ਕੀਤੀ ਗਈ ।
Jarnail Singh
JARNAIL ARTS
#106 12882 85 Avenue,
Surrey BC V3W 0K8
Ph: 604 825 4659 (Cell)
Ph: 604 595 5885 (Home)
www.jarnailarts.wordpress.com