ਐਸ. ਡੀ. ਕਾਲਜ ਵੱਲੋਂ ਡਾ. ਤਰਸਪਾਲ ਕੌਰ ਦੀ ਕਾਵਿ ਪੁਸਤਕ ਲੋਕ ਅਰਪਣ
ਕਮਲਜੀਤ ਸਿੰਘ ਸੰਧੂ
ਬਰਨਾਲਾ, 25 ਦਸੰਬਰ 2021 - ਸਥਾਨਕ ਐਸ ਡੀ ਕਾਲਜ ਵਿਖੇ ਨਾਮਵਰ ਲੇਖਿਕਾ ਡਾ. ਤਰਸਪਾਲ ਕੌਰ ਦੀ ਨਵੀਂ ਕਾਵਿ ਪੁਸਤਕ 'ਸ਼ਾਹਰਗ' ਦਾ ਲੋਕ ਅਰਪਣ ਸਮਾਗਮ ਕੀਤਾ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਉੱਘੇ ਸ਼ਾਇਰ ਅਤੇ ਕਾਲਜ ਦੇ ਪੁਰਾਣੇ ਅਧਿਆਪਕ ਪ੍ਰੋ. ਰਵਿੰਦਰ ਭੱਠਲ, ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਸ਼ਾਮਿਲ ਹੋਏ। ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਐਸ. ਡੀ. ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ ਨੇ ਬਰਨਾਲਾ ਨੂੰ ਸਾਹਿਤ ਦਾ ਮੱਕਾ ਵਜੋਂ ਸਰਾਹਨਾ ਕਰਦਿਆਂ ਕਿਹਾ ਕਿ ਨਵੇਂ ਸਾਹਿਤਕਾਰਾਂ ਨੂੰ ਪ੍ਰੋ. ਭੱਠਲ ਵਰਗੇ ਸਾਹਿਤਕਾਰਾਂ ਨੇ ਬਹੁਤ ਪ੍ਰੇਰਣਾ ਦੇਣ ਦੇ ਨਾਲ ਨਾਲ ਹਰ ਕਦਮ 'ਤੇ ਉਤਸ਼ਾਹਿਤ ਕੀਤਾ ਹੈ।
ਉਹਨਾਂ ਕਾਵਿ ਪੁਸਤਕ ਵਿਚ ਸ਼ਾਮਿਲ ਸਾਰੇ ਚਿੱਤਰਾਂ ਅਤੇ ਕਵਿਤਾਵਾਂ ਦੀ ਵਿਆਖਿਆ ਵੀ ਕੀਤੀ। ਪੁਸਤਕ ਬਾਰੇ ਚਰਚਾ ਕਰਦਿਆਂ ਡਾ. ਤੇਜਾ ਸਿੰਘ ਤਿਲਕ ਨੇ ਕਿਹਾ ਕਿ 'ਸ਼ਾਹਰਗ' ਵਿਚ ਦਰਜ ਕਵਿਤਾਵਾਂ ਅਤੇ ਚਿੱਤਰ ਮਹਾਦੇਵੀ ਵਰਮਾ ਦੀ ਲੇਖਣੀ ਅਤੇ ਚਿੱਤਰਕਲਾ ਦੇ ਗੁਣਾਂ ਨਾਲ ਮੇਲ ਖਾਂਦੀਆਂ ਹਨ। ਡਾ. ਸੁਰਿੰਦਰ ਭੱਠਲ ਨੇ ਵੀ ਇਸ ਕਿਤਾਬ ਦਾ ਖ਼ੈਰਮਕਦਮ ਕਰਦਿਆਂ ਆਪਣੇ ਵਿਚਾਰ ਪ੍ਰਗਟ ਕੀਤੇ। ਮਾਸਟਰ ਰਾਮ ਸਰੂਪ ਸ਼ਰਮਾ ਨੇ ਡਾ. ਤਰਸਪਾਲ ਬਾਰੇ ਖ਼ੂਬਸੂਰਤ ਸ਼ਬਦ-ਚਿੱਤਰ ਪੇਸ਼ ਕੀਤਾ। ਇਸ ਸਮਾਗਮ ਮੌਕੇ ਹੋਏ ਕਵੀ ਦਰਬਾਰ ਵਿਚ ਮੇਜਰ ਸਿੰਘ ਗਿੱਲ, ਦਲਬਾਰ ਸਿੰਘ ਫੌਜੀ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਪ੍ਰੋ. ਅਮਨਦੀਪ ਸ਼ਰਮਾ, ਜਗਰਾਜ ਧੌਲਾ, ਕ੍ਰਿਸ਼ਨ ਕੁਮਾਰ ਅਤੇ ਅਮਿਤੋਜ ਸ਼ਰਮਾ ਨੇ ਆਪਣੇ ਕਲਾਮ ਪੇਸ਼ ਕੀਤੇ।
ਮੁੱਖ ਮਹਿਮਾਨ ਪ੍ਰੋ. ਰਵਿੰਦਰ ਭੱਠਲ ਨੇ ਬਰਨਾਲਾ ਸਕੂਲ ਆਫ਼ ਪੋਇਟਰੀ ਦੀ ਸਰਾਹਨਾ ਕਰਦਿਆਂ ਕਿਹਾ ਕਿ ਨਵੇਂ ਲੇਖਕ ਬਰਨਾਲੇ ਦੇ ਨਾਂ ਨੂੰ ਅੰਤਰਰਾਸ਼ਟਰੀ ਸਫ਼ਾਂ 'ਤੇ ਪਹੁੰਚਾਉਣਗੇ। ਉਹਨਾਂ ਕਾਲਜ ਵਿਚ ਬਿਤਾਏ ਆਪਣੇ ਸਮੇਂ ਨੂੰ ਵੀ ਬੜੀ ਭਾਵੁਕਤਾ ਨਾਲ ਯਾਦ ਕੀਤਾ। ਇਸ ਮੌਕੇ ਐਸ. ਡੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ, ਓਮ ਪ੍ਰਕਾਸ਼ ਗਾਸੋ, ਡਾ. ਗੁਰਇਕਬਾਲ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ, ਭੋਲਾ ਸਿੰਘ ਸੰਘੇੜਾ, ਮੇਜਰ ਸਿੰਘ ਰਾਜਗੜ੍ਹ, ਪਰਮਜੀਤ ਸਿੰਘ ਮਾਨ, ਕੰਵਰਜੀਤ ਭੱਠਲ, ਪੰਛੀ ਪ੍ਰੇਮੀ ਸੰਦੀਪ ਬਾਵਾ ਦੇ ਨਾਲ ਨਾਲ ਐਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੇ ਸਾਰੇ ਪ੍ਰਿੰਸੀਪਲ ਸਾਹਿਬਾਨ, ਵੱਡੀ ਗਿਣਤੀ ਵਿਚ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ। ਸਟੇਜ ਸੰਚਾਲਨ ਪ੍ਰੋ. ਨਵਨੀਤ ਕੌਰ ਨੇ ਕੀਤਾ।