ਜਗਦੀਸ਼ ਥਿੰਦ
ਗੁਰੂਹਰਸਹਾਏ/ਫ਼ਿਰੋਜ਼ਪੁਰ, 22 ਅਕਤੂਬਰ, 2017 : ਮਾਤ ਭਾਸ਼ਾ ਪੰਜਾਬੀ, ਪੰਜਾਬੀ ਸਾਹਿਤ ਦੀਆਂ ਵੱਖ ਵੱਖ ਵੰਨਗੀਆਂ ਦੇ ਰਚੇਤਾ ਸਾਹਿਤਕਾਰਾਂ ਦੇ ਹੋਣ ਵਾਲੇ ਸਨਮਾਨ ਵਿੱਚ ਇਸ ਸਾਲ ਉੱਘੇ ਕਾਲਮ ਨਵੀਸ ਗੁਰਮੀਤ ਕਪਾਹੀ, ਪੱਤਰਕਾਰਤਾ, ਇਕਾਂਗੀ ਕਹਾਣੀ, ਲੋਕ ਗੀਤ ਅਤੇ ਪੰਜਾਬੀ ਰੰਗਮੰਚ ਨਾਲ ਸਬੰਧਤ ਵਿਸ਼ੇਸ਼ ਕਿਰਤਾਂ ਦੀ ਰਚੇਤਾ ਦੀਪਤੀ ਬਬੂਟਾ ਅਤੇ ਪ੍ਰਸਿੱਧ ਕਹਾਣੀਕਾਰ ਕੇਸਰਾ ਰਾਮ ਨੂੰ ਵਿਸ਼ੇਸ਼ ਸਨਮਾਨ ਦੇਣ ਦਾ ਫੈਸਲਾ ਕੀਤਾ ਗਿਆ ਹੈ । ਜਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ ਸਮਾਰੋਹ 2017 ਇਸ ਵਾਰ 5 ਨਵੰਬਰ 2017 ਨੂੰ ਰਾਮ ਸਿੰਘ ਦੱਤ ਦੇਸ਼ ਭਗਤ ਯਾਦਗਾਰ ਹਾਲ ਗੁਰਦਾਸਪੁਰ ਵਿਖੇ ਹੋ ਰਿਹਾ ਹੈ । ਇਸ ਮੌਕੇ ਕੇਸਰਾ ਰਾਮ ਨੂੰ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ, ਗੁਰਮੀਤ ਪਲਾਹੀ ਨੂੰ ਡਾ ਨਿਰਮਲ ਸਿੰਘ ਅਜਾਦ ਯਾਦਗਾਰੀ ਪੁਰਸਕਾਰ ਅਤੇ ਦੀਪਤੀ ਬਬੂਟਾ ਨੂੰ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਉਤਸ਼ਾਹ ਵਰਧਕ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ । ਇਸ ਸਬੰਧੀ ਵੱਖ ਵੱਖ ਹਸਤੀਆਂ ਵੱਲੋਂ ਇਹਨਾਂ ਸਾਹਿਤਕਾਰਾਂ ਨੂੰ ਮੁਬਾਰਕਬਾਦ ਦਿੱਤੀ ਗਈ ਹੈ । ਜਿਕਰਯੋਗ ਹੈ ਕਿ ਦੀਪਤੀ ਬਬੂਟਾ ਵੱਲੋਂ ਕਾਵਿ ਸੰਗ੍ਰਹਿ ਕਰੁੰਬਲਾਂ, "ਕੁਝ ਤੇਰੀਆਂ ਕੁਝ ਮੇਰੀਆਂ ", ਟੱਪੇ ਟੱਪੇ ਟੱਪੇ, ਨਸ਼ਾ ਪੰਜ ਛੇ ਦਾ ਅਤੇ ਹੋਰ "ਇਕਾਂਗੀ, "ਤੀਜੇ ਪਿੰਡ ਦੇ ਲੋਕ ", "ਖਾਤਾ ਜੀਰੋ ਬੈਲੇੰਸ, ਸੂਲਾਂ ਵਿੰਨ੍ਆ ਪਿੰਡਾ, "ਬਸ ਦੀ ਇਕ ਸਵਾਰੀ "ਦੀ ਰਚਨਾ ਕਰਨ ਤੋਂ ਇਲਾਵਾ ਚਲੰਤ ਮਸਲਿਆਂ ਤੇ ਲੇਖ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। ਮਾਝਾ ਜੋਨ ਦੀਆਂ ਸਾਰੀਆਂ ਸਾਹਿਤ ਸਭਾਵਾਂ ਅਤੇ ਦੇਸ਼ ਵਿਦੇਸ਼ ਵਿੱਚ ਵੱਸੇ ਵਿਦਵਾਨ ਇਸ ਮੌਕੇ ਪਹੁੰਚ ਰਹੇ ਹਨ ।