ਗੁਰਭਜਨ ਗਿੱਲ ਨੇ ਗੁਰਪੁਰਬ ’ਤੇ ਸਾਂਝੀਆਂ ਕੀਤੀਆਂ ਦੋ ਕਵਿਤਾਵਾਂ, ਪੜ੍ਹੋ ਵੇਰਵਾ
ਚੰਡੀਗੜ੍ਹ, 29 ਦਸੰਬਰ, 2022: ਪ੍ਰਸਿੱਧ ਸਾਹਿਤਕਾਰ ਗੁਰਭਜਨ ਸਿੰਘ ਗਿੱਲ ਨੇ ਗੁਰਪੁਰਬ ਦੇ ਮੌਕੇ ’ਤੇ ਦੋ ਕਵਿਤਾਵਾਂ ਸਾਂਝੀਆਂ ਕੀਤੀਆਂ ਹਨ। ਉਹਨਾਂ ਕਿਹਾ ਕਿ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਚੇਤੇ ਕਰਦਿਆਂ ਇਨਕਲਾਬੀ ਕਵੀ ਸਵਰਗੀ ਜਰਨੈਲ ਸਿੰਘ ਅਰਸ਼ੀ ਦੀਆਂ ਦੋ ਕਵਿਤਾਵਾਂ ਉਨ੍ਹਾਂ ਦੇ ਇਕਲੌਤੇ ਕਾਵਿ ਸੰਗ੍ਰਹਿ ਲਲਕਾਰ ਵਿੱਚੋਂ ਪੜ੍ਹ ਰਿਹਾ ਸਾਂ।
ਅੱਜ ਗੁਰਪੁਰਬ ਮੌਕੇ ਤੁਹਾਡੇ ਨਾਲ ਸਾਂਝ ਪੁਆ ਰਿਹਾ ਹਾਂ।
ਉਮੀਦ ਹੈ ਕਿ ਮੇਰੀ ਇਹ ਕੋਸ਼ਿਸ਼ ਪ੍ਰਵਾਨ ਕਰਕੇ ਅੱਗੇ ਵੰਡੋਗੇ।
ਜਰਨੈਲ ਸਿੰਘ ਅਰਸ਼ੀ ਜੀ ਦੀਆਂ ਦੇ ਕਵਿਤਾਵਾਂ
1.
ਪਟਨੇ ਸ਼ਹਿਰ ਦੀ ਧਰਤੀ ਨੂੰ
ਪਟਨੇ ਸ਼ਹਿਰ ਦੀ ਧਰਤੀਏ ! ਵੰਡ ਮੋਤੀ,
ਨੀਂ ! ਅੱਜ ਮੋਤੀਆਂ ਵਾਲੀ ਸਰਕਾਰ ਆਈ।
ਫੁੱਲ ਫੁੱਲ ਤੂੰ ਫੁੱਲ ਦੇ ਵਾਂਗ ਅੜੀਏ !
ਤੇਰੇ ਫੁੱਲਾਂ ’ਤੇ ਅੱਜ ਬਹਾਰ ਆਈ ।
ਨੂਰ ਚਮਕਦਾ ਏ ਤੇਰੇ ਜ਼ਰਿਆਂ ਵਿਚ,
ਨਿਰੇ ਨੂਰ ਦੀ ਕੋਈ ਨੁਹਾਰ ਆਈ ।
ਜਿਹੜੀ ਬਣੂੰਗੀ ਢਾਲ ਨਿਮਾਣਿਆਂ ਦੀ,
ਨੀਂ! ਉਹ ਅਰਸ਼ਾਂ ਤੋਂ ਅੱਜ ਤਲਵਾਰ ਆਈ ।
ਨੀਂ! ਇਹ ਉਹ ਹੈ ਕਹੇ ਜ਼ਬਾਨ ਵਿਚੋਂ,
ਜਿਹੜੇ ਸੂਰਮੇ ਨੇ ਬੋਲ ਪਾਲਣੇ ਨੇ ।
‘ਪੁਰੀਆਂ’ ਅਪਣੀਆਂ ਸੁੰਨ ਮਸਾਨ ਕਰਕੇ,
ਇਹਨੇ ਝੁਗੀਆਂ ’ਚ ਦੀਵੇ ਬਾਲਣੇ ਨੇ ।
ਪੁੱਤਰ ‘ਤੇਗ' ਦਾ ਹੱਥ ਵਿਚ ਤੇਗ ਲੈ ਕੇ,
ਕੱਲੀ ਜਾਨ ਨਾਲ ਜੰਗ ਮਚਾ ਦਇਗਾ ।
‘ਜਾਨ’ ਜਾਨ ਬਚਾਇ ਕੇ ਨੱਸ ਜਾਸੀ,
ਮੱਥਾ ਮੌਤ ਨਾਲ ਜਦੋਂ ਇਹ ਲਾ ਦਇਗਾ ।
ਅੰਮ੍ਰਿਤ ਡੋਲ੍ਹ ਕੇ ਤੇਗ ਦੀ ਧਾਰ ਵਿਚੋਂ,
ਨੀ ! ਇਹ ਮੌਤ ਵਿਚ ਜ਼ਿੰਦਗੀ ਪਾ ਦਇਗਾ।
ਬੁਝਦੀ ਕੌਮ ਦੀ ਸ਼ਮਾਂ ਜਗਾਉਣ ਖਾਤਰ,
ਰੱਖ ਦਇਗਾ ਨੂਰ ਨੂੰ ਨਾਰ ਉਤੇ ।
ਰੁਤਬਾ ਰੱਬ ਦਾ ਬਖਸ਼ ਕੇ ਇਸ਼ਕ ਤਾਂਈ,
ਤੋਰ ਦੇਉ ਤਲਵਾਰ ਦੀ ਧਾਰ ਉਤੇ ।
ਕਿੰਨਾ ਫਰਕ ਹੈ ਮੌਤ ਤੇ ਜ਼ਿੰਦਗੀ ਦਾ,
ਇਹ ਤਲਵਾਰ ਦੀ ਨੋਕ ’ਤੇ ਹਾੜ ਲਇਗਾ ।
ਇਹਨੇ ਦੁਨੀਆਂ ਦੇ ਦਿਲ ਆਬਾਦ ਕਰਨੇ,
ਝੁੱਗੇ ਆਪਣੇ ਆਪ ਉਜਾੜ ਲਇਗਾ ।
ਰਾਖਾ ਬਣੂੰ ਗਰੀਬਾਂ ਦੇ ਢਾਰਿਆਂ ਦਾ,
ਲੰਕਾ ਸੋਨੇ ਦੀ ਆਪਣੀ ਸਾੜ ਲਇਗਾ ।
‘ਮਹੀਵਾਲ’ ਨਹੀਂ ਪੱਟ ਤੇ ਸਬਰ ਕਰ ਲਉ,
ਇਹ ਤਾਂ ਕੌਮ ਲਈ ਕਾਲਜਾ ਪਾੜ ਲਇਗਾ ।
ਸੱਸੀ ਵਾਂਗ ਜ਼ਾਲਮ ਜ਼ਾਬਰ ਭੁੱਜ ਜਾਸਣ,
ਇਹਦੇ ਤੀਰਾਂ ਦੀ ਸੰਘਣੀ ਛਾਂ ਅੰਦਰ ।
ਘੜੇ ਕੀ ਪਹਾੜ ਵੀ ਰੁੜ੍ਹ ਜਾਣੇ,
ਇਹਦੀ ‘ਤੇਗ’ ਚੋਂ ਫੁੱਟ ਝਨਾਂ ਅੰਦਰ ।
ਓਦੋਂ ਦਿੱਲੀ ਦਾ ਵੀ ਦਿਲ ਹਿੱਲ ਜਾਸੀ,
ਜਦੋਂ ਚੋਟ ਨਗਾਰੇ ਤੇ ਲਾਏਗਾ ਇਹ ।
ਮਿਲੂ ਆਸਰਾ ਢਠਿਆਂ ਦਿਲਾਂ ਤਾਈਂ,
ਜਦੋਂ ਜ਼ੁਲਮ ਦੀ ਕੰਧ ਨੂੰ ਢਾਏਗਾ ਇਹ ।
ਰਹਿਣੀ ਲੋੜ ਨਹੀਂ ਆਬਿ-ਹਿਯਾਤ ਦੀ ਵੀ,
ਜਿਹਨੂੰ ਖੰਡੇ ਦਾ ਪਾਣੀ ਪਿਲਾਏਗਾ ਇਹ ।
ਜਿਉਂਦੀ ਮਰ ਜਾਵੇ, ਮਰਕੇ ਫੇਰ ਜੀਵੇ,
ਕੋਈ ਇਹੋ ਜਿਹੀ ਫੌਜ ਬਣਾਏਗਾ ਇਹ ।
ਏਸ ਪ੍ਰੇਮ ਦੇ ਪੰਧ ਤੇ ਪਿਆ ਹੋਇਆ,
ਮਾਰ ਮਾਰ ਜਾਂ ਮੰਜ਼ਲਾਂ ਝੌਂ ਜਾਊ।
ਸੁੰਝੀ ਸੇਜ ਰਹਿ ਜਾਊ ਪਈ ਖੇੜਿਆਂ ਦੀ,
ਇਹ ‘ਯਾਰ ਦੇ ਸੱਥਰ’ ਤੇ ਸੌਂ ਜਾਊ ।
ਪਟਨੇ ਸ਼ਹਿਰ ਦੀ ਧਰਤੀਏ ! ਏਸ ਜੇਹਾ,
ਸੂਰਾ ਹੋਣਾ ਨਹੀਂ ਕੋਈ ਸੰਸਾਰ ਦੇ ਵਿਚ ।
ਚਮਨ ਦੇਸ਼ ਦਾ ਉਜੜਿਆ ਦੇਖ ਕੇ ਤੇ,
ਅੱਗ ਲਾ ਲਊ ਆਪਣੀ ਗੁਲਜ਼ਾਰ ਦੇ ਵਿਚ ।
ਜਾਨ ਸੁੱਕਣੀ ਪਾ ਦਊ ਕੰਡਿਆਂ ਤੇ,
ਰੱਖ ਦੇਊਗਾ ‘ਦਿਲ’ ਦੀਵਾਰ ਦੇ ਵਿਚ ।
ਕਦੇ ਰੋਊ ਤਾਂ ਦੁਖੀ ਨੂੰ ਦੇਖ ਰੋਊ,
ਖੁਸ਼ ਹੋਊ ਤਾਂ ਹੱਸੂ ਤਲਵਾਰ ਦੇ ਵਿਚ ।
‘ਅਰਸ਼ੀ’ ਤੁਰੂਗਾ ਤੇਰੀ ਜਾਂ ਹਿੱਕ ਉਤੇ,
ਰੁਤਬਾ ਅਰਸ਼ ਦਾ ਧਰਤੀਏ ! ਪਾਏਂਗੀ ਤੂੰ ।
ਪੂਜਾ ਕਰੀਂ ਤੂੰ ਓਸਦੀ ਮਨ ਲਾ ਕੇ,
ਰਹਿੰਦੇ ਜਗ ਤੀਕਰ
ਪੂਜੀ ਜਾਏਂਗੀ ਤੂੰ ।
2.
ਸੱਥਰ ਯਾਰ ਦੇ ਨੂੰ ਚੰਗਾ ਕਹਿਣ ਵਾਲਾ
ਦਾਤਾ ਅੰਮ੍ਰਿਤ ਦਾ ਪੁੰਜ ਕੁਰਬਾਨੀਆਂ ਦਾ,
ਸਦਾ ਚੜ੍ਹਦੀਆਂ ਕਲਾ ਵਿਚ ਰਹਿਣ ਵਾਲਾ ।
ਬੀਰ ਮਰਦ, ਤਲਵਾਰ ਦਾ ਧਨੀ ਸੂਰਾ,
ਨਹੀਂ ਸੀ ਹੌਂਸਲਾ ਓਸ ਦਾ ਢਹਿਣ ਵਾਲਾ ।
ਦਰਦੀ ਦਿਲ ਸੀ, ਦੁਖੀ ਨੂੰ ਦੇਖ ਕੇ ਤੇ,
ਪਾਣੀ ਪਾਣੀ ਹੋ ਸਾਰਾ ਹੀ ਵਹਿਣ ਵਾਲਾ ।
ਲਾ ਲੈਂਦਾ ਸੀ ਪ੍ਰਬਤਾਂ ਨਾਲ ਮੱਥਾ,
ਨਾਲ ਜ਼ੁਲਮ ਦੀ ਤੇਗ ਦੇ ਖਹਿਣ ਵਾਲਾ ।
ਸੋਹਣਾ ‘ਸਦਾ-ਗੁਲਾਬ’ ਦਾ ਫੁੱਲ ਸੀ ਉਹ,
ਸਦਾ ਕੰਡਿਆਂ ਦੇ ਵਿਚ ਰਹਿਣ ਵਾਲਾ ।
ਭੱਠ ਪੈਣ ਖੇੜੇ ਬਿਨਾਂ ਪਿਆਰ ਜਿਹੜੇ,
ਸੱਥਰ ਯਾਰ ਦੇ ਨੂੰ ਚੰਗਾ ਕਹਿਣ ਵਾਲਾ ।
ਉਹਦੀ ਤੇਗ ਵਿਚ ਬਰਕਤਾਂ ਵਸਦੀਆਂ ਸੀ,
ਨਾਲੇ ਮਾਰਦਾ ਸੀ ਨਾਲੇ ਤਾਰਦਾ ਸੀ ।
ਡੇਗਣ ਲਈ ਸੀ ਵਿਚ ਮੈਦਾਨ ਲੜਦਾ,
ਜੇਕਰ ਡਿਗ ਪਵੇ ਕੋਈ ਤਾਂ ਪਿਆਰਦਾ ਸੀ ।
ਚੌੜੀ ਛਾਤੀ 'ਚ ਧੜਕਦਾ ਦਿਲ ਸੀਗਾ,
ਵਿਚ ਵੱਸਦਾ ਦਰਦ ਸੰਸਾਰ ਦਾ ਸੀ।
ਜੇਕਰ ਦੁਖੀ ਦੀ ਹਿੱਕ ਚੋਂ ਹੂਕ ਉਠੇ;
ਦਿਲ ਉਸਦਾ ਸਰਲੀਆਂ ਮਾਰਦਾ ਸੀ ।
ਹਿੱਕ ਨਾਲ ਮਜ਼ਲੂਮ ਸੀ ਲਾ ਲੈਂਦਾ,
ਸਦਾ ਜ਼ਾਲਮਾਂ ਦੀ ਹਿੱਕ ਦਹਿਣ ਵਾਲਾ ।
ਸਾੜ ਦਿੰਦਾ ਸੀ ਜ਼ੁਲਮ ਦੇ ਮਹਿਲ ਸਾਰੇ,
ਸੱਥਰ ਯਾਰ ਦੇ ਨੂੰ ਚੰਗਾ ਕਹਿਣ ਵਾਲਾ ।
ਜਦੋਂ ਕੌਮ ਨੇ ਇਕ ਹੀ ਕਰੀ ਸੈਨਤ,
ਛੱਡ ਸਣੇ ਪੁਰੀਆਂ ਘਰ ਦਰ ਦਿਤੇ ।
ਐਡੇ ਕੀਮਤੀ ਦਿਲ ਦੇ ਕੌਮ ਖਾਤਰ,
‘ਚਾਰ ਟੁਕੜੇ’ ਓਸ ਨੇ ਕਰ ਦਿੱਤੇ ।
ਭੇਟਾ ਜਦੋਂ ਚਮਕੌਰ ਦੀ ਗੜ੍ਹੀ ਮੰਗੀ,
ਦੋ ਸ਼ੁਕਰ ਵਜੋਂ ਉਥੇ ਭਰ ਦਿਤੇ।
ਜਦੋਂ ਕੌਮ ਦਾ ਬਣਨ ਮਹੱਲ ਲਗਾ,
ਦੋ ਕੱਢ ਕੇ ਨੀਹਾਂ ’ਚ ਧਰ ਦਿਤੇ ।
ਸੀ ਅਨੋਖਾ ਆਜ਼ਾਦੀ ਦਾ ਉਹ ਰਾਂਝਾ,
ਸਦਾ ਸੂਲਾਂ ਦੀ ਸੇਜ ਤੇ ਬਹਿਣ ਵਾਲਾ ।
ਭੱਠ ਪੈਣ ਖੇੜੇ ਬਿਨਾਂ ਪਿਆਰ ਜਿਹੜੇ,
ਸੱਥਰ ਯਾਰ ਦੇ ਨੂੰ ਚੰਗਾ ਕਹਿਣ ਵਾਲਾ ।
ਓਹਦੀ ਤੇਗ ਦੀ ਧਾਰ ਜਾਂ ਵਗਦੀ ਸੀ,
‘ਬਾਈ ਧਾਰਾਂ’ ਹੀ ਉਹਦੇ 'ਚ ਹੜ੍ਹਦੀਆਂ ਸੀ ।
ਜਦੋਂ ਖੰਡੇ ਨੂੰ ਜ਼ਰਾ ਉਲਾਰਦਾ ਸੀ,
ਕੰਬ ਬਿਜਲੀਆਂ ਬਦਲੀਂ ਵੜਦੀਆਂ ਸੀ ।
ਤੇਗ ਨਾਲ ਸੀ ਹੱਥ ਦੋ ਹੱਥ ਕਰਦੇ,
ਅੱਖਾਂ ਬਿਨਾਂ ਹਥਿਆਰੋਂ ਹੀ ਲੜਦੀਆਂ ਸੀ ।
ਵਾਰ ਕਰਨ ਆਇਆਂ ਜਾਂਦਾ ਵਾਰਿਆ ਸੀ,
ਫੌਜਾਂ ਅੱਖਾਂ ਦੀਆਂ ਜਿਹਦੇ ਤੇ ਚੜ੍ਹਦੀਆਂ ਸੀ ।
ਰੰਗ ਇਹੋ ਜਿਹਾ ਕੋਈ ਉਹ ਰੰਗਦਾ ਸੀ ।
ਮਰਦੇ ਦਮ ਦੇ ਤੀਕ ਨਾਂ-ਲਹਿਣ ਵਾਲਾ ।
ਦੁਖ ਦੂਜਿਆਂ ਦੇ ਲਈ ਸਹਿਣ ਵਾਲਾ,
ਸੱਥਰ ਯਾਰ ਦੇ ਨੂੰ ਚੰਗਾ ਕਹਿਣ ਵਾਲਾ ।
‘ਅਰਸ਼ੀ’ ਸੀ, ਪਰ ਧਰਤੀ ਦੀ ਛੋਹ ਵਾਲਾ,
ਵਿਸ਼ਵ-ਵੇਦਨਾ ਤੋਂ ਅਨਜਾਣ ਨਾ ਸੀ ।
ਬੇਸ਼ਕ ਸੁੰਨ ਸਮਾਧੀਆਂ ਜੋੜਦਾ ਸੀ,
ਐਪਰ ਜ਼ਿੰਦਗੀ ਤੋਂ ਬੇ-ਧਿਆਨ ਨਾ ਸੀ ।
ਜ਼ਾਤ ਮਾਨਸ ਦੀ ਇਕ ਪਹਿਚਾਣਦਾ ਸੀ,
ਓਹਦੇ ਕੋਲ ਹਿੰਦੂ ਮੁਸਲਮਾਨ ਨਾ ਸੀ ।
ਜਿਹੜਾ ਦੂਜੇ ਦਾ ਹੱਕ ਲਿਤਾੜਦਾ ਸੀ,
ਉਹਨੂੰ ਸਮਝਦਾ ਉਹ ਇਨਸਾਨ ਨਾ ਸੀ ।
ਖਿੜੇ ਮੱਥੇ ਸੀ ਹੋਣੀ ਨੂੰ ਸਦਾ ਮਿਲਦਾ,
ਨਹੀਂ ਸੀ ਦੇਖ ਮੁਸੀਬਤਾਂ ਛਹਿਣ ਵਾਲਾ ।
ਹਰ ਹਾਲ ਹਰ ਘੜੀ ਸੀ ਖੁਸ਼ ਰਹਿੰਦਾ,
ਸੱਥਰ ਯਾਰ ਦੇ ਨੂੰ ਚੰਗਾ ਕਹਿਣ ਵਾਲਾ