ਪੰਜਾਬੀ ਸਾਹਿਤ ਤੋਂ ਦੂਰ ਹੁੰਦੇ ਲੋਕਾਂ ਨੂੰ ਚੇਤਨਾ ਦੀ ਲੋੜ- ਮੋਤਾ ਸਿੰਘ ਸਰਾਏ ਯੂ.ਕੇ.
-ਭਜਨ ਸਿੰਘ ਵਿਰਕ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ
ਫਗਵਾੜਾ, 27 ਜੂਨ 2022- ਪੰਜਾਬੀ ਸਾਹਿਤ ਬਹੁਤ ਹੀ ਉੱਚ ਪੱਧਰ ਤੇ ਸਿਰਜਿਆ ਜਾ ਰਿਹਾ ਹੈ ਪਰ ਪਾਠਕ ਫੇਰ ਵੀ ਇਸ ਤੋਂ ਦੂਰ ਹੋ ਰਹੇ ਹਨ, ਇਹ ਸ਼ਬਦ ਮੁੱਖ ਮਹਿਮਾਨ ਵਜੋਂ ਪਹੁੰਚੇ ਬਰਨਾਤਵੀ ਪੰਜਾਬੀ ਚਿੰਤਕ ਅਤੇ ਪੰਜਾਬੀ ਸਥ ਯੂ.ਕੇ. ਦੇ ਸੰਚਾਲਕ ਮੋਤਾ ਸਿੰਘ ਸਰਾਏ ਨੇ ਸਕੇਪ ਸਾਹਿਤਕ ਸੰਸਥਾ ਵਲੋਂ ਉਸਤਾਦ ਗ਼ਜ਼ਲਗੋ ਭਜਨ ਸਿੰਘ ਵਿਰਕ ਨੂੰ ਸਮਰਪਿਤ ਸਮਾਗਮ ਵਿੱਚ ਕਹੇ। ਉਹਨਾਂ ਨੇ ਅੱਗੇ ਕਿਹਾ ਕਿ ਸਾਹਿਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਉਦਮ ਕਰਨੇ ਚਾਹੀਦੇ ਹਨ ਤਾਂ ਜੋ ਉਸਾਰੂ ਸਮਾਜ ਦੀ ਸਿਰਜਣਾ ਕੀਤੀ ਜਾਵੇ। ਉਹਨਾ ਨੇ ਪੰਜਾਬੀ ਸਥ ਦੀਆਂ ਸਰਗਰਮੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸੰਸਥਾ ਵਲੋਂ ਪੰਜਾਬੀ ਦੀਆਂ 450 ਪੁਸਤਕਾਂ ਛਾਪੀਆਂ ਅਤੇ ਵੰਡੀਆਂ ਗਈਆਂ ਹਨ। ਉਹਨਾ ਦੱਸਿਆ ਕਿ ਵਿਦੇਸ਼ ਵਸਦੇ ਪੰਜਾਬੀਆਂ, ਇਥੋਂ ਤੱਕ ਕਿ ਅਰਬ ਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਵਿੱਚ ਪੰਜਾਬੀ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਹੈ। ਪੰਜਾਬੀਆਂ ਦੇ ਪੁਸਤਕਾਂ ਪੜ੍ਹਨ ਦੀ ਰੂਚੀ ਦਾ ਵਰਨਣ ਕਰਦਿਆਂ ਉਹਨਾ ਕਿਹਾ ਕਿ ਉਹਨਾ ਦੀ ਸੰਸਥਾ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਰਚਨਾ ਸਬੰਧੀ ਇੱਕ ਲੱਖ ਦੀ ਗਿਣਤੀ ਵਿੱਚ ਪੁਸਤਕ ਛਾਪੀ ਗਈ ਸੀ ਅਤੇ ਇਸਨੂੰ ਤਿੰਨ ਭਾਸ਼ਾਵਾਂ ਵਿੱਚ ਛਾਪਿਆ ਗਿਆ ਸੀ। ਪਰ ਪੰਜਾਬੀ ਪਿਆਰਿਆਂ ਨੇ ਇਹ ਪੁਸਤਕ ਹੱਥੋ-ਹੱਥੀ ਲੈ ਲਈ , ਜਿਸ ਤੋਂ ਪਤਾ ਲਗਦਾ ਹੈ ਕਿ ਪੰਜਾਬੀਆਂ ਦੇ ਵਿੱਚ ਪੜ੍ਹਨ ਦੀ ਬੜੀ ਭੁੱਖ ਹੈ। ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਪਰਵਿੰਦਰ ਜੀਤ ਸਿੰਘ, ਮੋਤਾ ਸਿੰਘ ਸਰਾਏ, ਜ਼ਿਲਾ ਸਿੱਖਿਆ ਅਫ਼ਸਰ ਕੁਲਵਿੰਦਰ ਸਿੰਘ ਸਰਾਏ, ਪ੍ਰਿੰ: ਗੁਰਮੀਤ ਸਿੰਘ ਪਲਾਹੀ ਅਤੇ ਲਾਲੀ ਕਰਤਾਰਪੁਰੀ ਨੇ ਸਾਂਝੇ ਰੂਪ `ਚ ਕੀਤੀ।
ਇਸ ਸਮਾਗਮ ਵਿੱਚ ਭਜਨ ਸਿੰਘ ਵਿਰਕ ਦਾ ਪਰਿਵਾਰ ਵਿਸ਼ੇਸ਼ ਤੌਰ 'ਤੇ ਪਹੁੰਚੇ। ਸਮਾਗਮ ਦੀ ਸ਼ੁਰੂਆਤ ਭਜਨ ਸਿੰਘ ਵਿਰਕ ਦੀ ਯਾਦ `ਚ ਦੋ ਮਿੰਟ ਦਾ ਮੌਨ ਰੱਖ ਕੇ ਕੀਤੀ ਗਈ। ਇਸ ਉਪਰੰਤ ਕਵੀ ਦਰਬਾਰ ਵਿੱਚ ਭਜਨ ਸਿੰਘ ਵਿਰਕ ਨਾਲ ਸੰਬੰਧਤ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਕਵੀ ਦਰਬਾਰ ਵਿੱਚ ਸੁਖਦੇਵ ਸਿੰਘ ਗੰਢਵਾਂ, ਰਵਿੰਦਰ ਸਿੰਘ ਰਾਏ, ਸੋਢੀ ਸੱਤੋਵਾਲੀਆ, ਲਾਲੀ ਕਰਤਾਰਪੁਰੀ, ਸ਼ਾਮ ਸਰਗੂੰਦੀ, ਸੀਤਲ ਰਾਮ ਬੰਗਾ, ਦੇਵ ਰਾਜ ਦਾਦਰ, ਜਸਵਿੰਦਰ ਕੌਰ ਫਗਵਾੜਾ, ਬਲਦੇਵ ਰਾਜ ਕੋਮਲ, ਬਚਨ ਗੂੜ੍ਹਾ, ਉਰਮਲਜੀਤ ਸਿੰਘ, ਪ੍ਰੋ: ਓਮ ਪ੍ਰਕਾਸ਼ ਸੰਦਲ, ਗੁਰਨਾਮ ਬਾਵਾ, ਨਵਕਿਰਨ, ਸੁਬੇਗ ਸਿੰਘ ਹੰਝਰਾ, ਸੋਹਣ ਸਹਿਜਲ, ਗੁਰਮੁੱਖ ਲੋਕਪ੍ਰੇਮੀ, ਲਸ਼ਕਰ ਸਿੰਘ, ਅਮਰੀਕ ਸਿੰਘ ਮਧਹੋਸ਼, ਦਵਿੰਦਰ ਸਿੰਘ ਥਮਣਵਾਲ, ਜਸਵਿੰਦਰ ਸਿੰਘ ਹਮਦਰਦ ਆਦਿ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਭਜਨ ਸਿੰਘ ਵਿਰਕ ਦੀ ਸਖ਼ਸ਼ੀਅਤ ਨੂੰ ਯਾਦ ਕਰਦਿਆਂ ਪ੍ਰਿ: ਗੁਰਮੀਤ ਸਿੰਘ ਪਲਾਹੀ, ਐਡਵੋਕੇਟ ਐਸ.ਐਲ. ਵਿਰਦੀ, ਰਵਿੰਦਰ ਚੋਟ, ਪਰਵਿੰਦਰ ਜੀਤ ਸਿੰਘ ਨੇ ਕਿਹਾ ਕੇ ਭਜਨ ਸਿੰਘ ਵਿਰਕ ਚੰਗੇ ਲੇਖਕ ਹੋਣ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮਾਂ `ਚ ਵੀ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਅਮਰਿੰਦਰ ਕੌਰ ਨੇ ਆਏ ਹੋਏ ਸਾਹਿੱਤਕਾਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਜ਼ਿਲਾ ਸਿੱਖਿਆ ਅਫ਼ਸਰ ਕੁਲਵਿੰਦਰ ਸਿੰਘ ਸਰਾਏ ਨੇ ਪੰਜਾਬੀ ਸਾਹਿੱਤ 'ਤੇ ਵਿਚਾਰ-ਵਟਾਂਦਰਾ ਕੀਤਾ। ਸਟੇਜ ਸੰਚਾਲਣ ਦੀ ਭੂਮਿਕਾ ਕਮਲੇਸ਼ ਸੰਧੂ ਨੇ ਬਾਖੂਬੀ ਨਿਭਾਈ। ਹੋਰਾਂ ਤੋਂ ਇਲਾਵਾ ਸਮਾਗਮ `ਚ ਅਸ਼ੋਕ ਸ਼ਰਮਾ, ਮਨਦੀਪ ਸਿੰਘ, ਰਮਿੰਦਰ ਪਾਲ, ਅਮਨਦੀਪ,ਪ੍ਰਭਕਿਰਤ ਸਿੰਘ, ਚਰਨਜੀਤ ਸਿੰਘ ਚਾਨਾ, ਬਲਵੀਰ ਸਿੰਘ, ਗੁਰਮੁੱਖ ਲੁਹਾਰ ਆਦਿ ਸ਼ਾਮਲ ਸਨ।