ਚੰਡੀਗੜ੍ਹ, 13 ਨਵੰਬਰ, 2016 : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਅੱਜ ਪ੍ਰਸਿੱਧ ਕਵੀ ਸ਼ਿਵ ਨਾਥ ਦੀ ਕਾਵਿ ਪੁਸਤਕ 'ਵਰਜਿਤ ਫਲ਼' ਨੂੰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ 'ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਰਬਸੰਮਤੀ ਨਾਲ ਚੁਣੇ ਗਏ ਪ੍ਰਧਾਨ ਡਾ. ਸਰਬਜੀਤ ਸਿੰਘ ਦਾ ਵੀ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਚੰਡੀਗੜ੍ਹ ਦੇ ਸੈਕਟਰ 16 ਸਥਿਤ ਪੰਜਾਬ ਕਲਾ ਭਵਨ ਵਿਖੇ ਆਯੋਜਿਤ ਸਮਾਗਮ ਵਿਚ ਸਭ ਤੋਂ ਪਹਿਲਾਂ ਲੇਖਕ ਸਭਾ ਦੇ ਪ੍ਰਧਾਨ ਸਿਰੀਰਾਮ ਅਰਸ਼ ਦੀ ਅਗਵਾਈ ਹੇਠ ਸਮੁੱਚੀ ਪੰਜਾਬੀ ਲੇਖਕ ਸਭਾ ਦੀ ਕਾਰਜਕਾਰਨੀ ਵੱਲੋਂ ਡਾ. ਸਰਬਜੀਤ ਸਿੰਘ ਨੂੰ ਦੁਸ਼ਾਲਾ ਅਤੇ ਫੁੱਲਾਂ ਗੁਲਦਸਤਾ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਉਨ੍ਹਾਂ ਦੇ ਨਾਲ ਮੁੜ ਸਕੱਤਰ ਚੁਣੇ ਗਏ ਐਡਵੋਕੇਟ ਕਰਮਜੀਤ ਸਿੰਘ ਨੂੰ ਵੀ ਸਨਮਾਨਤ ਕੀਤਾ। ਇਸ ਉਪਰੰਤ ਸ਼ਿਵ ਨਾਥ ਦੀ ਕਾਵਿ ਪੁਸਤਕ ਨੂੰ ਰਿਲੀਜ਼ ਕਰਕੇ ਵਿਚਾਰ ਚਰਚਾ ਸ਼ੁਰੂ ਹੋਈ।
ਕਿਤਾਬ 'ਤੇ ਮੁੱਖ ਪਰਚਾ ਪੜ੍ਹਦਿਆਂ ਡਾ. ਦਵਿੰਦਰ ਬੋਹਾ ਨੇ ਸ਼ਿਵ ਨਾਥ ਨੂੰ ਰਮਤਾ ਜੋਗੀ ਦੱਸਦਿਆਂ ਉਸ ਦੀਆਂ ਕਵਿਤਾਵਾਂ ਨੂੰ ਮਾਨਵੀਪੱਖੀ ਕਰਾਰ ਦਿੱਤਾ। ਦਵਿੰਦਰ ਬੋਹਾ ਨੇ ਕਿਹਾ ਕਿ ਸ਼ਿਵਨਾਥ ਸੰਵੇਦਨਸ਼ੀਲ ਕਵੀ ਹਨ। ਉਹ ਵਰਤਮਾਨ ਅਤੇ ਭਵਿੱਖ ਬਾਰੇ ਵੀ ਆਪਣੀ ਕਵਿਤਾ ਰਾਹੀਂ ਖੁੱਲ੍ਹ ਕੇ ਗੱਲ ਕਰਦੇ ਹਨ। ਇਸ ਉਪਰੰਤ ਪ੍ਰਧਾਨਗੀ ਭਾਸ਼ਣ ਵਿਚ ਡਾ. ਸਰਬਜੀਤ ਸਿੰਘ ਹੁਰਾਂ ਨੇ ਜਿੱਥੇ ਸਭਾ ਵੱਲੋਂ ਸਨਮਾਨਤ ਕਰਨ 'ਤੇ ਉਨ੍ਹਾਂ ਸਭ ਦਾ ਧੰਨਵਾਦ ਕੀਤਾ, ਉਥੇ ਉਨ੍ਹਾਂ ਸ਼ਿਵਨਾਥ ਦੀ ਕਿਤਾਬ 'ਵਰਜਿਤ ਫਲ਼' ਬਾਰੇ ਗੱਲ ਕਰਦਿਆਂ ਕਿਹਾ ਕਿ ਦੇਖਣ ਨੂੰ ਸ਼ਿਵ ਨਾਥ ਦੀ ਕਵਿਤਾ ਬਹੁਤ ਸਰਲ ਲਗਦੀ ਹੈ ਪਰ ਉਸ ਵਿਚ ਬਹੁਤ ਕੁਝ ਲੁਕਿਆ ਹੋਇਆ ਹੁੰਦਾ ਹੈ। ਵੱਡੀ ਗੱਲ ਨੂੰ ਸਰਲ ਸ਼ਬਦਾਂ ਵਿਚ ਆਖ ਦੇਣਾ ਇਹ ਤਾਂ ਸ਼ਿਵ ਨਾਥ ਦੀ ਕਲਾ ਹੈ। ਉਨ੍ਹਾਂ ਇਸ ਕਵੀ ਨੂੰ ਸਮਾਜ ਸੁਧਾਰਕ ਕਰਾਰ ਦਿੱਤਾ।
ਆਪਣੀ ਕਿਤਾਬ ਸਬੰਧੀ ਸ਼ਿਵ ਨਾਥ ਹੁਰਾਂ ਨੇ ਗੱਲ ਕਰਦਿਆਂ ਇਸ ਵਿਚੋਂ ਬੜੇ ਭਾਵੁਕ ਅੰਦਾਜ਼ ਵਿਚ ਦੋ ਕਵਿਤਾਵਾਂ 'ਸੰਜੀਵਨੀ' ਅਤੇ 'ਅਸੀਸਾਂ' ਪਾਠਕਾਂ ਸਾਹਮਣੇ ਰੱਖੀਆਂ। ਜ਼ਿਕਰਯੋਗ ਹੈ ਕਿ ਇਹ ਸ਼ਿਵ ਨਾਥ ਦੀ ਅਠਾਰਵੀਂ ਕਿਤਾਬ ਹੈ ਤੇ ਉਹ ਅੱਠ ਕਾਵਿ ਸੰਗ੍ਰਹਿ ਸਿਰਜ ਚੁੱਕੇ ਹਨ। ਇਸ ਮੌਕੇ 'ਤੇ ਲੇਖਕ ਦੀ ਕਵਿਤਾ ਬਾਰੇ ਉਨ੍ਹਾਂ ਦੀ ਕਿਤਾਬ ਬਾਰੇ ਤੇ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਬਾਰੇ ਵਿਸਥਾਰਤ ਗੱਲਾਂ ਮੈਡਮ ਸੁਰਿੰਦਰ ਕੌਰ ਨੇ, ਡਾ. ਗੁਰਨਾਮ ਕੰਵਰ ਨੇ, ਐਡਵੋਕੇਟ ਕਰਮਜੀਤ ਨੇ ਅਤੇ ਸਿਰੀਰਾਮ ਅਰਸ਼ ਹੁਰਾਂ ਨੇ ਕੀਤੀਆਂ। ਸਿਰੀਰਾਮ ਅਰਸ਼ ਨੇ ਲੇਖਕ ਨੂੰ ਦਰਵੇਸ਼ ਕਵੀ ਦੱਸਿਆ ਜਦੋਂ ਮੈਡਮ ਕੰਵਲਜੀਤ ਕੌਰ ਹੁਰਾਂ ਨੇ ਲੇਖਕ ਨੂੰ ਸਿਰੜੀ ਕਵੀ ਦਾ ਖਿਤਾਬ ਦਿੱਤਾ ਤੇ ਮੈਡਮ ਸੁਰਿੰਦਰ ਕੌਰ ਨੇ ਸ਼ਿਵ ਨਾਥ ਨੂੰ ਸਾਹਿਤ ਦਾ ਪਹਿਰੇਦਾਰ ਦੱਸਿਆ। ਆਖਰ ਵਿਚ ਜਿੱਥੇ ਸਭਾ ਦੇ ਪ੍ਰਧਾਨ ਨੇ ਸਭਨਾਂ ਦਾ ਧੰਨਵਾਦ ਕੀਤਾ। ਉਥੇ ਸਭਾ ਦੇ ਜਨਰਲ ਸਕੱਤਰ ਡਾ. ਗੁਰਮੇਲ ਸਿੰਘ ਨੇ ਮੰਚ ਸੰਚਾਲਨ ਬਾਖੂਬੀ ਨਿਭਾਇਆ। ਇਸ ਕਿਤਾਬ ਲੋਕ ਅਰਪਣ ਅਤੇ ਸਨਮਾਨ ਸਮਾਰੋਹ ਵਿਚ ਮਨਜੀਤ ਕੌਰ ਮੀਤ, ਨਿਰਮਲ ਜਸਵਾਲ, ਪਾਲ ਅਜਨਬੀ, ਊਸ਼ਾ ਕੰਵਰ, ਹਰਮਿੰਦਰ ਕਾਲੜਾ, ਪਰਮਜੀਤ ਪਰਮ, ਦੀਪਕ ਸ਼ਰਮਾ ਚਨਾਰਥਲ ਸਮੇਤ ਵੱਡੀ ਗਿਣਤੀ ਵਿਚ ਲੇਖਕ, ਕਵੀ ਤੇ ਸਾਹਿਤਕ ਪ੍ਰੇਮੀ ਮੌਜੂਦ ਸਨ।