ਕਹਾਣੀਕਾਰ ਲਾਲ ਸਿੰਘ ਦਾ ਸੱਤਵਾ ਸੰਗ੍ਰਹਿ ਸੰਸਾਰ ਸਮਾਜਿਕ ਸਰੋਕਾਰਾਂ ਅਤੇ ਫਲਸਫੇ ਦਾ ਸੰਗ੍ਰਹਿ ਹੈ । ਲਾਲ ਸਿੰਘ ਆਪਣੀਆਂ ਕਹਾਣੀਆ ਵਿੱਚ ਹਾਸ਼ੀਏ ਤੇ ਬੈਠੇ ਲੋਕਾਂ ਦੀ ਬਾਤ ਪਾਉਦਾ ਹੈ । ਉਹ ਆਪਣੀਆਂ ਸਾਰੀਆ ਕਹਾਣੀਆਂ ਵਿੱਚ ਸਮਕਾਲੀ ਸਮਾਜਿਕ ਸਰੋਕਾਰ , ਸਮਾਜਿਕ ਵਿਵਸਥਾ,ਸਮਾਜਿਕ ਤਬਦੀਲੀ ਦੀ ਇੱਛਾ ਕਰਕੇ ਲੋਕ ਤਬਦੀਲੀ ਲਈ ਜੂਝਦੇ ਲੋਕ ਆਦਿ ਦਾ ਚਿੱਤਰਨ ਕਰਦਾ ਹੈ । ਲਾਲ ਸਿੰਘ ਦੀਆ ਕਹਾਣੀਆਂ ਵਿੱਚ ਇਸ ਵਿਸ਼ੇ ਦੀ ਪੇਸ਼ਕਾਰੀ ਦੀ ਇੱਕ ਮੁਕੰਮਲ ਤਸਵੀਰ ਹੁੰਦੀ ਹੈ ਅਤੇ ਸਮਕਾਲੀ ਕੁਰੀਤੀਆਂ ਨੂੰ ਵੰਗਾਰਦੇ ਲੋਕ ਨਾਇਕ ਵੀ ਪੇਸ਼ ਹੋਏ ਹਨ । ਲਾਲ ਸਿੰਘ ਪੰਜਾਬੀ ਕਾਹਣੀ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਨਾਂਅ ਹੈ । ਉਹ ਪਿਛਲੇ ਤੇਤੀ ਸਾਲਾਂ ਤੋ ਲਾਗਤਾਰ ਅਤੇ ਨਿੱਠ ਕੇ ਕਹਾਣੀ ਲਿਖ ਰਿਹਾ ਹੈ । ਉਸ ਦਾ ਪਹਿਲਾ ਕਹਾਣੀ ਸੰਗ੍ਰਹਿ 1984 ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਇਹ ਸੰਸਾਰ ਕਹਾਣੀ ਸੰਗ੍ਰਹਿ 2017 ਵਿੱਚ ਪ੍ਰਕਾਸ਼ਿਤ ਹੁੰਦਾ ਹੈ , ਇਹ ਉਸ ਦਾ ਸੱਤਵਾਂ ਕਹਾਣੀ ਸੰਗ੍ਰਹਿ ਹੈ । ਕਹਾਣੀਕਾਰ ਲਾਲ ਸਿੰਘ ਦੇ ਸੱਤ ਕਹਾਣੀ ਸੰਗ੍ਰਹਿ ਵਿੱਚ ਮਾਰਖੋਰੇ,ਕਾਲੀ ਮਿੱਟੀ,ਅੱਧੇ ਅਧੂਰੇ,ਗੜ੍ਹੀ ਬਖਸ਼ਾ ਸਿੰਘ,ਬਲੌਰ ਅਤੇ ਧੁੱਪ ਛਾ ਸ਼ਾਮਿਲ ਹਨ । ਆਪਣੇ 33 ਸਾਲਾਂ ਦੇ ਸਿਜਣਾਤਮਕ ਕਾਰਜ ਦੌਰਾਨ ਉਸ ਨੇ ਲੱਗਭੱਗ ਏਨੀਆਂ ਕੁ ਹੀ ਕਹਾਣੀਆਂ ਲਿਖਿਆ ਹਨ , ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਸਹਿਜਤਾ ਨਾਲ ਕਹਾਣੀ ਲਿਖਦਾ ਆ ਰਿਹਾ ਹੈ । ਲਾਲ ਸਿੰਘ ਨੇ ਆਪਣੇ ਕਹਾਣੀ ਸਿਰਜਣਾ ਦੇ ਆਰੰਭਲੇ ਦੌਰ ਤੋਂ ਹੀ ਵਿਰਕ ਦੀ ਇਕਹਿਰੇ ਬਿਰਤਾਂਤ ਵਾਲੀ ਕਹਾਣੀ ਤੋ ਉਲਟ ਸੰਘਣੇ ਬਿਰਤਾਂਤ ਵਾਲੀ ਕਹਾਣੀ ਲਿਖੀ । ਪੰਜਾਬੀ ਕਹਾਣੀ ਸਿਰਜਣਾ ਦੇ ਇਤਿਹਾਸ ਵਿੱਚ ਇਹ ਇੱਕ ਅਜਿਹਾ ਦੌਰ ਆਉਂਦਾ ਹੈ ,ਜਦੋਂ ਕਹਾਣੀਕਾਰ ਸੁਚੇਤ ਰੂਪ ਵਿੱਚਸਮਕਾਲੀ ਪ੍ਰਚਲਿਤ ਬਿਰਤਾਂਤ ਜੁਗਤ ਨੂੰ ਨਾ ਆਪਣਾਕੇ ਇੱਕ ਨਵੇਂ ਬਿਰਤਾਂਤ ਵਾਲੀ ਕਹਾਣੀ ਸਿਰਜਦੇ ਹਨ । ਲਾਲ ਸਿੰਘ ਉਸ ਵਰਗ ਵਿੱਚ ਸ਼ਾਮਲ ਹੈ ਅਤੇ ਮਹੱਤਵਪੂਰਨ ਹਸਤਾਖਰ ਹੈ । ਲਾਲ ਸਿੰਘ ਦੀ ਕਹਾਣੀ ਦਾ ਕੇਂਦਰ ਆਰੰਭਲੇ ਦੌਰ ਤੋਂ ਹੀ ਥੁੜਾਂ ਮਾਰੇ ਲੋਕਾਂ ਦੀਆਂ ਤੰਗੀਆਂ-ਤੁਰਸ਼ੀਆਂ , ਉਹਨਾਂ ਦੀਆਂ ਪੀੜ੍ਹਾਂ ਆਦਿ ਹੀ ਰਿਹਾ ਹੈ ।ਲਾਲ ਸਿੰਘ ਦੀ ਕਹਾਣੀ ਵਿਚਲੇ ਇਸੇ ਕੇਂਦਰੀ ਥੀਮ ਦੀ ਪਛਾਣ ਕਰਦਿਆਂ ਤਾਂ ਰਘਬੀਰ ਸਿੰਘ ਸਿਰਜਣਾ ਇਸ ਪੁਸਤਕ ਦੇ ਸਰਵਰਕ ‘ਤੇ ਲਾਲ ਸਿੰਘ ਬਾਰੇ ਲਿਖਦਾ ਹੈ ਕਿ ਉਸ ਨੇ ਆਪਣੇ ਆਪ ਨੂੰ ਸਿਰਜਣਾ ਤੱਕ ਹੀ ਮਹਿਦੂਦ ਰੱਖਿਆ ਹੈ । ਕਹਾਣੀਕਾਰ ਦਾ ਸਵੈਕਥਨ ਅਤੇ ਉੱਘੇ ਗਲਪ ਆਲੋਚਕ ਦੀ ਰਾਇ ਲਾਲ ਸਿੰਘ ਦੀ ਕਹਾਣੀ ਵਿਚਲੇ ਤੱਥ ਅਤੇ ਕਹਾਣੀ ਕਲਾ ਨੂੰ ਸਮਝਣ ਵਿੱਚ ਸਹਾਈ ਹੋ ਸਕਦੀ ਹੈ , ਬੇਸ਼ੱਕ ਕਈ ਵਿਦਵਾਨ ਇਸ ਤੱਤ ਨਾਲ ਸਹਿਮਤ ਨਾ ਵੀ ਹੋਣ । ਲਾਲ ਸਿੰਘ ਦੇ ਸੱਤਵੇ ਕਹਾਣੀ ਸੰਗ੍ਰਹਿ ‘ਸੰਸਾਰ’ਵਿੱਚ ਸੰਸਾਰ, “ਗ਼ਦਰ ” ,“ਜੁਬਾੜੇ ” ,“ਆਪਣੇ ਆਪਣੇ ਮੁਹਾਜ਼ ”, “ਅੱਗੇ ਸਾਖੀ ਹੋਰ ਚੱਲੀ ” ਆਦਿ ਸਮੇਤ ਹੋਰ ਕਈ ਕਹਾਣੀਆ ਸ਼ਾਮਿਲ ਹਨ । ਕਹਾਣੀ ਦੀ ਤਕਨੀਕ ਦੀ ਗੱਲ ਕਰਦਿਆਂ ਲਾਲ ਸਿੰਘ ਅਨਯ ਪੁਰਖ ਦੀ ਵਿਧੀ ਵਾਲੀ ਕਹਾਣੀ ਨੂੰ ਵਧੇਰੇ ਪ੍ਰਭਾਵਸ਼ਾਲੀ ਮੰਨਦਾ ਹੈ । ਲਾਲ ਸਿੰਘ ਸਿਰਜਣਾ ਵੱਲ ਵਧੇਰੇ ਧਿਆਨ ਦਿੰਦਾ ਹੈ। ਕਹਾਣੀ ਦੇ ਆਰੰਭ ਤੋਂ ਲੈ ਕੇ ਅੰਤਮ ਪੜਾਅ ਤੱਕ ਉਹ ਅਤਿ ਸੁਚੇਤ ਰੂਪ ਵਿੱਚ ਆਪਣੇ ਫਲਸਫੇ ਨੂੰ ਪੇਸ਼ ਕਰਨ ਦੀ ਤਾਕ ਵਿੱਚ ਰਹਿੰਦਾ ਹੈ ।ਅਜਿਹਾ ਕਰਦਿਆਂ ਕਈ ਵਾਰ ਕਹਾਣੀ ਦੇ ਬਿਰਤਾਂਤ ਸਿਰਜਣ ਦੀ ਪ੍ਰਕਿਰਿਆ ਸਹਿਜ ਨਹੀਂ ਰਹਿੰਦੀ । ਫਿਰ ਵੀ ਉਹ ਜਿਸ ਵਚਨਬੱਧਤਾ ਨਾਲ ਇੱਕ ਉਸਾਰੂ ਜੀਵਨ ਸਿਧਾਂਤ ਨਾਲ ਜੁੜ ਕੇ ਕਹਾਣੀ ਲਿਖਦਾ ਆ ਰਿਹਾ ਹੈ , ਉਹ ਕੋਈ ਛੋਟੀ ਪ੍ਰਾਪਤੀ ਨਹੀ ।