ਬਟਾਲਾ, 6 ਮਈ, 2017 : ਪੰਜਾਬੀ ਮਾਂ ਬੋਲੀ ਦੇ ਲਾਡਲੇ ਸ਼ਾਇਰ, ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 44ਵੀਂ ਬਰਸੀ ਅੱਜ ਸ਼ਿਵ ਪ੍ਰੇਮੀਆਂ, ਸਾਹਿਤਕਾਰਾਂ ਤੇ ਬਟਾਲਾ ਵਾਸੀਆਂ ਵੱਲੋਂ ਰਲ ਕੇ ਬਟਾਲਾ ਸ਼ਹਿਰ ‘ਚ ਮਨਾਈ ਗਈ। ਸ਼ਿਵ ਕੁਮਾਰ ਬਟਾਵਲੀ ਆਰਟ ਐਂਡ ਕਲਚਰਲ ਸੁਸਾਇਟੀ ਬਟਾਲਾ ਵੱਲੋਂ ਸ਼ਿਵ ਦੀ ਯਾਦ ‘ਚ ਸਥਾਨਕ ਸ਼ਿਵ ਬਟਾਲਵੀ ਆਡੀਟੋਰੀਅਮ ‘ਚ ਸ਼ਾਨਦਾਰ ਸਹਾਤਿਕ ਸਮਾਗਮ ਤੇ ਕਵੀ ਦਰਬਾਰ ਕਰਾਇਆ ਗਿਆ ਜਿਸ ਵਿੱਚ ਪਦਮ ਸ੍ਰੀ ਸੁਰਜੀਤ ਪਾਤਰ, ਪ੍ਰੋ. ਗੁਰਭਜਨ ਗਿੱਲ, ਤਰਲੋਚਨ ਲੋਚੀ, ਸੁਖਵਿੰਦਰ ਅੰਮਿ੍ਰਤ ਸਮੇਤ ਪੰਜਾਬੀ ਦੇ ਨਾਮਵਰ ਸ਼ਾਇਰਾਂ ਨੇ ਆਪਣੇ ਖੂਬਸੂਰਤ ਕਲਾਮਾਂ ਨਾਲ ਬਿਰਹਾ ਦੇ ਸੁਲਤਾਨ ਨੂੰ ਸ਼ਰਧਾਂਜਲੀਆਂ ਦਿੱਤੀਆਂ।
ਡੇਰਾ ਬਾਬਾ ਨਾਨਕ ਹਲਕੇ ਦੇ ਵਿਧਾਇਕ ਸ. ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਤੇ ਸ਼ਿਵ ਕੁਮਾਰ ਬਟਾਵਲੀ ਆਰਟ ਐਂਡ ਕਲਚਰਲ ਸੁਸਾਇਟੀ ਦੇ ਸਰਪਰਸਤ ਸ. ਸੇਵਾ ਸਿੰਘ ਸੇਖਵਾਂ, ਸਾਬਕਾ ਵਿਧਾਇਕ ਸ੍ਰੀ ਅਸ਼ਵਨੀ ਸੇਖੜੀ, ਵਿਧਾਇਕ ਸ. ਲਖਬੀਰ ਸਿੰਘ ਲੋਧੀਨੰਗਲ, ਸੁਸਾਇਟੀ ਦੇ ਪ੍ਰਧਾਨ ਡਾ. ਸਤਨਾਮ ਸਿੰਘ ਨਿੱਜਰ, ਐਸ.ਡੀ.ਐਮ. ਬਟਾਲਾ ਸ. ਪਿਰਥੀ ਸਿੰਘ, ਐਸ.ਡੀ.ਐਮ. ਡੇਰਾ ਬਾਬਾ ਨਾਨਕ ਸ. ਸਕੱਤਰ ਸਿੰਘ ਬੱਲ, ਐਸ.ਪੀ. ਪਿਰਥੀ ਪਾਲ ਸਿੰਘ, ਬਲਵਿੰਦਰ ਸਿੰਘ ਸ਼ਾਹ, ਤਹਿਸੀਲਦਾਰ ਮਨਜੀਤ ਸਿੰਘ ਸਮੇਤ ਹੋਰ ਪ੍ਰਮੁੱਖ ਹਸਤੀਆਂ ਹਾਜ਼ਰ ਸਨ। ਨਿਪਾਲ ਦੇ ਉੱਪ ਰਾਸ਼ਟਰਪਤੀ ਦੇ ਸਲਾਹਕਾਰ ਮਹਾਂਵੀਰ ਪ੍ਰਸ਼ਾਦ ਟੋਡੀ ਵੀ ਵਿਸ਼ੇਸ਼ ਤੌਰ ‘ਚ ਸ਼ਿਵ ਬਟਾਲਵੀ ਦੇ ਬਰਸੀ ਸਮਾਗਮ ‘ਚ ਪਹੁੰਚੇ।
ਸ਼ਿਵ ਕੁਮਾਰ ਬਟਾਲਵੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸਮਾਗਮ ਦੇ ਮੁੱਖ ਮਹਿਮਾਨ ਵਿਧਾਇਕ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ਼ਿਵ ਬਟਾਲਵੀ ਪੰਜਾਬੀ ਮਾਂ ਬੋਲੀ ਦਾ ਉਹ ਸ਼ਾਇਰ ਹੈ ਜਿਸ ਨੇ ਬਟਾਲਾ ਸ਼ਹਿਰ ਦਾ ਨਾਮ ਪੂਰੀ ਦੁਨੀਆਂ ‘ਚ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਸ਼ਿਵ ਦੀ ਰਚਨਾ ਇਨੀ ਬਾ-ਕਮਾਲ ਹੈ ਕਿ ਪੂਰੀ ਦੁਨੀਆਂ ਉਸਦੀ ਲੇਖਣੀ ਦੀ ਕਾਇਲ ਹੈ। ਉਨਾਂ ਕਿਹਾ ਕਿ ਸ਼ਿਵ ਬਟਾਲਵੀ ਅੱਜ ਵੀ ਹਰ ਪੰਜਾਬੀ ਦੇ ਦਿਲ ‘ਚ ਜ਼ਿੰਦਾ ਹੈ ਅਤੇ ਉਸਦੀਆਂ ਕਵਿਤਾਵਾਂ ਤੇ ਗੀਤ ਹਮੇਸ਼ਾਂ ਲੋਕ ਮਨਾਂ ਤੇ ਚੇਤਿਆਂ ‘ਚ ਵਸੇ ਰਹਿਣਗੇ। ਸ. ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਗਲੇ ਸਾਲ ਸ਼ਿਵ ਦੀ ਬਰਸੀ ਮੌਕੇ ਸਰਕਾਰੀ ਸਮਾਗਮ ਕਰਾਇਆ ਜਾਵੇਗਾ ਜਿਸ ਵਿੱਚ ਦੁਨੀਆਂ ਦੇ ਮਕਬੂਲ ਸ਼ਾਇਰ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਸ਼ਿਵ ਆਡੀਟੋਰੀਅਮ ਦੀਆਂ ਜੋ ਵੀ ਜਰੂਰਤਾਂ ਹਨ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਜਾਵੇਗਾ ਅਤੇ ਸ਼ਿਵ ਬਟਾਲਵੀ ਦੀ ਯਾਦਗਾਰ ਲਈ ਪੈਸੇ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਸੁਸਾਇਟੀ ਦੇ ਸਰਪਰਸਤ ਸ. ਸੇਵਾ ਸਿੰਘ ਸੇਖਵਾਂ ਨੇ ਵੀ ਸ਼ਿਵ ਨੂੰ ਪੰਜਾਬੀ ਸਾਹਿਤ ਦਾ ਧਰੂ ਤਾਰਾ ਦੱਸਦਿਆਂ ਕਿਹਾ ਕਿ ਸ਼ਿਵ ਬਟਾਲਵੀ ਨੇ ਛੋਟੀ ਜਿਹੀ ਉਮਰ ‘ਚ ਸਾਹਿਤ ਦੇ ਖੇਤਰ ‘ਚ ਸਭ ਤੋਂ ਉੱਚਾ ਸਥਾਨ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਸ਼ਿਵ ਦੀ ਸ਼ਾਇਰੀ ਅੱਜ ਵੀ ਤਰੋ-ਤਾਜ਼ਾ ਅਤੇ ਜਵਾਨ ਹੈ। ਸ਼ਿਵ ਦੇ ਗੀਤਾਂ ਦਾ ਬਿਰਹੋਂ ਹਰ ਕਿਸੇ ਦੇ ਦਿਲ ਨੂੰ ਛੂੰਹਦਾ ਹੈ ਅਤੇ ਇਹ ਮਲੂਕੜਾ ਜਿਹਾ ਸ਼ਾਇਰ ਹਮੇਸ਼ਾਂ ਲੋਕ ਮਨਾਂ ‘ਚ ਵੱਸਦਾ ਰਹੇਗਾ।
ਸ਼ਿਵ ਬਟਾਲਵੀ ਦੀ ਬਰਸੀ ਮੌਕੇ ਕਰਾਏ ਕਵੀ ਸੰਮੇਲਨ ‘ਚ ਪਦਮ ਸ੍ਰੀ ਸੁਰਜੀਤ ਪਾਤਰ ਨੇ ਆਪਣੇ ਖੂਬਸੂਰਤ ਕਲਾਮ ਨਾਲ ਸ਼ਿਵ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸ਼ਿਵ ਦੀ ਪੰਜਾਬੀ ਸਾਹਿਤ ਨੂੰ ਬਹੁਤ ਮਹਾਨ ਦੇਣ ਹੈ। ਸ੍ਰੀ ਪਾਤਰ ਨੇ ਤਰੰਨਮ ਵਿੱਚ ਆਪਣੇ ਗੀਤ ਵੀ ਸਰੋਤਿਆਂ ਅੱਗੇ ਪੇਸ਼ ਕੀਤੇ। ਇਸ ਤੋਂ ਪਹਿਲਾਂ ਪ੍ਰੋ ਗੁਰਭਜਨ ਗਿੱਲ ਨੇ ਸ਼ਿਵ ਬਟਾਲਵੀ ਦੇ ਜੀਵਨ ਤੇ ਉਸਦੀਆਂ ਰਚਨਾਵਾਂ ਬਾਰੇ ਸਰੋਤਿਆਂ ਨਾਲ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸ਼ਿਵ ਸਾਰਿਆਂ ਦਾ ਸਾਂਝਾ ਹੈ ਅਤੇ ਸਾਨੂੰ ਰਲ ਕੇ ਉਸਦੀ ਯਾਦ ਨੂੰ ਮਨਾਉਣਾ ਚਾਹੀਦਾ ਹੈ। ਇਸ ਮੌਕੇ ਪ੍ਰੋ ਗਿੱਲ ਨੇ ਵੀ ਆਪਣੀ ਕਵਿਤਾ ਦੀ ਸਾਂਝ ਪਾਈ।
ਇਸ ਮੌਕੇ ਸ਼ਾਇਰਾ ਸੁਖਵਿੰਦਰ ਅੰਮਿ੍ਰਤ, ਤ੍ਰੈਲੋਚਨ ਲੋਚੀ, ਡਾ. ਰਵਿੰਦਰ, ਅਜਾਇਬ ਹੁੰਦਲ, ਅਰਤਿੰਦਰ ਸੰਧੂ, ਮਲਵਿੰਦਰ, ਅਵਤਾਰ ਸਿੱਧੂ, ਬੀਬਾ ਬਲਵੰਤ, ਵਿਸ਼ਾਲ, ਡਾ. ਵਿਕਰਮ, ਫਰਤੂਲ ਚੰਦ ਫੱਕਰ, ਜੇ.ਪੀ. ਸਿੰਘ, ਜਸਵੰਤ ਹਾਂਸ, ਅਜੀਤ ਕਮਲ, ਸੁਖਦੇਵ ਪ੍ਰੇਮੀ, ਸੁਨੀਲ ਕੁਮਾਰ, ਸੁਲਤਾਨ ਭਾਰਤੀ, ਸੰਧੂ ਬਟਾਲਵੀ, ਸੁਭਾਸ਼ ਗੁਰਦਾਸਪੁਰ, ਰਵਿੰਦਰ ਭੱਠਲ, ਸਿਮਰਤ ਸੁਮੈਰਾ, ਮਨਜਿੰਦਰ ਧਨੋਆ, ਅਜੀਤ ਕਮਲ, ਡਾ. ਗੁਰਇਕਬਾਲ ਸਿੰਘ ਨੇ ਆਪਣੀ ਸ਼ਾਇਰੀ ਰਾਹੀਂ ਸਰੋਤਿਆਂ ਦਾ ਮਨ ਮੋਹਿਆ। ਇਸ ਮੌਕੇ ਹਰਭਜਨ ਮਲਕਪੁਰੀ ਅਤੇ ਬੀਬਾ ਪਰਮਜੀਤ ਕੌਰ ਨੇ ਸ਼ਿਵ ਦੇ ਗੀਤਾਂ ਨੂੰ ਗਾ ਕੇ ਸਮਾਂ ਬੰਨਿਆ।
ਇਸ ਤੋਂ ਪਹਿਲਾਂ ਆਏ ਹੋਏ ਮਹਿਮਾਨਾਂ ਨੇ ਸ਼ਿਵ ਬਟਾਲਵੀ ਦੀ ਯਾਦ ‘ਚ ਸਕੂਲੀ ਵਿਦਿਆਰਥੀਆਂ ਦੇ ਕਰਾਏ ਗਏ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਸਮਾਗਮ ਦੇ ਅਖੀਰ ਵਿੱਚ ਡਾ. ਅਨੂਪ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਾਇਰ ਜਸਵੰਤ ਹਾਂਸ਼, ਚੰਨ ਬੋਲੇਵਾਲੀਆ, ਵਿਜੇ ਅਗਨੀਹੋਤਰੀ, ਰਜਿੰਦਰਪਾਲ ਸਿੰਘ ਧਾਲੀਵਾਲ, ਪਿ੍ਰਸੀਪਲ ਹਰਬੰਸ ਸਿੰਘ, ਸਤਿੰਦਰ ਕੌਰ ਪੰਨੂੰ, ਨਰਿੰਦਰ ਸੇਖਵਾਂ, ਹਰਿੰਦਰ ਕਲਸੀ, ਸਵਿੰਦਰ ਸਿੰਘ ਭਾਗੋਵਾਲੀਆ, ਪੀ.ਸੀ. ਪਿਆਸਾ, ਰਵਿੰਦਰ ਸ਼ਰਮਾਂ, ਡਾ. ਇੰਦਰਜੀਤ ਸਿੰਘ, ਫਿਦਾ ਬਟਾਲਵੀ, ਡਾ. ਰਜਿੰਦਰ ਸਿੰਘ ਪਦਮ ਸਮੇਤ ਸ਼ਹਿਰ ਦੀਆਂ ਉੱਘੀਆਂ ਹਸਤੀਆਂ ਹਾਜ਼ਰ ਸਨ।