ਪੀਪਲਜ਼ ਲਿਟਰੇਰੀ ਫੈਸਟੀਵਲ ’ਚ ਰਿਲੀਜ਼ ਹੋਵੇਗੀ ‘ਚਰਨਜੀਤ ਭੁੱਲਰ’ ਦੀ ਪੁਸਤਕ
ਅਸ਼ੋਕ ਵਰਮਾ
ਬਠਿੰਡਾ,23ਦਸੰਬਰ 2021: ਪੰਜਾਬ ਦੇ ਸੀਨੀਅਰ ਪੱਤਰਕਾਰ ‘ਚਰਨਜੀਤ ਭੁੱਲਰ’ ਵੱਲੋਂ ਲਿਖੀ ਨਵੀਂ ਪੁਸਤਕ ‘ਪੰਜਾਬ ਐਂਡ ਸੰਨਜ਼’ ਪੀਪਲਜ ਫੋਰਮ (ਰਜਿ.) ਬਰਗਾੜੀ,ਪੰਜਾਬ ਵੱਲੋਂ ਪੰਜਾਬ ਕਲਾ ਪ੍ਰੀਸ਼ਦ ,ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਪੀਪਲਜ਼ ਲਿਟਰੇਰੀ ਫੈਸਟੀਵਲ ’ਚ ਰਿਲੀਜ਼ ਕੀਤੀ ਜਾ ਰਹੀ ਹੈ। ਪੀਪਲਜ਼ ਫੋਰਮ ਵੱਲੋਂ ਕਰਵਾਇਆ ਜਾਣ ਵਾਲਾ ਇਹ ਚੌਥਾ ਫੈਸਟੀਵਲ ਹੈ ਜੋ 25 ਦਸੰਬਰ ਨੂੰ ਟੀਚਰਜ਼ ਹੋਮ ਬਠਿੰਡਾ ਵਿਖੇ ਸ਼ੁਰੂ ਹੋਣ ਜਾ ਰਿਹਾ ਹੈ। ਆਪਣੀ ਹੀ ਕਿਸਮ ਦੇ ਇਸ ਸਾਹਿਤਕ ਮੇਲੇ ਦਾ ਉਦਘਾਟਨ ਐਨ ਐਚ ਏ ਆਈ ਦੇ ਸਲਾਹਕਾਰ ਕਾਹਨ ਸਿੰਘ ਪੰਨੂੰ ਵੱਲੋਂ ਕੀਤਾ ਜਾ ਰਿਹਾ ਹੈ । ਇਸ ਦਿਨ ਦੇ ਸਮਾਗਮ ਦੀ ਪ੍ਰਧਾਨਗੀ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਕਰਨਗੇ ਜਦੋਂਕਿ ਪੰਜਾਬੀ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਵੱਲੋਂ ਸਮਾਗਮ ’ਚ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਾ ਰਹੀ ਹੈ ।
ਲਗਾਤਾਰ ਚਾਰ ਦਿਨ ਚੱਲਣ ਵਾਲਾ ਇਹ ਫੈਸਟੀਵਲ ਇਸ ਵਾਰ ਖੇਤੀ ਕਾਨੂੰਨਾਂ ਖਿਲਾਫ ਚੱਲੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜਦੂਰਾਂ ਨੂੰ ਸਰਮਪਿਤ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫੈਸਟੀਵਲ ਦੇ ਪਹਿਲੇ ਦਿਨ ਪੰਜਾਬ ਦੀਆਂ ਅਹਿਮ ਸ਼ਖਸ਼ੀਅਤਾਂ ਵੱਲੋਂ ਰਿਲੀਜ਼ ਕੀਤੀ ਜਾਣ ਵਾਲੀ ਚਰਨਜੀਤ ਭੁੱਲਰ ਦੀ ਪੁਸਤਕ ਵਿੱਚ ਵੀ ਕਿਸਾਨੀ ਸੰਘਰਸ਼ ਅਤੇ ਇਸ ਦੌਰਾਨ ਵਾਪਰੀਆਂ ਸਮਾਜਿਕ ਤੇ ਸਿਆਸੀ ਘਟਨਾਵਾਂ ਦੀ ਛਾਪ ਹੋਵੇਗੀ। ਚਰਨਜੀਤ ਭੁੱਲਰ ਵੱਲੋਂ ਲਿਖੀ ਗਈ ਇਹ ਦੂਸਰੀ ਪੁਸਤਕ ਹੈ । ਭੁੱਲਰ ਇਸ ਤੋਂ ਕਈ ਸਾਲ ਪਹਿਲਾਂ ‘ਖੁੱਲ੍ਹੀ ਖਿੜਕੀ’ ਪੁਸਤਕ ਰਾਹੀਂ ਪਾਠਕਾਂ ਦੇ ਰੂਬਰੂ ਹੋ ਚੁੱਕਿਆ ਹੈ। ‘ਖੁੱਲੀ ਖਿੜਕੀ’ ਵਿੱਚ ਵੀ ਭੁੱਲਰ ਨੇ ਆਪਣੀ ਖਿੜਕੀ ਨੂੰ ਸਮਾਜ ਵਾਲੇ ਪਾਸੇ ਖੁੱਲ੍ਹਾ ਰੱਖਿਆ ਹੈ ।
ਨਿੱਤ ਵਾਪਰਦੀਆਂ ਘਟਨਾਵਾਂ ,ਗਿਰਗਿਟ ਦੀ ਤਰਾਂ ਰੰਗ ਬਦਲਲਦੇ ਬੰਦਿਆਂ, ਰਿਸ਼ਵਤ ਦਾ ਨਿਵੇਕਲੇ ਢੰਗਾਂ ਨਾਲ ਪ੍ਰਚਲਣ ਅਤੇ ਸਮਾਜਿਕ ਘਟਨਾਵਾਂ ਨੂੰ ਇੱਕ ਅਦਬੀ ਅੰਦਾਜ਼ ’ਚ ਪੇਸ਼ ਕੀਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਭੁੱਲਰ ਦੀ ਨਵੀਂ ਪੁਸਤਕ ‘ਪੰਜਾਬ ਐਂਡ ਸੰਨਜ਼’ ’ਚ ਵੀ ਆਪਣੇ ਬੂਹੇ ਸਮਾਜ ਵੱਲ ਹੀ ਖੁੱਲ੍ਹੇ ਰੱਖੇ ਗਏ ਹੋਣਗੇ। ਆਪਣੀ ਪੁਸਤਕ ਸਬੰਧੀ ਜੋ ਮੁਢਲੀ ਜਾਣਕਾਰੀ ਭੁੱਲਰ ਨੇ ਅੱਜ ਆਪਣੇ ਫੇਸਬੁੱਕ ਅਕਾਊਂਟ ਤੇ ਸਾਂਝੀ ਕੀਤੀ ਹੈ ਉਸ ਤੋਂ ਵੀ ਕਾਫੀ ਹੱਦ ਤੱਕ ਏਦਾਂ ਦੇ ਸੰਕੇਤ ਹੀ ਮਿਲਦੇ ਹਨ।
ਭੁੱਲਰ ਵੱਲੋਂ ਫੇਸਬੁੱਕ ਤੇ ਲਿਖਿਆ ਪੜ੍ਹਨ ਉਪਰੰਤ ਪੜਚੋਲ ਕਰੀਏ ਤਾਂ ਪਹਿਲੀ ਨਜ਼ਰੇ ਇਹੀ ਸਮਝ ਆਉਂਦਾ ਹੈ ਕਿ ਪਸੁਤਕ ’ਚ ਪੰਜਾਬ ਦੀ ਗੱਲ, ਅਗਲੇ ਪੋਚ ਦੀ ਗੱਲ,ਪਿੰਡਾਂ ਦੀਆਂ ਸੱਥਾਂ ਤੇ ਪੰਜਾਬ ਦੇ ਆਉਣ ਵਾਲੇ ਸਮੇਂ ਦਾ ਹਾਲ ਅਤੇ ਸਿਆਸੀ ਆਗੂਆਂ ਵੱਲੋਂ ਨਿਭਾਈ ਭੂਮਿਕਾ ਖਾਸ ਤੌਰ ਤੇ ਸਾਲ 2017 ਤੋਂ ਹੁਣ ਤੱਕ ਰਾਜਨੀਤਕ ਪਾਰਟੀਆਂ ਵੱਲੋਂ ਚੱਲੇ ਜਾ ਰਹੇ ਪੱਤਿਆਂ ਨੂੰ ਸਾਹਮਣੇ ਲਿਆਉਣ ਅਤੇ ਵਿਸ਼ਲੇਸ਼ਣ ਕਰਨ ਦਾ ਇਹ ਇੱਕ ਅਹਿਮ ਤੇ ਨਿਵੇਕਲਾ ਯਤਨ ਹੋਵੇਗਾ। ਪੁਸਤਕ ’ਚ ਪੰਜਾਬ ਦੀ ਜੁਆਨੀ ਦੇ ਨਸ਼ਿਆਂ ਦੇ ਤੰਦੂਆ ਜਾਲ ’ਚ ਫਸਣ ,ਬੇਰੁਜ਼ਗਾਰੀ ਅਤੇ ਸਿਆਸੀ ਤਿਲਕਣਬਾਜੀ ਬਾਰੇ ਵੀ ਕਾਫੀ ਕੁੱਝ ਸਾਹਮਣੇ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਇਸੇ ਤਰਾਂ ਹੀ ਲੰਘੇ ਪੰਜ ਵਰਿ੍ਹਆਂ ’ਚ ਵਾਪਰੀਆਂ ਸਿਆਸੀ ਘਟਨਾਵਾਂ,ਬੇਰੁਜ਼ਗਾਰਾਂ ਦਾ ਸੜਕਾਂ ਤੇ ਰੁਲਣਾ ਤੇ ਉਨ੍ਹਾਂ ਨਾਲ ਕੁੱਟ ਕੁਟਾਪਾ ਅਤੇ ਟੈਂਕੀਆਂ ਤੇ ਚੜ੍ਹਕੇ ਹੱਕ ਮੰਗਣ ਵਾਲਿਆਂ ਦਾ ਬਿਰਤਾਂਤ ਵੀ ਪੁਸਤਕ ਦੇ ਪੰਨਿਆਂ ਦਾ ਭਾਗ ਹੋਣ ਦੇ ਅਨੁਮਾਨ ਹਨ। ਭੁੱਲਰ ਦੀ ਇਸ ਪੁਸਤਕ ਨੂੰ ਇਸ ਪੱਖ ਤੋਂ ਵੀ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ ਕਿ ਜਦੋਂ ਲਗਾਤਾਰ ਇੱਕ ਸਾਲ ਚੱਲਿਆ ਕਿਸਾਨ ਸੰਘਰਸ਼ ਇਤਿਹਾਸਕ ਹੋ ਨਿਬੜਿਆ ਹੈ ਤਾਂ ਇਸ ਨਾਲ ਜੁੜੀਆਂ ਲਿਖਤਾਂ ਵੀ ਨਿਰਸੰਦੇਹ ਇਤਿਹਾਸ ਦਾ ਹਿੱਸਾ ਬਨਣਗੀਆਂ। ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ‘ਸਵਾਰਜਬੀਰ’ ਵੱਲੋਂ ਵੀ ਪੁਸਤਕ ਦੀ ਜਿਲਦ ਦੇ ਅੰਤਮ ਪੰਨੇ ਤੇ ਭੁੱਲਰ ਦੇ ਲਿਖਣ ਸਬੰਧੀ ਅੰਦਾਜ਼ ਅਤੇ ਵਿਸ਼ਿਆਂ ਦੇ ਨਾਲ ਇਸ ਦਿਸ਼ਾ ’ਚ ਹੀ ਇਸ਼ਾਰੇ ਕੀਤੇ ਗਏ ਹਨ।
ਸਵਰਾਜਬੀਰ ਲਿਖਦੇ ਹਨ ਕਿ ਚਰਨਜੀਤ ਭੁੱਲਰ ਦੀ ਭਾਸ਼ਾ ਪਾਠਕਾਂ ਨਾਲ ਸੰਵਾਦ ਰਚਾਉਣ ਵਾਲੀ ਅਤੇ ਪਾਠਕਾਂ ਨੂੰ ਬੰਨ੍ਹ ਕੇ ਰੱਖਣ ਵਾਲੀ ਹੁੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਭੁੱਲਰ ਦੀ ਲੇਖਣੀ ’ਚ ਨਿੱਜੀ ਤਜ਼ਰਬੇ ਅਤੇ ਹਕੀਕਤਾਂ ਬਾਰੇ ਵੀ ਵਿਚਾਰ ਸਾਂਝੇ ਕੀਤੇ ਹਨ। ਇਹ ਪੁਸਤਕ ਪਾਠਕਾਂ ਤੇ ਸਾਹਿਤ ਪ੍ਰੇਮੀਆਂ ਨੂੰ ਕਿਸ ਤਰਾਂ ਟੁੰਬਦੀ ਹੈ ਇਹ ਤਾਂ ਪੜ੍ਹਨ ਉਪਰੰਤ ਹੀ ਸਾਹਮਣੇ ਆਏਗਾ ਪਰ ਪੱਤਰਕਾਰੀ ਦੇ ਖੇਤਰ ’ਚ ਪਾਏ ਯੋਗਦਾਨ ਨੂੰ ਦੇਖਦਿਆਂ ਜਾਪਦਾ ਹੈ ਕਿ ਸਮਾਜ ’ਚ ਵਾਪਰੇ ਬਿਰਤਾਂਤ ਅਤੇ ਘਟਨਾਵਾਂ ਭੁੱਲਰ ਦੇ ਕਾਲਮਾਂ ਰਾਹੀਂ ਸਾਹਮਣੇ ਆਉਣਗੇ।