ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੀ ਕਿਸਾਨ ਸੰਘਰਸ਼ ਬਾਰੇ ਕਾਵਿ ਸੰਗ੍ਰਹਿ ਛਾਪਣ ਦਾ ਫ਼ੈਸਲਾ
ਲੁਧਿਆਣਾ, 8 ਜੁਲਾਈ 2021 - ਕੇਂਦਰੀ ਪੰਜਾਬੀ ਲੇਖਕ ਸਭਾ(ਸੇਖੋਂ ) ਦੀ ਕਿਸਾਨ ਸੰਘਰਸ਼ ਬਾਰੇ ਕਾਵਿ ਸੰਗ੍ਰਹਿ ਛਾਪਣ ਦਾ ਫ਼ੈਸਲਾ ਸੁਆਗਤ ਯੋਗ ਹੈ।
ਕਈ ਸੰਪਾਦਕਾਂ ਨੇ ਪਹਿਲਾਂ ਵੀ ਵੱਖ ਵੱਖ ਨਾਵਾਂ ਤੇ ਕੁਝ ਸੰਗ੍ਰਹਿ ਸੰਪਾਦਿਤ ਕੀਤੇ ਹਨ। ਲਗਪਗ ਪੰਜ ਕਾਵਿ ਸੰਗ੍ਰਹਿ ਮੇਰੀ ਨਜ਼ਰ ਚੋਂ ਲੰਘੇ ਹਨ।
ਮੈਂ ਵੀ ਇਸ ਸਬੰਧ ਚ ਲਗਪਗ 650 ਤੋਂ ਵੱਧ ਕਵਿਤਾਵਾਂ ਸੰਪਾਦਿਤ ਕਰਕੇ ਧਰਤ ਵੰਗਾਰੇ ਤਖ਼ਤ ਨੂੰ ਨਾਮ ਹੇਠ ਸ: ਕਰਮਜੀਤ ਸਿੰਘ ਗਠਵਾਲਾ(ਸੰਗਰੂਰ) ਦੀ ਮਦਦ ਨਾਲ ਪੰਜਾਬੀ ਕਵਿਤਾ ਡਾਟ ਕਾਮ ਵੈੱਬਸਾਈਟ ਚ ਜਮ੍ਹਾਂ ਕਰ ਚੁਕਾ ਹਾਂ।
ਇਨ੍ਹਾਂ ਚੋਂ ਛਾਂਟਵੀਆਂ ਲਗਪਗ ਤਿੰਨ ਸੌ ਕਵਿਤਾਵਾਂ ਨੂੰ ਸੰਪਾਦਿਤ ਕਰਕੇ ਪੁਸਤਕ ਰੂਪ ਚ ਛਾਪ ਰਿਹਾ ਹਾਂ।
ਇਸ ਕਾਰਜ ਵਿੱਚ ਮੇਰੇ ਮਿੱਤਰ ਪਿਆਰੇ ਭਰਪੂਰ ਸਹਿਯੋਗ ਦੇ ਰਹੇ ਨੇ। ਸੰਪਾਦਨ ਕਾਰਜ ਜਾਰੀ ਹੈ।
ਦੋ ਮਹੀਨੇ ਦੇ ਅੰਦਰ ਅੰਦਰ ਇਹ ਕਿਤਾਬ ਛਪ ਜਾਵੇਗੀ।
ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਦੇ ਆਦੇਸ਼ ਮੁਤਾਬਕ ਮੈਂ ਦੋ ਰਚਨਾਵਾਂ ਭੇਜੀਆਂ ਹਨ।
ਇੱਕ ਗੀਤ ਤੇ ਦੂਸਰੀ ਗ਼ਜ਼ਲ।
ਤੁਸੀਂ ਵੀ ਪੜ੍ਹੋ।
1.
ਗੀਤ
ਗੁਰਭਜਨ ਗਿੱਲ
ਸਾਡਿਆਂ ਸਵਾਲਾਂ ਦੇ ਜਵਾਬ ਸਾਨੂੰ ਮੋੜ ਦੇ।
ਜ਼ਾਲਮਾਂ ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ।
ਮਹਿਲ ਤੂੰ ਸੰਭਾਲ ਸਾਨੂੰ ਢਾਰਿਆਂ ‘ਚ ਰਹਿਣ ਦੇ।
ਦਿਲ ਵਾਲੀ ਵਾਰਤਾ ਜ਼ਬਾਨ ਨੂੰ ਤੂੰ ਕਹਿਣ ਦੇ।
ਪਿਆਰ ਦੇ ਭੁਲੇਖੇ ਦਾ ਬੁਖ਼ਾਰ ਹੁਣ ਲਹਿਣ ਦੇ।
ਛੱਡ ਬੇਈਮਾਨਾ! ਬਦਨੀਤੀਆਂ ਤੂੰ ਛੋੜ ਦੇ।
ਜ਼ਾਲਮਾਂ ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ।
ਸਾਡੇ ਦਰਿਆਵਾਂ ਨੂੰ ਤੂੰ ਪੁੱਠੇ ਰਾਹੇ ਤੋਰ ਨਾ।
ਡੋਡੀਆਂ ਗੁਲਾਬ ਦੀਆਂ ਡਾਢਿਆ ਤੂੰ ਭੋਰ ਨਾ।
ਹੋ ਗਿਆ ਯਕੀਨ, ਵੈਰੀ ਤੇਰੇ ਬਿਨਾ ਹੋਰ ਨਾ।
ਘੱਟਿਆਂ’ ਚ ਰੋਲ ਨਾ ਤੂੰ ਸੁਪਨੇ ਕਰੋੜ ਦੇ।
ਜ਼ਾਲਮਾਂ ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ।
ਮਾਲਕੀ ਤਿਆਗ, ਅਜ ਠੰਢੇ ਹਾਉਕੇ ਭਰਦੇ।
ਮਰ ਗਏ ਆਂ ਅਸੀਂ ਤੇਰਾ ਚੌਂਕੀਦਾਰਾ ਕਰਦੇ।
ਪਾਟੇ ਪਰਨੋਟ ਸਾਥੋਂ ਆਪਣੇ ਹੀ ਘਰ ਦੇ।
ਜਿੱਥੇ ਕਿਤੇ ਲਿਖੇ ਸੀ ਕਿਤਾਬ ਸਾਨੂੰ ਮੋੜ ਦੇ।
ਜ਼ਾਲਮਾਂ! ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ।
ਸੱਤਾਂ ਦਰਿਆਵਾਂ ਤੋਂ ਸੀ ਪੰਜਾਂ ਉੱਤੇ ਆ ਗਏ।
ਚੀਰਿਆ ਤੂੰ ਲੱਕੋਂ , ਅਸੀਂ ਢਾਈਆਂ ਉੱਤੇ ਆ ਗਏ।
ਸਾਡੇ ਹੀ ਨਾਲਾਇਕ ਪੁੱਤ, ਸਾਨੂੰ ਵੇਚ ਖਾ ਗਏ।
ਤਿੜਕੇ ਯਕੀਨ ਤੂੰ ਪਿਆਰ ਨਾਲ ਜੋੜ ਦੇ।
ਵੈਰੀਆ! ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ।
ਬਣ ਜਾਣ ਵੇਖੀਂ ਕਿਤੇ ਹੱਥ ਹਥਿਆਰ ਨਾ।
ਡਿੱਗਿਆਂ ਨੂੰ ਹੋਰ ਤੂੰ ਕਸੂਤੀ ਮਾਰ ਮਾਰ ਨਾ।
ਤੰਦ ਟੁੱਟ ਜਾਵੇ, ਕਾਇਮ ਰਹਿੰਦਾ ਰਾਣੀਹਾਰ ਨਾ।
ਸਦਾ ਹੀ ਸਿਆਣੇ, ਮਨ ਬਦੀ ਵੱਲੋਂ ਹੋੜਦੇ।
ਜ਼ਾਲਮਾਂ! ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ।
ਸਾਡੀਆਂ ਜ਼ਮੀਨਾਂ ਤੇ ਬਾਜ਼ਾਰ ਸਾਥੋਂ ਖੋਹ ਨਾ।
ਏਸ ਨਾਲੋਂ ਵੱਡਾ ਹੋਰ ਕੋਈ ਵੀ ਧਰੋਹ ਨਾ।
ਤੇਰੇ ਨਾਲੋਂ ਘੱਟ ਸਾਨੂੰ, ਦੇਸ਼ ਨਾਲ ਮੋਹ ਨਾ।
ਬਾਜ਼ਾਂ ਦੇ ਹਾਂ ਪੁੱਤ, ਭਾਵੇਂ ਜੰਮੇ ਵਿੱਚ ਖੋੜ ਦੇ।
ਵੈਰੀਆ! ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ।
ਕਿੰਨੀਆਂ ਸਤਾਈਆਂ, ਆਈਆਂ ਰਣ ਵਿੱਚ ਚੁੰਨੀਆਂ।
ਜਿੰਨ੍ਹਾਂ ਦੀਆਂ ਰੀਝਾਂ ਨੇ ਤੂੰ ਸੂਲਾਂ ਚ ਪਰੁੰਨੀਆਂ।
ਆਸਾਂ ਦੇ ਚਿਰਾਗਾਂ ਬਿਨਾ ਅੱਖੀਆਂ ਨੇ ਸੁੰਨੀਆਂ।
ਜਿੰਨ੍ਹਾਂ ਦੇ ਨੇ ਹੱਥ ਭਲਾ ਸਭਨਾਂ ਦਾ ਲੋੜਦੇ।
ਜ਼ਾਲਮਾ! ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ।
2.
ਗ਼ਜ਼ਲ
ਗੁਰਭਜਨ ਗਿੱਲ
ਤੇਰੇ ਹੀ ਸਵਾਲਾਂ ਦਾ ਜਵਾਬ ਲੈ ਕੇ ਆਏ ਹਾਂ।
ਦਿਲ ਵਾਲੀ ਉੱਖੜੀ ਕਿਤਾਬ ਲੈ ਕੇ ਆਏ ਹਾਂ।
ਕਿੱਥੇ ਕਿੱਥੇ, ਕਿਹੜਾ ਕਿਹੜਾ, ਤੀਰ ਤਿੱਖਾ ਮਾਰਿਆ,
ਹੋਈ ਬੀਤੀ ਸਾਰੀ ਦਾ ਹਿਸਾਬ ਲੈ ਕੇ ਆਏ ਹਾਂ।
ਕੰਡਿਆਂ ਦੀ ਵਾੜ ਉਹਲੇ ਦੱਸ ਕਾਹਨੂੰ ਲੁਕਦੀ,
ਅਸੀਂ ਤੇਰੇ ਵਾਸਤੇ ਗੁਲਾਬ ਲੈ ਕੇ ਆਏ ਹਾਂ।
ਸੁੱਕਿਆ ਬਿਆਸ, ਸਤਿਲੁਜ ਵੀ ਉਦਾਸ ਹੈ,
ਹੰਝੂਆਂ ਦਾ ਰਾਵੀ ਤੇ ਚਨਾਬ ਲੈ ਕੇ ਆਏ ਹਾਂ।
ਆਂਦਰਾਂ ਦੀ ਡੋਰ ਵਿੱਚ ਦਰਦਾਂ ਦੇ ਮਣਕੇ ,
ਵੇਖ ਨਜ਼ਰਾਨੇ ਕੀ ਜਨਾਬ ਲੈ ਕੇ ਆਏ ਹਾਂ।
‘ਕੱਲ੍ਹਾ ਕੱਲ੍ਹਾ ਵਰਕਾ ਤੂੰ ਨੀਝ ਲਾ ਕੇ ਪੜ੍ਹ ਲੈ,
ਲੀਰੋ ਲੀਰ ਹੋ ਗਿਆ, ਖ਼ਵਾਬ ਲੈ ਕੇ ਆਏ ਹਾਂ।
ਦਾਤਿਆਂ ਨੂੰ ਮੰਗਤੇ ਬਣਾਉਣ ਲੱਗੀ ਦਿੱਲੀਏ,
ਦਰਦਾਂ ਚ ਵਿੰਨ੍ਹਿਆ ਪੰਜਾਬ ਲੈ ਕੇ ਆਏ ਹਾਂ।