ਲੁਧਿਆਣਾ, 19 ਜਨਵਰੀ 2018 :
ਅੱਜ ਇਥੇ ਪੰਜਾਬੀ ਲੇਖਕ ਕਲਾਕਾਰ ਸੋਸਾਇਟੀ ਵਲੋਂ ਸੋਸਾਇਟੀ ਦੇ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਦੇ ਗ੍ਰਹਿ ਵਿਖੇ ਉੱਘੀ ਸ਼ਾਇਰਾ ਸੁਰਜੀਤ ਕੌਰ ਨਾਲ ਸੰਬਾਦ ਰਚਾਇਆ ਗਿਆ। ਸ਼ਾਇਰਾ ਸੁਰਜੀਤ ਅੱਜ ਕੱਲ ਕੈਨੇਡਾ, ਟਰਾਂਟੋ ਦੇ ਵਸਨੀਕ ਹਨ ਤੇ ਪੰਜਾਬ ਦੇ ਦੋਆਬੇ ਦਾ ਪਿੰਡ ਉਨ੍ਹਾਂ ਦਾ ਜੱਦੀ ਪਿੰਡ ਹੈ। ਉਹਨਾਂ ਦੀਆਂ ਪੰਜਾਬੀ ਸਾਹਿਤ ਦੀਆਂ ਪੁਸਤਕਾਂ ਸਿਕਸ਼ਤ ਰੰਗ, ਹੇ ਸਖੀ, ਵਿਸਮਾਦ ਕੂੰਜਾਂ (ਸੰਪਾ.) ਹਨ। ਸੁਰਜੀਤ ਹੋਰਾਂ ਆਪਣੀ ਜ਼ਿੰਦਗੀ ਦਾ ਸਫ਼ਰ ਅਤੇ ਸਾਹਿਤਕ ਪ੍ਰਵਚਨ ਸਾਂਝਾ ਕੀਤਾ। ਸ਼ਾਇਰਾ ਸੁਰਜੀਤ ਦਿੱਲੀ ’ਚ ਪੈਦਾ ਹੋਏ ਸਨ ਭਾਂਵੇ ਜੱਦੀ ਪਿੰਡ ਪੰਜਾਬ ਦੇੇ ਦੁਆਬੇ ਦਾ ਉੱਘਾ ਪਿੰਡ ਡਰੋਲੀ ਖੁਰਦ ਹੈ। ਕਵਿੱਤਰੀ ਦਾ ਜੀਵਨ ਤੇ ਸ਼ਾਇਰੀ ਇਕ ਜਗਿਆਸੂ ਨਾਰੀ ਦੀ ਯਾਤਰਾ ਬਣਦੀ ਹੈ। ਦਿੱਲੀ, ਪੰਜਾਬ, ਕੈਨੇਡਾ ਤੋਂ ਅੱਗੇ ਅਮਰੀਕਾ ਦੇ ਪ੍ਰਾਂਤ ਐਰੀਜੋਨਾ ਦੇ ਸ਼ਹਿਰ ਸਿਡੋਨਾ ਤਕ ਦੀ ਤੇ ਉਹਨਾਂ ਦੇ ਅੰਦਰ ਤੜਫਦੀ ਇੱਛਾ ਸ਼ਕਤੀ ਤੋਂ ਥੋੜਾ ਠਹਿਰਾਓ ਤਕ ਦੀ ਸ਼ਾਇਰੀ ਦਾ ਸਫ਼ਰ ਹੈ। ਉਹਨਾਂ ਨੇ ਅੱਜ ਆਪਣੀਆਂ ਕਵਿਤਾਵਾਂ, ਉਤਸਵ, ਵਿਸਮਾਦ, ਮੋਮਬੱਤੀਆਂ, ਉਹ ਮੇਰੀ ਰੂਹ ਕੀ, ਸਖੀ, ਪਰਿਕਰਮਾ ਤੇ ਰੇਤ ਸਾਂਝੀਆਂ ਕੀਤੀਆਂ। ਉਹਨਾਂ ਦੀ ਕਵਿਤਾ ਦੇ ਸ਼ਬਦ, ਉਚਾਰਨ ਅਤੇ ਪੇਸ਼ਕਾਰੀ ਸਾਹਿਤਕ ਮਹਿਫਲ ਨੂੰ ਨਾਲ ਨਾਲ ਲੈ ਤੁਰਦੀ ਹੈ।
ਮਹਿਫ਼ਲ ਵਿਚ ਸੋਸਾਇਟੀ ਦੇ ਸਰਪ੍ਰਸਤ ਡਾ. ਫਕੀਰ ਚੰਦ ਸ਼ੁਕਲਾ ਨੇ ਸ਼ਾਇਰਾ ਨਾਲ ਸੰਵਾਦ ਦੀ ਸ਼ੁਰੂਆਤ ਕੀਤੀ। ਸੰਵਾਦ ਵਿਚ ਡਾ. ਗੁਲਜ਼ਾਰ ਸਿੰਘ ਪੰਧੇਰ, ਸ਼ਾਇਰ ਤ੍ਰੈਲੋਚਨ ਲੋਚੀ, ਹਰਲੀਨ ਸੋਨਾ, ਇੰਦਰਜੀਤ ਪਾਲ ਕੌਰ, ਕੁਲਵਿੰਦਰ ਕਿਰਨ, ਪਰਮਜੀਤ ਕੌਰ ਮਹਿਕ, ਮੋਗੇ ਤੋਂ ਆਈ ਸ਼ਾਇਰਾ ਪਵਿੱਤਰ ਕੌਰ ਮਾਟੀ ਅਤੇ ਸਿਰਸਾ ਹਰਿਆਣਾ ਤੋਂ ਸਿੰਦਰ ਕੌਰ ਨੇ ਭਾਗ ਲਿਆ। ਗੱਲਬਾਤ ਸਮੇਂ ਇਕ ਅਜਿਹਾ ਮਾਹੌਲ ਸਿਰਜਿਆ ਗਿਆ ਕਿ ਲਗਦਾ ਸੀ ਪੰਜਾਬੀ ਚਿੰਤਨ ਦੁਨੀਆਂ ਦੀਆਂ ਨਵੀਆਂ ਚੁਣੌਤੀਆਂ ਦੇ ਮੁਕਾਬਲੇ ਵਿਚ ਕਿਸੇ ਤੋਂ ਘੱਟ ਨਹੀਂ ਹੈ। ਸਭਾ ਵਲੋਂ ਸ਼ਾਇਰਾ ਸੁਰਜੀਤ ਕੋਰ ਦਾ ਸਨਮਾਨ ਕੀਤਾ ਗਿਆ। ਸੰਵਾਦ ਤੋਂ ਬਾਅਦ ਜਾਪਦਾ ਸੀ ਕਿ ਜਿਵੇਂ ਸਾਰੇ ਚਿਰਾਂ ਤੋਂ ਸ਼ਾਇਰਾ ਸੁਰਜੀਤ ਨੂੰ ਜਾਣਦੇ ਸੀ। ਸਾਰੇ ਸਮਾਗਮ ਸਮੇਂ ਮੈਡਮ ਗੁਰਚਰਨ ਕੌਰ ਕੋਚਰ ਦੇ ਪਤੀ ਸ. ਜੇ.ਬੀ. ਸਿੰਘ ਕੋਚਰ, ਗਗਨਦੀਪ ਸਿੰਘ ਅਤੇ ਨੂੰਹ ਮੋਨਿਕਾ ਕੋਚਰ ਨੇ ਖੂਬ ਮਹਿਮਾਨ ਨਿਵਾਜੀ ਕਰਕੇ ਮਾਹੌਲ ਨੂੰ ਵਧੇਰੇ ਖੁਸ਼ਨੁਮਾ ਬਣਾਉਣ ਦਾ ਫਰਜ਼ ਨਿਭਾਇਆ।