ਲੁਧਿਆਣਾ 4 ਦਸੰਬਰ
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਤੇ ਨਾਮਵਰ ਕਵੀ ਪ੍ਰੋ. ਰਵਿੰਦਰ ਭੱਠਲ ਦਾ ਨਵਾਂ ਕਾਵਿ ਸੰਗ੍ਰਹਿ ' ਇਕ ਸੰਸਾਰ ਇਹ ਵੀ' ਪੰਜਾਬੀ ਭਵਨ ਲੁਧਿਆਣਾ ਵਿਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਪੰਜਾਬੀ ਨਾਵਲਕਾਰ ਮਨਮੋਹਨ ਬਾਵਾ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਜਨਰਲ ਸੱਕਤਰ ਡਾ ਸੁਰਜੀਤ ਸਿੰਘ ਪਟਿਆਲਾ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਡਾ: ਜਗਵਿੰਦਰ ਜੋਧਾ ਅਤੇ ਡਾ: ਕੁਲਦੀਪ ਸਿੰਘ ਦੀਪ ਨੇ ਇਹ ਸੰਗ੍ਰਹਿ ਲੋਕ ਅਰਪਣ ਕਰਨ ਦੀ ਰਸਮ ਨਿਭਾਈ। ਮਨਮੋਹਨ ਬਾਵਾ ਨੇ ਪ੍ਰੋ ਭੱਠਲ ਦੀ ਕਾਵਿ ਸੰਵੇਦਨਾ ਨੂੰ ਪੰਜਾਬੀਅਤ ਦੇ ਦਰਦ ਨਾਲ ਪਰੁੱਚੀ ਅਤੇ ਲੋਕ ਭਲਾਈ ਲਈ ਹਰ ਸਮੇਂ ਸਰਗਰਮ ਰਹਿਣ ਵਾਲੀ ਕਿਹਾ। ਉਨ੍ਹਾਂ ਕਿਹਾ ਕਿ ਪ੍ਰੋ ਭੱਠਲ ਦੀ ਕਵਿਤਾ ਵਿਚੋਂ ਪੰਜਾਬੀ ਸਮਾਜ ਅਤੇ ਮਨੁੱਖ ਦੀ ਤਰਲਤਾ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।
ਡਾ ਸੁਰਜੀਤ ਸਿੰਘ ਨੇ ਪ੍ਰੋ ਰਵਿੰਦਰ ਭੱਠਲ ਦੀ ਕਵਿਤਾ ਨੂੰ ਪਿਛਲੇ ਚਾਰ ਦਹਾਕਿਆਂ ਦੇ ਸਮਵਿਥ ਵਿਗਸੀ ਲੋਕ ਚੇਤਨਾ ਦਾ ਮੁਹਾਂਦਰਾ ਕਿਹਾ। ਤ੍ਰੈਲੋਚਨ ਲੋਚੀ ਨੇ ਕਿਹਾ ਕਿ ਇਸ ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਦੀ ਸਿਰਜਣਾ ਦੇ ਗਵਾਹ ਹੋਣ ਦੇ ਨਾਤੇ ਉਹ ਦਾਅਵੇ ਨਾਲ ਕਹਿ ਸਕਦੇ ਹਨ ਕਿ ਇਹ ਕਵਿਤਾਵਾਂ ਸੱਚੀ ਸ਼ਖ਼ਸੀਅਤ ਦੀ ਸਿਰਜਣਾ ਦਾ ਪ੍ਰਮਾਣ ਹਨ।
ਇਸ ਪੁਸਤਕ ਦਾ ਮੁੱਖ ਬੰਧ ਲਿਖਦਿਆਂ ਗੁਰਭਜਨ ਗਿੱਲ ਨੇ ਕਿਹਾ ਹੈ ਕਿ ਇਸ ਸੰਗ੍ਰਹਿ ਵਿੱਚ ਸ਼ਾਮਿਲ ਕਵਿਤਾਵਾਂ ਬਾਬਲ ਭੱਠਲ ਵੱਲੋਂ ਜਨਮ ਤੋਂ ਜਵਾਨੀ ਤੀਕ ਬੇਟੀ ਇਬਨਾ ਨਾਲ ਕੀਤੀਆਂ ਗੱਲਾਂ ਦਾ ਸੁਹਜਮਈ ਪ੍ਰਗਟਾਵਾ ਹੈ।
ਮਨਜਿੰਦਰ ਧਨੋਆ ਨੇ ਕਿਹਾ ਕਿ ਪ੍ਰੋ: ਰਵਿੰਦਰ ਭੱਠਲ ਦੀ ਸਹਿਜ ਤੁਰਦੀ ਕਾਵਿਕ ਤੋਰ ਨੇ ਅੱਧੀ ਸਦੀ ਦੀ ਲੋਕ ਮਾਨਸਿਕਤਾ ਨੂੰ ਪ੍ਰਭਾਵਤ ਕੀਤਾ ਹੈੈ। ਪੁਸਤਕ ਦੇ ਪ੍ਰਕਾਸ਼ਕ ਸੁਮਿਤ ਗੁਲ੍ਹਾਟੀ
ਚੇਤਨਾ ਪ੍ਰਕਾਸ਼ਨ ਨੇ ਸਭ ਲੇਖਕਾਂ ਦਾ ਧੰਨਵਾਦ ਕੀਤਾ।