ਈ ਟੀ ਓ ਲੱਗੀ ਡਾਕਟਰ ਨੇ ਕੋਰੋਨਾ ਬਾਰੇ ਲਿਖੀ ਕਿਤਾਬ
ਚੰਡੀਗੜ੍ਹ , 19 ਜੂਨ, 2020 : ਆਬਕਾਰੀ ਤੇ ਕਰ ਵਿਭਾਗ ਵਿਭਾਗ ਵਿਚ ਈ ਟੀ ਓ ਵਜੋਂ ਸੇਵਾਵਾਂ ਦੇ ਰਹੇ ਡਾ. ਅੰਕਿਤਾ ਕਾਂਸਲ ਨੇ ਦੁਨੀਆਂ ਭਰ ਵਿਚ ਫੈਲੀ ਮਹਾਂਮਾਰੀ ਕੋਰੋਨਾ ਬਾਰੇ ਕਿਤਾਬ 'ਕੋਵਿਡ-19 : ਦਾ ਜਰਨੀ ਸੋ ਫਾਰ' ਨਾਂ ਦੀ ਪੁਸਤਕ ਲਿਖ ਕੇ ਬਿਮਾਰੀ ਤੇ ਮੌਜੂਦਾ ਹਾਲਤਾਂ ਬਾਰੇ ਚਰਚਾ ਕੀਤੀ ਹੈ।
ਉਸ ਮੁਤਾਬਿਕ ਇਸ ਵਾਇਰਸ ਦੇ ਪਸਾਰ ਨੇ ਦੁਨੀਆਂ ਨੂੰ ਅਚਨਚੇਤ ਦੱਬ ਲਿਆ। ਇਹ ਬਿਮਾਰੀ ਸਾਰੀ ਦੁਨੀਆਂ ਵਿਚ ਮਨੁੱਖਾਂ ਨੂੰ ਆਪਣੇ ਕਲਾਵੇ ਵਿਚ ਲੈ ਰਹੀ ਹੈ ਜਿਸ ਨਾਲ ਹਫ਼ੜਾ ਦਫ਼ੜੀ ਤੇ ਚਿੰਤਾ ਵਧੀ ਹੈ। ਇਸ ਪਸਾਰ ਦੇ ਦੋ ਕਾਰਨ ਹਨ, ਇਕ ਕਿ ਇਹ ਫੈਲਣਾ ਸੌਖਾ ਹੈ ਤੇ ਇਹ ਚਿਰ ਕਾਲੀ ਹੈ ਦੂਜਾ ਇਸ ਦੀ ਕੋਈ ਦਵਾਈ ਨਹੀਂ ਹੈ।
ਉਸ ਨੇ ਆਪਣੀ ਪੁਸਤਕ ਵਿਚ ਵਾਇਰਸ ਚੀਨ ਤੋਂ ਉਪਜਣ ਤੇ ਫਿਰ ਦੁਨੀਆਂ ਭਰ ਵਿਚ ਫੈਲਣ ਦੀ ਚਰਚਾ ਕੀਤੀ ਗਈ ਹੈ । ਇਸ ਵਿਚ ਇਹ ਵੀ ਚਰਚਾ ਕੀਤੀ ਗਈ ਹੈ ਕਿ ਮਹਾਂਮਾਰੀ ਕਾਰਨ ਦੇਸ਼ ਭਰ ਵਿਚ ਹੋਏ ਲਾਕ ਡਾਊਨ ਨੇ ਕਿਵੇਂ ਸਾਡੇ ਜੀਵਨ ਨੂੰ ਪ੍ਰਭਾਵਤ ਕੀਤਾ ਭਾਵੇਂ ਉਹ ਅਰਥਚਾਰਾ ਹੋਵੇ ਜਾਂ ਦਿਮਾਗ਼ੀ ਸਿਹਤ ਹੋਵੇ । ਇਸ ਵਿਚ ਇਹਨਾਂ ਹਾਲਤਾਂ ਦੇ ਵੱਖ ਵੱਖ ਕਾਨੂੰਨੀ ਤੇ ਸਿਹਤ ਸਬੰਧੀ ਪੱਖਾਂ ਤੋਂ ਇਲਾਵਾ ਇਸ ਦਾ ਚੌਗਿਰਦੇ 'ਤੇ ਪਿਆ ਪ੍ਰਭਾਵ ਤੇ ਇਸ ਤੋਂ ਸਾਨੂੰ ਮਿਲੇ ਸਬਕ ਬਾਰੇ ਵੀ ਚਰਚਾ ਕੀਤੀ ਗਈ ਹੈ।
ਡਾ. ਅੰਕਿਤਾ ਕਾਂਸਲ ਪੇਸ਼ੇ ਵਜੋਂ ਇੱਕ ਡਾਕਟਰ ਹਨ ਜਿਸ ਨੇ ਸਰਕਾਰੀ ਮੈਡੀਕਲ ਕਾਲਜ ਤੋਂ ਐਮ ਬੀ ਬੀ ਐਸ ਕੀਤੀ ਤੇ ਫਿਰ ਉਹ ਸਿਵਲ ਸੇਵਾਵਾਂ ਵਿਚ ਆਉਣ ਵਾਸਤੇ ਮਿਹਨਤ ਕਰਨ ਲੱਗ ਪਏ। ਸ਼ਾਹੀ ਸ਼ਹਿਰ ਪਟਿਆਲਾ ਨਾਲ ਸਬੰਧਤ ਡਾ. ਕਾਂਸਲ ਪੰਜਾਬ ਦੇ ਐਕਸਾਈਜ਼ ਮਹਿਕਮੇ 'ਚ ਇਸ ਵੇਲੇ ਈ ਟੀ ਓ ਹਨ। ਉਸ ਨੂੰ ਸਿਰਜਣਾਤਮਿਕ ਕੰਮ ਕਰਨੇ ਚੰਗੇ ਲੱਗਦੇ ਹਨ। ਕਿਤਾਬਾਂ ਪੜ੍ਹਨੀਆਂ, ਅਖ਼ਬਾਰਾਂ ਪੜ੍ਹਨੀਆਂ, ਪੇਂਟਿੰਗ, ਗਾਰਡਨਿੰਗ ਤੇ ਕੁਦਰਤ ਦੇ ਨਾਲ ਸਮਾਂ ਬਿਤਾਉਣਾ ਉਸ ਨੂੰ ਚੰਗਾ ਲੱਗਦਾ ਹੈ। ਉਸ ਦੀ ਇਹ ਪਹਿਲੀ ਪੁਸਤਕ ਹੈ।