ਕਿਤਾਬ ਰਿਵਿਊ: ਸੰਘਰਸ਼ ਦੇ 45 ਸਾਲ : ਕ੍ਰਿਸ਼ਨ ਕੁਮਾਰ ਬਾਵਾ
ਗੁਰਪ੍ਰੀਤ ਸਿੰਘ ਮੰਡਿਆਣੀ
ਲੁਧਿਆਣਾ, 21 ਮਈ 2021 - ਪਹਿਲਾਂ ਹੀ ਕਈ ਚੇਅਰਮੈਨੀਆ ਹੰਢਾ ਚੁੱਕੇ ਤੇ ਹੁਣ ਪੰਜਾਬ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਦਾ ਅਨੰਦ ਮਾਣ ਰਹੇ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਆਪਣੀ 45 ਵਰਿਆਂ ਦੀ ਸਮਾਜਿਕ ਤੇ ਸਿਆਸੀ ਜਿੰਦਗੀ ਦੀਆਂ ਯਾਦਾਂ ਨੂੰ ਦਰਜ ਕਰਨ ਵਾਲੀ ਇੱਕ ਕਿਤਾਬ 63 ਸਾਲ ਦੀ ਉਮਰ ‘ਚ ਹੁਣ ਲਿਖੀ ਹੈ। ਮੇਰੇ ਖਿਆਲ ਮੁਤਾਬਕ ਸਮਾਜਿਕ ਜਿੰਦਗੀ ਜਿਉਂਦੇ ਹਰੇਕ ਸ਼ਖਸ ਨੂੰ ਇਸ ਉਮਰ ‘ਚ ਆਪਣੀ ਜਿੰਦਗੀ ਦੀਆਂ ਯਾਦਾਂ ਅਤੇ ਤਜਰਬੇ ਲਿਖ ਦੇਣੇ ਚਾਹੀਦੇ ਹਨ ਤਾਂ ਕਿ ਇਹਤੋਂ ਹੋਰ ਲੋਕ ਵੀ ਲਾਭ ਉਠਾ ਸਕਣ। ਸਮਾਜਿਕ ਜਿੰਦਗੀ ਜਿਉਣ ਵਾਲਾ ਕੋਈ ਬੰਦਾ ਜਦੋਂ ਆਪਣੀ ਜਿੰਦਗੀ ਦੀਆਂ ਯਾਦਾਂ ਲਿਖਦਾ ਹੈ ਤਾਂ ਆਪਦੇ ਤੋਂ ਇਲਾਵਾ ਉਹਦੇ ਵਿੱਚ ਸਮਾਜ ਦਾ ਇਤਿਹਾਸ ਵੀ ਦਰਜ ਹੋ ਜਾਂਦਾ ਹੈ।
“ਸੰਘਰਸ਼ ਦੇ 45 ਸਾਲ” ਦੇ ਨਾਂ ਵਾਲੀ 148 ਸਫਿਆਂ ਦੀ ਇਹ ਕਿਤਾਬ ਲੁਦੇਹਾਣੇ ਵਾਲੇ ਮਸ਼ਹੂਰ ਚੇਤਨਾ ਪ੍ਰਕਾਸ਼ਨ ਨੇ ਛਾਪੀ ਹੈ।ਇਹਦੇ ‘ਚ ਬਾਵਾ ਜੀ ਦੀ ਆਪਦੀ ਲਿਖਤ ਤੋਂ ਇਲਾਵਾ 18 ਹੋਰ ਉਘੀਆਂ ਹਸਤੀਆਂ ਨੇ ਬਾਵਾ ਜੀ ਦੀ ਜਿੰਦਗੀ ਮੁਤੱਲਕ ਆਪਦੇ ਅਨੁਭਵ ਲਿਖੇ ਹਨ। ਜਿੰਨ੍ਹਾਂ ‘ਚ ਇੱਕ ਲੇਖ ਬਾਵਾ ਜੀ ਦੇ ਬੇਟੇ ਅਰਜਨ ਬਾਵਾ ਦਾ ਵੀ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੰਦੇਸ਼ ਵੀ ਕਿਤਾਬ ‘ਚ ਦਰਜ਼ ਹੈ।
ਕਿਸੇ ਸਵੈ-ਜੀਵਨੀ ਵਾਲੀ ਕਿਤਾਬ ਦੀ ਪੜਚੋਲ ਕਰਨ ਵੇਲੇ ਕਿਤਾਬ ਲਿਖਣ ਵਾਲੇ ਦੀ ਜਿੰਦਗੀ ਬਾਰੇ ਜੇ ਖੁਦ ਨੂੰ ਵਾਕਫੀਅਤ ਹੋਵੇ ਤਾਂ ਕੰਮ ਸੁਖਾਲਾ ਰਹਿੰਦਾ ਹੈ। ਕ੍ਰਿਸ਼ਨ ਕੁਮਾਰ ਬਾਵਾ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ ਜਦੋਂ ਓਹ ਮੇਰੇ ਨਾਲ ਛੇਵੀਂ ਜਮਾਤ ‘ਚ ਰਕਬਾ ਸਕੂਲ ‘ਚ ਪੜ੍ਹਦਾ ਸੀ ਤੇ ਅਸੀਂ ਉਹਨੂੰ ਓਹਦਾ ਨਿੱਕ ਨੇਮ ‘ਭੋਲਾ’ ਆਖ ਹੀ ਬੁਲਾਉਂਦੇ ਹੁੰਦੇ ਸੀ। ਇਹ ਗੱਲ ਸੰਨ 70 ਦੀ ਹੈ। ਸਿਆਸੀ ਫੀਲਡ ਵਿੱਚ ਜਦੋਂ ਕਿਸੇ ਕੋਲ ਪਿਓ ਦਾਦੇ ਦੀ ਕੋਈ ਸਿਆਸੀ ਵਿਰਾਸਤ ਨਾ ਹੋਵੇ ਤਾਂ ਸਿਆਸੀ ਪਿੜ ‘ਚ ਪੈਰ ਧਰਨਾ ਨੰਗੇ ਪੈਰੀਂ ਕੱਪਰ ‘ਚ ਤੁਰਨ ਬਰਾਬਰ ਹੁੰਦਾ ਹੈ। ਇਹਤੋਂ ਇਲਾਵਾ ਜੇ ਤੁਹਾਡੇ ਕੋਲ ਸਿਆਸਤ ‘ਚ ਵਿਚਰਨ ਲਈ ਵਾਧੂ ਪੈਸਾ ਨਾ ਹੋਵੇ ਤਾਂ ਇਹ ਰਾਹ ਹੋਰ ਵੀ ਦੁਸ਼ਵਾਰ ਹੋ ਜਾਂਦਾ ਹੈ। ਬਾਵਾ ਜੀ ਇਹ ਦੋਵੇਂ ਕਮੀਆਂ ਦਾ ਸ਼ਿਕਾਰ ਸਨ।ਇਸ ਪੱਖ ਨੂੰ ਉਹਨਾਂ ਨੇ ਆਪਣੀ ਕਿਤਾਬ ‘ਚ ਬਾਖੂਬੀ ਤੇ ਬੇਝਿਜਕ ਹੋ ਕੇ ਬਿਆਨਿਆ ਹੈ।ਅੱਜ ਕੱਲ੍ਹ ਸਾਰੀ ਉਮਰ ਇੱਕ ਹੀ ਪਾਰਟੀ ਦੇ ਲੇਖੇ ਲਾ ਦੇਣੀ ਵੀ ਇੱਕ ਰਿਕਾਰਡ ਮੰਨਿਆ ਜਾਂਦਾ ਹੈ ਜੋ ਕਿ ਬਾਵਾ ਜੀ ਦੇ ਹਿੱਸੇ ਆਇਆ ਹੈ।
ਅੱਸੀਵਿਆਂ ਵਾਲੇ ਗਰਮ ਮਾਹੌਲ ਨੂੰ ਦੇਖਦਿਆਂ ਬਹੁਤ ਸਾਰੇ ਸਿਆਸੀ ਆਗੂ ਘਰੋਂ ਘਰੀ ਬੈਠ ਗਏ ਸਨ ਪਰ ਕ੍ਰਿਸ਼ਨ ਕੁਮਾਰ ਬਾਵਾ ਨੇ ਗੋਲੀਆਂ ਖਾ ਕੇ ਵੀ ਆਪਦਾ ਸਮਾਜਿਕ ਤੇ ਸਿਆਸੀ ਸਫਰ ਜਾਰੀ ਰੱਖਿਆ। ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਕਾਇਮ ਕਰਨਾ ਉਹਨਾਂ ਦੀ ਇੱਕ ਵਿਲੱਖਣ ਦੇਣ ਹੈ ਜੀਹਦਾ ਜਿਕਰ ਕਿਤਾਬ ਵਿੱਚ ਫੋਟੋਆਂ ਸਣੇ ਮਿਲਦਾ ਹੈ। ਬਹੁਤ ਸਾਰੇ ਹੋਰ ਸਿਆਸੀ ਮੌਕਿਆਂ ਅਤੇ ਉੱਘੀਆਂ ਸਿਆਸੀ ਅਤੇ ਸਮਾਜਿਕ ਹਸਤੀਆਂ ਸਣੇ ਪ੍ਰਧਾਨ ਮੰਤਰੀ ਡਾ: ਮਨਮੋਹਣ ਸਿੰਘ ਨਾਲ ਫੋਟੋਆਂ ਦਰਜ਼ ਹਨ। ਇਸ ਤੋਂ ਪਹਿਲਾਂ ਲਿਖਣ ਦਾ ਕੋਈ ਤਜ਼ਰਬਾ ਨਾ ਹੋਣ ਦੇ ਬਾਵਜੂਦ ਬਾਵਾ ਨੇ ਇਹ ਇੱਕ ਵਧੀਆ ਕਿਤਾਬ ਲਿਖੀ ਹੈ। ਕਿਤਾਬ ‘ਚ ਇੱਕ ਹੋਰ ਘਾਟ ਜਰੂਰ ਰੜਕੀ ਹੈ ਕਿ ਕਿਤਾਬ ‘ਚ ਬਾਵਾ ਸਮੇਤ ਜਿੰਨਿਆਂ ਨੇ ਵੀ ਆਪਦੀ ਲਿਖਤ ਲਿਖੀ ਹੈ ਉਹਦੇ ‘ਚ ਕਿਸੇ ‘ਚ ਵੀ ਜਗ੍ਹਾ ਦਾ ਨਾਂਅ ਤੇ ਤਰੀਕ ਦਰਜ ਨਹੀਂ ਹੈ। ਇਹ ਕਮੀ ਇਸੇ ਕਿਤਾਬ ਵਿੱਚ ‘ਚ ਨਹੀਂ ਬਲਕਿ ਸਾਰੀਆਂ ਪੰਜਾਬੀ ਦੀਆਂ ਕਿਤਾਬਾਂ ਵਿੱਚ ਹੁੰਦੀ ਹੈ ਜਦਕਿ ਅੰਗਰੇਜ਼ੀ ਦੀ ਕੋਈ ਅਜਿਹੀ ਕਿਤਾਬ ਨਹੀਂ ਲੱਭਦੀ ਜੀਹਦੇ ਮੁੱਖ ਬੰਦ ‘ਚ ਪਲੇਸ ਐਂਡ ਡੇਟ ਨਾ ਛਪੀ ਹੋਵੇ। ਇਹਦੇ ਲਈ ਪ੍ਰਕਾਸ਼ਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਜਦੋਂ ਇਹ ਗੱਲ ਲਿਖਾਰੀਆਂ ਦੇ ਧਿਆਨ ‘ਚ ਲਿਆਉਣਗੇ ਤਾਂ ਉਹਨਾਂ ਨੂੰ ਤਰੀਕ ਲਿਖਣੀ ਕੀ ਅਉਖੀ ਹੈ।