ਲੁਧਿਆਣਾ, 19 ਅਕਤੂਬਰ, 2016 : ਪੰਜਾਬੀ ਸੰਗੀਤ ਉਦਯੋਗ ਦੀ ਨਾਮੀਂ ਸਖਸ਼ੀਅਤ ਸ਼ਮਸ਼ੇਰ ਸੰਧੂ ਵੱਲੋਂ ਰਾਏਕੋਟ ਨਜ਼ਦੀਕ ਬੱਸੀਆ ਵਾਸੀ ਇੰਦਰ ਸਿੰਘ ਦੇ ਨਵੇਂ ਗੀਤ 'ਯਾਰ ਤੇਰਾ' ਦਾ ਪੋਸਟਰ ਜਾਰੀ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਇੰਦਰ ਸਿੰਘ ਇਕ ਸੁਰੀਲਾ, ਮਿੱਠੀ ਅਤੇ ਵਿਲੱਖਣ ਆਵਾਜ਼ ਦਾ ਮਾਲਿਕ ਹੈ ਅਤੇ ਉਮੀਦ ਹੈ ਕਿ ਭਵਿੱਖ ਵਿਚ ਇਹ ਗਾਇਕ ਪੰਜਾਬੀ ਗੀਤ-ਸੰਗੀਤ ਅਤੇ ਸੱਭਿਆਚਾਰ ਵਿਚ ਆਪਣਾ ਭਰਪੂਰ ਤੇ ਨਿੱਗਰ ਯੋਗਦਾਨ ਪਾਵੇਗਾ। ਇਸ ਮੌਕੇ ਉੱਪ ਮੁੱਖ ਮੰਤਰੀ ਦੇ ਲੋਕ ਸੰਪਰਕ ਅਧਿਕਾਰੀ ਨਰਿੰਦਰ ਪਾਲ ਸਿੰਘ ਜਗਦਿਓ, ਸਿੱਖਿਆ ਮੰਤਰੀ ਦੇ ਲੋਕ ਸੰਪਰਕ ਅਧਿਕਾਰੀ ਨਵਦੀਪ ਸਿੰਘ ਗਿੱਲ, ਜਸਵਿੰਦਰ ਸਿੰਘ, ਰਤਨ ਸਿੰਘ, ਗੁਰਨੇਕ ਸਿੰਘ ਨੇਕੀ ਅਤੇ ਡਾ. ਹਰਦਿਆਲ ਸਿੰਘ ਸਿਵੀਆ ਵੀ ਹਾਜ਼ਰ ਸਨ।
ਇੰਦਰ ਸਿੰਘ ਨੇ ਦੱਸਿਆ ਕਿ 'ਯਾਰ ਤੇਰਾ' ਗੀਤ ਵਿਸ਼ਵ ਭਰ ਵਿਚ 27 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗਾਣੇ ਦੀ ਵਧੇਰੇ ਸ਼ੂਟਿੰਗ ਕੈਨੇਡਾ ਵਿਚ ਕੀਤੀ ਗਈ ਹੈ ਅਤੇ ਇਸ ਦਾ ਸੰਗੀਤ ਤੇਜ ਬਰਾੜ (ਟੀਬੀਐਮ) ਤੇ ਆਰਐਸਐਮ ਵੱਲੋਂ ਤਿਆਰ ਕੀਤਾ ਗਿਆ ਹੈ ਜਦਕਿ ਵੀਡੀਓ ਵਿਸਾਰੇ ਮੀਡੀਆ ਗਰੁੱਪ ਵੱਲੋਂ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਸ ਵੱਲੋਂ ਗਾਏ ਸਿੰਗਲ ਟਰੈਕ 'ਸਲਾਹ' ਰਾਹੀਂ ਸ਼ੋਸ਼ਲ ਮੀਡੀਆ ਵਿਚ ਉਸ ਦੇ ਵੱਡੀ ਗਿਣਤੀ ਵਿਚ ਪ੍ਰਸੰਸ਼ਕ ਬਣੇ ਹਨ ਅਤੇ ਹੁਣ 'ਯਾਰ ਤੇਰਾ' ਗੀਤ ਨੂੰ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਰੋਤਿਆਂ ਨੇ 'ਕੁਆਰਾ' ਗੀਤ ਨੂੰ ਵੀ ਭਰਵਾਂ ਹੁੰਗਾਰਾ ਦਿੱਤਾ ਸੀ।