ਗੁਰਿੰਦਰ ਸਿੰਘ
ਫਿਰੋਜ਼ਪੁਰ 7 ਫਰਵਰੀ 2018 :
ਸਰਕਾਰੀ ਹਾਈ ਸਕੂਲ ਵਕੀਲਾਂ ਵਾਲਾ ਵਿਖੇ ਵਿਦਿਆਰਥੀਆਂ ਵਿਚ ਸਾਹਿਤਕ ਰੁਝਾਨ ਪੈਦਾ ਕਰਨ ਲਈ ਮੁੱਖ ਅਧਿਆਪਕਾ ਸ੍ਰੀਮਤੀ ਗੁਰਮੀਤ ਕੌਰ ਅਤੇ ਰਾਜਦੀਪ ਸਿੰਘ ਸਾਈਆਂਵਾਲਾ ਦੀ ਅਗਵਾਈ ਵਿਚ ਇਕ ਪੁਸਤਕ ਪ੍ਰਦਰਸ਼ਨੀ ਲਗਵਾਈ ਗਈ। ਇਹ ਪ੍ਰਦਰਸ਼ਨੀ ਸ਼ਹੀਦ ਭਗਤ ਸਿੰਘ ਪ੍ਰਕਾਸ਼ਨ ਵੱਲੋਂ ਲਗਾਈ ਗਈ। ਲਾਇਬ੍ਰੇਰੀ ਇੰਚਾਰਜ਼ ਰਾਜਦੀਪ ਸਿੰਘ ਸਾਈਆਂਵਾਲਾ ਵੱਲੋਂ ਦੱਸਿਆ ਗਿਆ ਕਿ ਇਸ ਪੁਸਤਕ ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਨੇ ਉਮੀਦ ਤੋਂ ਵੀ ਜ਼ਿਆਦਾ ਉਤਸ਼ਾਹ ਵਿਖਾਇਆ ਜੋ ਕਿ ਇਕ ਸ਼ੁੱਭ ਸੰਕੇਤ ਹੈ। ਉਨ੍ਹਾਂ ਅਨੁਸਾਰ ਵਿਦਿਆਰਥੀਆਂ ਨੇ ਵੱਡੀ ਪੱਧਰ ਤੇ ਕਿਤਾਬਾਂ ਖਰੀਦੀਆਂ। ਉਨ੍ਹਾਂ ਦੱਸਿਆ ਕਿ ਇਕ ਆਦਰਸ਼ਕ ਸਮਾਜ ਸਿਰਜਣ ਲਈ ਬੱਚਿਆਂ ਅਤੇ ਨੌਜ਼ਵਾਨਾਂ ਵਿਚ ਪੁਸਤਕ ਸੱਭਿਆਚਾਰ ਪੈਦਾ ਕਰਨ ਦੀ ਲੋੜ ਹੈ, ਪੰਚਾਇਤਾਂ, ਕਲੱਬਾਂ ਅਤੇ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਆਪੋ ਆਪਣੇ ਪਿੰਡਾਂ, ਸ਼ਹਿਰਾਂ, ਗਲ਼ੀਆਂ ਅਤੇ ਮੁਹੱਲਿਆਂ ਵਿੱਚ ਲਾਇਬਰੇਰੀਆਂ ਖੋਲ੍ਹਣ ਤਾਂ ਜੋ ਕੁਰਾਹੇ ਪਈ ਜਵਾਨੀ ਨੂੰ ਮੋੜਿਆ ਜਾ ਸਕੇ। ਇਸ ਮੌਕੇ ਮੁੱਖ ਅਧਿਆਪਿਕਾ ਸ੍ਰੀਮਤੀ ਗੁਰਮੀਤ ਕੌਰ ਅਤੇ ਰਾਜਦੀਪ ਸਿੰਘ ਤੋਂ ਇਲਾਵਾ ਅਜੇ ਪਵਾਰ, ਬਲਵੀਰ ਸਿੰਘ, ਕੁਮਾਰੀ ਪ੍ਰਿਅੰਕਾ ਪੁਰੀ, ਸ੍ਰੀਮਤੀ ਅਮਨਦੀਪ ਕੌਰ, ਕੁਮਾਰੀ ਕੁਲਵਿੰਦਰ ਕੌਰ ਆਦਿ ਅਧਿਆਪਕ ਵੀ ਮੌਜ਼ੂਦ ਸਨ।