ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਪੰਜਾਬੀ ਮਾਤ-ਭਾਸ਼ਾ ਦਿਵਸ ਮਨਾਇਆ
ਲੁਧਿਆਣਾ, 21 ਫ਼ਰਵਰੀ, 2021 : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਸੰਵਾਦ ਤੇ ਪੰਜਾਬੀ ਮਾਤ-ਭਾਸ਼ਾ ਤੇ ਕਿਸਾਨੀ ਕਵੀ ਦਰਬਾਰ ਦਾ ਆਯੋਜਨ ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਜਸਵਿੰਦਰ ਸਿੰਘ ਨੇ ਕੀਤੀ। ਇਸ ਮੌਕੇ ਡਾ. ਰਜਨੀਸ਼ ਸਿੰਘ ਬਹਾਦਰ ਹੋਰਾਂ ਨੇ ਮੁੱਖ ਭਾਸ਼ਣ ਦਿੰਦਿਆਂ ਕਿਹਾ ਕਿ ਪੰਜਾਬੀ ਦਾ ਇਤਿਹਾਸ ਬਹੁਤ ਪੁਰਾਣਾ ਹੈ ਅਤੇ ਇਸ ਨੇ ਹਰ ਯੁਗ ਵਿਚੋਂ ਗੁਜ਼ਰਦਿਆਂ ਵੱਖ-ਵੱਖ ਵਿਰੋਧਾਂ ਅਤੇ ਸੰਕਟਾਂ ਦਾ ਸਾਹਮਣਾ ਕਰਦਿਆਂ ਅਜੋਕਾ ਸਰੂਪ ਅਖ਼ਤਿਆਰ ਕੀਤਾ ਹੈ।
ਮੁੱਦਾ ਇਹ ਹੈ ਕਿ ਕਿਵੇਂ ਇਸ ਨੂੰ ਗਿਆਨ ਅਤੇ ਪ੍ਰਸ਼ਾਸਨ ਦੇ ਸਭ ਖੇਤਰਾਂ ਵਿਚ ਹੱਕੀ ਰੁਤਬਾ ਪ੍ਰਦਾਨ ਕੀਤਾ ਜਾਏ। ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਅੱਜ ਪੰਜਾਬੀ ਦੇ ਵਿਕਾਸ ਦੀ ਗੱਲ ਨੂੰ ਗੁਰਮੁਖੀ ਲਿੱਪੀ ਨਾਲੋਂ ਤੋੜ ਕੇ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਅਜੋਕੇ ਯੁੱਗ ਵਿਚ ਕੰਪਿਊਟਰ ਤਕਨਾਲੋਜੀ ਨੇ ਪੰਜਾਬੀ ਦੇ ਵਿਕਾਸ ਲਈ ਨਵੀਆਂ ਵੰਗਾਰਾਂ ਅਤੇ ਸੰਭਾਵਨਾਵਾਂ ਵੀ ਖੋਲ੍ਹੀਆਂ ਹਨ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਅੱਜ ਲੇਖਕਾਂ ਅਤੇ ਪੰਜਾਬੀ ਅਧਿਆਪਕਾਂ ਨੂੰ ਇਕ ਜੁੱਟ ਹੋ ਕੇ ਪੰਜਾਬੀ ਦੇ ਪ੍ਰਚਾਰ/ਪਾਸਾਰ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਨੂੰ ਬਚਾਉਣ ਲਈ ਸਾਨੂੰ ਸਰਕਾਰਾਂ ਨਾਲ ਵੀ ਲੜਨਾ ਪੈਣਾ ਤੇ ਆਪਣੇ ਆਪ ਨਾਲ ਵੀ ਕਿਉਕਿ ਅਸੀਂ ਆਪ ਜੀਵਨ ਵਿਚ ਪੰਜਾਬੀ ਤੋਂ ਗੁਰੇਜ਼ ਕਰਨ ਲੱਗੇ ਹਾਂ।
ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਮਾਤ ਭਾਸ਼ਾ ਦਾ ਸੰਘਰਸ਼ ਲੋਕਤੰਤਰੀ ਅਧਿਕਾਰਾਂ ਨਾਲ ਜੁੜਿਆ ਹੋਇਆ ਹੈ। ਅਸੀਂ ਗਿਆਨ ਨਾਲ ਸਿਰਜਣਾਤਮਕ ਰਿਸ਼ਤਾ ਤਾਂ ਹੀ ਬਣਾ ਸਕਦੇ ਹਾਂ ਜੇ ਅਸੀਂ ਗਿਆਨ ਨੂੰ ਮਾਤ-ਭਾਸ਼ਾ ਰਾਹੀਂ ਆਤਮਸਾਤ ਕਰੀਏ। ਸਮਾਗਮ ਦਾ
ਮੰਚ ਸੰਚਾਲਨ ਕਰਦਿਆਂ ਅਕਾਡਮੀ ਦੇ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਅਨੇਕਾਂ ਵੰਗਾਰਾਂ ਵਿਚੋਂ ਗੁਜ਼ਰ ਰਹੀ ਹੈ ਅਤੇ ਇਨ੍ਹਾਂ ਨਾਲ ਜੂਝਦਿਆਂ ਹੀ ਇਸ ਨੇ ਭਵਿੱਖਤ ਰਸਤਾ ਤੈਅ ਕਰਨਾ ਹੈ। ਭਾਸ਼ਾ ਦੇ ਅਧਿਆਪਨ ਬਾਰੇ ਵਿਗਿਆਨਕ ਸੋਝੀ ਅਤੇ ਵਾਜਿਬ ਗਿਆਨ ਦੇ ਜਰੀਏ ਹੀ ਅਸੀਂ ਪੰਜਾਬੀ ਬਾਰੇ ਬਣੀਆਂ ਮਿੱਥਾਂ ਤੋੜ ਸਕਦੇ ਹਾਂ। ਸਮਾਗਮ ਦੇ ਸੰਯੋਜਕ ਤਰਲੋਚਨ ਲੋਚੀ ਨੇ ਪਹੁੰਚੇ ਸਾਰੇ ਲੇਖਕਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ।
ਕਵੀ ਦਰਬਾਰ ਵਿਚ ਸ਼ਾਇਰ ਸਤੀਸ਼ ਗੁਲਾਟੀ, ਤਰਲੋਚਨ ਲੋਚੀ, ਜਸਪ੍ਰੀਤ ਫ਼ਲਕ, ਕਰਮਜੀਤ ਗਰੇਵਾਲ, ਅਮਰਜੀਤ ਸ਼ੇਰਪੁਰੀ, ਰਾਜਦੀਪ ਤੂਰ, ਮਨਜਿੰਦਰ ਧਨੋਆ, ਜਸਲੀਨ ਕੌਰ, ਬਲਦੇਵ ਸਿੰਘ ਝੱਜ, ਹਰਦਿਆਲ ਪਰਵਾਨਾ ਆਦਿ ਕਵੀਆਂ ਨੇ ਸਾਂਝ ਪਾਈ। ਕਵੀ ਦਰਬਾਰ ਦਾ ਮੰਚ
ਸੰਚਾਲਨ ਤਰਲੋਚਨ ਨੇ ਬਾਖ਼ੂਬੀ ਕੀਤਾ।
ਇਸ ਮੌਕੇ ਇੰਦਰਜੀਤ ਪਾਲ ਕੌਰ, ਡਾ. ਪਰਮਜੀਤ ਸਿੰਘ ਸੋਹਲ, ਸੁਖਦੀਪ ਸ਼ੈਰੀ, ਅਮਰਜੀਤਸ਼ੇਰਪੁਰੀ, ਮਹਿੰਦਰ ਸਿੰਘ ਗਰੇਵਾਲ, ਬਲਬੀਰ ਸਿੰਘ ਸੂਚ, ਜਸਪ੍ਰੀਤ, ਬਲਵੰਤ ਗਿਆਸਪੁਰਾ, ਸੁਰਿੰਦਰ ਦੀਪ, ਸੁਖਚਰਨਜੀਤ ਕੌਰ ਗਿੱਲ, ਕਮਲਪ੍ਰੀਤ ਕੌਰ, ਬਲਵਿੰਦਰ ਸਿੰਘ ਔਲਖ ਗਲੈਕਸੀ, ਸਤਿਬੀਰ ਸਿੰਘ। ਸੁਖਵਿੰਦਰ ਸਿੰਘ ਅਨਹਦ, ਹਰਦੀਪ ਸਿੰਘ ਬਿਰਦੀ, ਰਣਧੀਰ ਕੰਵਲ, ਲਲਿਤ ਕਲਸੀ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ।