ਗੁਰਭਜਨ ਗਿੱਲ ਦਾ ਪਲੇਠਾ ਗ਼ਜ਼ਲ ਸੰਗ੍ਰਹਿ 'ਹਰ ਧੁਖਦਾ ਪਿੰਡ ਮੇਰਾ ਹੈ' - ਸੁਰਜੀਤ ਪਾਤਰ
‘ਹਰ ਧੁਖਦਾ ਪਿੰਡ ਮੇਰਾ ਹੈ' ਨਾਲ ਗੁਰਭਜਨ ਗਿੱਲ ਉਨਾਂ ਪੰਜਾਬੀ ਕਵੀਆਂ ਦੀ ਕਤਾਰ ਵਿਚ ਆ ਗਿਆ ਹੈ ਜਿਹੜੇ ਪੰਜਾਬੀ ਗ਼ਜ਼ਲ ਦੀ ਵਿਸ਼ੇਸ਼ ਨੁਹਾਰ ਸਿਰਜਣ ਵਿਚ ਕਹਿਣ ਸੁਣਨ ਯੋਗ ਹਿੱਸਾ ਪਾ ਰਹੇ ਹਨ। ਗੁਰਭਜਨ ਗਿੱਲ ਬੜਾ ਸੁਚੇਤ ਗ਼ਜ਼ਲਕਾਰ ਹੈ ਤੇ ਉਸ ਦੀਆਂ ਗ਼ਜ਼ਲਾਂ ਨੂੰ ਪੜ੍ਹ ਕੇ ਇਸ ਗੱਲ ਦਾ ਇਹਸਾਸ ਹੁੰਦਾ ਹੈ ਕਿ ਉਸ ਨੇ ਪਾਕਿਸਤਾਨੀ ਤੇ ਭਾਰਤੀ ਪੰਜਾਬੀ ਗ਼ਜ਼ਲ ਦੀ ਸਮੁੱਚੀ ਪਰੰਪਰਾ ਨੂੰ ਆਪਣੀ ਸਾਧਨਾ ਵਿਚ ਸਮੋਇਆ ਹੈ। ਉਸ ਪਰੰਪਰਾ ਦਾ ਉਹ ਵਫ਼ਾਦਾਰ ਵਾਰਿਸ ਤੇ ਅਲਮਬਰਦਾਰ ਹੈ । ਉਸ ਦੀਆਂ ਬਹਿਰਾਂ, ਸ਼ਬਦਾਂ ਦੀ ਚੋਣ ਤੇ ਬੀੜ ਪੂਰੀ ਤਰ੍ਹਾਂ ਪੰਜਾਬੀ ਮੁਹਾਂਦਰੇ ਵਾਲੀ ਹੈ ਤੇ ਸ਼ਬਦ 'ਪਿੰਡ' ਸਿਰਫ਼ ਉਸ ਦੀ ਕਿਤਾਬ ਦੇ ਨਾਮ ਵਿਚ ਸ਼ਾਮਿਲ ਨਹੀਂ ਸਾਰੀ ਕਿਤਾਬ ਵਿਚ ਹੀ ਕਿਤੇ ਪ੍ਰਗਟ ਤੇ ਕਿਤੇ ਅਪ੍ਰਗਟ ਰੂਪ ਵਿਚ ਰਚਿਆ ਹੋਇਆ ਹੈ । ਪਿੰਡ ਸ਼ਬਦ ਪੰਜਾਬੀ ਗ਼ਜ਼ਲ ਲਈ ਨਵਾਂ ਨਹੀਂ, ਪਰ ਇਸ ਸ਼ਬਦ ਤੇ ਇਸ ਨਾਲ ਜੁੜੇ ਹਵਾਲਿਆਂ ਦੀ ਏਨੀ ਸੰਘਣੀ ਵਰਤੋਂ ਕਿਸੇ ਹੋਰ ਦੀਆਂ ਗ਼ਜ਼ਲਾਂ ਵਿਚੋਂ ਮਿਲਣੀ ਮੁਸ਼ਕਲ ਹੈ । ਉਸ ਦੀ ਕੋਈ ਵਿਰਲੀ ਗ਼ਜ਼ਲ ਹੀ ਫ਼ਸਲਾਂ ਜਾਂ ਪਿੰਡ ਤੋਂ ਵਿਰਵੀ ਹੈ । ਕੋਈ ਕੋਈ ਗ਼ਜ਼ਲ ਤਾਂ ਸਾਰੀ ਦੀ ਸਾਰੀ ਪਿੰਡ ਦੀ ਕਿਸੇ ਇਕ ਸਥਿਤੀ ਦਾ ਵਰਨਣ ਹੈ ਜਿਵੇਂ :
ਅੰਬਰ ਦੇ ਵਿਚ ਬਿਜਲੀ ਕੜਕੇ ਲਿਸ਼ਕੇ ਚਮਕ ਡਰਾਵੇ।
ਬਾਹਰ ਖਲੋਤੀਆਂ ਪੱਕੀਆਂ ਕਣਕਾਂ ਜਾਨ ਨਿਕਲਦੀ ਜਾਵੇ।
ਲਿਸ਼ਕ ਚਾਨਣੀ ਮਾਰ ਗਈ ਹੈ ਲਹਿ-ਲਹਿਰਾਉਂਦੇ ਛੋਲੇ,
ਦਾਣਿਆਂ ਦੀ ਥਾਂ ਘਰ ਵਿਚ ਆਏ ਹਾਉਕੇ ਹੰਝੂ ਹਾਵੇ।
ਸਾਡੇ ਪਿੰਡ ਤਾਂ ਫੂਹੜੀ ਵਿਛ ਗਈ ਗੜ੍ਹੇਮਾਰ ਦੇ ਮਗਰੋਂ,
ਸ਼ਹਿਰਾਂ ਦੇ ਵਿਚ ਲਾਊਡ ਸਪੀਕਰ ਉੱਚੀ ਉੱਚੀ ਗਾਵੇ।
ਕੱਚੇ ਘਰ ਪਾਣੀ ਵਿਚ ਡੁੱਬੇ ਖੁਰਦੀਆਂ ਜਾਵਣ ਕੰਧਾਂ,
ਉੱਚੇ ਪੱਕੇ ਘਰ ਦੇ ਵਿਹੜੇ ਚਿੜੀ ਰੇਤ ਵਿਚ ਨ੍ਹਾਵੇ।
ਚਾਰ ਚੁਫ਼ੇਰੇ ਚਿੱਕੜ ਖੋਭਾ ਗੋਡੇ ਗੋਡੇ ਪਾਣੀ,
ਸਾਡੀ ਖ਼ਬਰ-ਸਾਰ ਨੂੰ ਕਿੱਦਾਂ ਪਤਵੰਤਾ ਕੋਈ ਆਵੇ।
ਲਹਿਣੇਦਾਰ ਆਵਾਜ਼ਾਂ ਮਾਰਨ ਬੂਹੇ ਨੂੰ ਖੜਕਾ ਕੇ,
ਖ਼ਾਲੀ ਜੇਬ ਹੁੰਗਾਰਾ ਭਰਨੋਂ ਵੀ ਕੰਨੀ ਕਤਰਾਵੇ।
ਗੁਰਭਜਨ ਗਿੱਲ ਦੀ ਪੰਜਾਬੀ ਗ਼ਜ਼ਲ ਦੇ ਪਿੰਡ-ਪਰਾਣ ਨੂੰ ਪੰਜਾਬੀਪਨ ਦਾ ਜਾਮਾ ਪਹਿਨਾਉਣ ਦੀ ਕੋਸ਼ਿਸ਼ ਬੜੀ ਉੱਘੜਵੀਂ ਤੇ ਮੁੱਲਵਾਨ ਹੈ।ਪਰੰਪਰਾ ਨੂੰ ਅੰਦਰ ਸਮੋਣ ਦੇ ਸਿਲਸਿਲੇ ਵਿਚ ਹੀ ਇਕ ਗੱਲ ਹੋਰ ਦੇਖਣਯੋਗ ਹੈ ਕਿ ਗੁਰਭਜਨ ਗਿੱਲ ਨੇ ਲਗਪਗ ਉਨ੍ਹਾਂ ਸਾਰੇ ਵਿਸ਼ਿਆਂ ਤੇ ਸਰੋਕਾਰਾਂ ਨੂੰ ਛੋਹਿਆ ਹੈ ਜਿਹੜੇ ਆਧੁਨਿਕ ਹਨ । ਨਕਸਲਬਾੜੀ ਲਹਿਰ ਦਾ ਉਤਰਾਅ, ਆਪਣੀ ਦੁਚਿੱਤੀ, ਆਪਣੀ ਨਿਕਰਮਤਾ ਦਾ ਇਕਬਾਲ, ਆਪਣੀ ਸੁਰੱਖਿਆ ਦੀ ਇੱਛਾ ਕਾਰਨ ਆਪਣੇ ਅੰਦਰੋਂ ਬਿਨਸ ਰਹੇ ਵਿਦਰੋਹ ਦਾ ਖ਼ਿਆਲ, ਮੁੜ ਆਇਆਂ ਨੂੰ ਮਿਹਣਾ, ਆਤਮਗਿਲਾਨੀ, ਟੇਰਿਆਂ ਪ੍ਰਤੀ ਗੁੱਸਾ ਤੇ ਕਿਰਤੀ-ਪੁੱਤਾਂ ਨਾਲ ਮੋਹ ਅਤੇ ਇਕ ਉਮੀਦ ਲਗਪਗ ਸਾਰੇ ਸਰੋਕਾਰ ਉਸ ਨੇ ਅਪਣਾਏ ਹਨ । ਇਹ ਉਸ ਦੀ ਜਾਗਰੂਕਤਾ ਦੇ ਉਸ ਦੀ ਗ੍ਰਹਿਣਸ਼ੀਲ ਸੰਵੇਦਨਾ ਦੀ ਵੱਡੀ ਗਵਾਹੀ ਹੈ ।ਗੁਰਭਜਨ ਗਿੱਲ ਦੀ ਗ਼ਜ਼ਲ, ਤਰਾਸ਼ੀ ਹੋਈ, ਸਲੀਕੇ ਵਾਲੀ, ਸੰਤੁਲਿਤ ਗ਼ਜ਼ਲ ਹੈ। ਉਸ ਵਿਚ ਅੰਤਰਮੁਖੀ ਉਲਾਰ ਜਾਂ ਬੇਮੁਹਾਰਾ ਵਹਾਅ ਨਹੀਂ । ਇਹ ਉਸ ਦਾ ਗੁਣ ਹੈ ਪਰ ਕਿਤੇ ਕਿਤੇ ਇਹ ਗੱਲ ਇਕ ਸੀਮਾ ਵੀ ਬਣ ਜਾਂਦੀ ਹੈ ਕਿਉਂਕਿ ਇਹ ਉਸ ਦੀ ਗ਼ਜ਼ਲ ਨੂੰ ਆਪ ਮੁਹਾਰੀ ਬਣਨ ਤੋਂ ਆਪਣੇ ਆਪ ਦੀਆਂ ਹਨ੍ਹੇਰੀਆਂ ਗਹਿਰਾਈਆਂ ਵਿਚ ਜਾਣ ਵੱਲੋਂ ਤੇ ਸਰਲਤਾ ਅਪਣਾਉਣ ਤੋਂ ਵਰਜੀ ਰੱਖਦੀ ਹੈ ।
ਇਸ ਲਈ ਜਿੱਥੇ ਕਿਤੇ ਗੁਰਭਜਨ ਗਿੱਲ ਨੇ ਸਿੱਕੇਬੰਦ ਸਲੀਕੇ ਨੂੰ ਛੱਡ ਕੇ ਆਪਣੇ ਆਪ ਦੀ ਮੁਹਾਰ ਨੂੰ ਜ਼ਰਾ ਢਿੱਲੀ ਛੱਡਿਆ ਹੈ, ਉਥੇ ਉਹ ਮੈਨੂੰ ਵਧੇਰੇ ਪ੍ਰਭਾਵਸ਼ਾਲੀ ਜਾਪਿਆ ਹੈ :
ਅੰਨ੍ਹੀ ਬੋਲੀ ਰਾਤ ਹਨੇਰੀ ਰਹਿਣ ਦਿਉ।
ਕਾਲਖ਼ ਦੇ ਦਰਿਆ ਨੂੰ ਏਦਾਂ ਵਹਿਣ ਦਿਉ।
ਏਸ ਨਮੋਸ਼ੀ ਨੂੰ ਵੀ ਜੀਣਾ ਚਾਹੁੰਦਾ ਹਾਂ,
ਮੈਨੂੰ ਮੇਰਾ ਹਿੱਸਾ ਆਪੇ ਸਹਿਣ ਦਿਉ।
ਕਿੱਥੋਂ ਕਿੱਥੋਂ ਗਰਕਦਿਆਂ ਨੂੰ ਰੋਕੋਗੇ,
ਜੋ ਢਹਿੰਦਾ ਹੈ ਉਹਨੂੰ ਤਾਂ ਬੱਸ ਢਹਿਣ ਦਿਉ।
ਫ਼ਿਰ ਆਖੋਗੇ ਸਿਲ-ਪੱਥਰ ਹੈ ਕੂੰਦਾ ਨਹੀਂ,
ਮੈਨੂੰ ਅਪਣੀ ਦਰਦ-ਕਹਾਣੀ ਕਹਿਣ ਦਿਉ।
ਨਹਿਰਾਂ ਸੂਏ ਖਾਲ ਤੁਹਾਡੇ ਨੌਕਰ ਨੇ,
ਮੇਰਾ ਇਕ ਦਰਿਆ ਤਾਂ ਵਗਦਾ ਰਹਿਣ ਦਿਉ।
ਜਗਦਾ ਬੁਝਦਾ ਜੰਗਲ ਹੈ ਇਹ ਆਸਾਂ ਦਾ,
ਦਿਨ ਚੜ੍ਹਦੇ ਤਕ ਬਾਸਾਂ ਨੂੰ ਇੰਞ ਖਹਿਣ ਦਿਉ।
ਸ਼ਾਇਦ ਕੁਝ ਲੋਕਾਂ ਨੂੰ ਇਸ ਗ਼ਜ਼ਲ ਦੀ ਭਾਵਨਾ ਨਾਂਹ-ਮੁਖੀ ਤੇ ਨਿਰਾਸ਼ਾਵਾਦੀ ਲੱਗੇ, ਪਰ ਮੈਂ ਇਸ ਪੱਖ ਦਾ ਧਾਰਨੀ ਹਾਂ ਕਿ ਝੂਠੀ ਜਾਂ ਪੇਤਲੀ ਆਸ਼ਾ ਨਾਲੋਂ ਸੱਚੀ ਨਿਰਾਸ਼ਾ ਬਿਹਤਰ ਹੁੰਦੀ ਹੈ ਕਿਉਕਿ ਉਹ ਸਾਡੀ ਸੋਚ ਤੇ ਸਾਡੇ ਅਮਲ ਨੂੰ ਠੋਸ ਧਰਾਤਲ ਦਿੰਦੀ ਹੈ।
ਸਾਨੂੰ ਵਧੇਰੇ ਯਥਾਰਥਵਾਦੀ ਤੇ ਵਧੇਰੇ ਦ੍ਰਿੜ ਬਣਾਉਂਦੀ ਹੈ । ਨਿਰਾਸ਼ਾ ਦੀਆਂ ਜੜ੍ਹਾਂ
ਤਕ ਪਹੁੰਚਣਾ ਹੀ ਨਿਰਾਸ਼ਾ ਤੋਂ ਮੁਕਤ ਹੋਣ ਦੀ ਪਹਿਲੀ ਅਵਸਥਾ ਹੈ । ਨਿਰਾਸ਼ਾ ਨੂੰ ਢੱਕਣਾ, ਉਸ ਉਤੇ ਝੂਠੀ ਆਸ ਦੇ ਪਰਦੇ ਪਾਉਣੇ ਤਾਂ ਟੋਏ ਉਤੇ ਸਰਕੜਾ ਵਿਛਾਉਣ ਵਰਗਾ ਕੰਮ ਹੈ।
ਗੁਰਭਜਨ ਗਿੱਲ ਦਾ ਇਕ ਹੋਰ ਹਾਂ-ਮੁਖੀ ਪਹਿਲੂ ਇਹ ਹੈ ਉਸ ਦੀਆਂ ਕਾਫ਼ੀ ਗ਼ਜ਼ਲਾਂ ਇਕਾਗਰ ਗ਼ਜ਼ਲਾਂ ਹਨ । ਉਨ੍ਹਾਂ ਵਿਚਲੇ ਸ਼ਿਅਰਾਂ ਦੀ ਆਪਸੀ ਸਾਂਝ ਕੇਵਲ ਬਹਿਰ ਵਜ਼ਨ ਜਾਂ ਕਾਫ਼ੀਏ ਰਦੀਫ਼ ਦੀ ਨਹੀਂ, ਸਗੋਂ ਵਿਸ਼ੇ ਦੀ ਵੀ ਹੁੰਦੀ ਹੈ । ਗ਼ਜ਼ਲ ਦੀ ਇਕਾਗਰਤਾ ਉਸ ਦੀ ਕਾਵਿਕ ਹੂਕ ਨਜ਼ਮ ਦੇ ਕੋਲ ਲੈ ਜਾਂਦੀ ਹੈ । ਉਸ ਦੀ ਗ਼ਜ਼ਲ ਦਾ ਅਗਲਾ ਸ਼ਿਅਰ ਪਹਿਲੇ ਸ਼ਿਅਰ ਦੇ ਪ੍ਰਭਾਵ ਨੂੰ ਡੂੰਘਾ ਬੇਸ਼ੱਕ ਨਾ ਕਰੋ, ਉਸ ਨੂੰ ਖੰਡਿਤ ਨਹੀਂ ਕਰਦਾ। ਇਸ ਨੂੰ ਦੂਜੇ ਸ਼ਬਦਾਂ ਵਿਚ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਦਾ ਆਪਸੀ ਸੰਬੰਧ ਗਗਨ-ਮੁਖੀ ਹੋਣ ਦੀ ਥਾਂ ਦੋਮੇਲ-ਮੁਖੀ ਹੈ । ਉਸ ਦੇ ਸ਼ਿਅਰ ਉਪਰ ਚੜ੍ਹਦੇ ਜਾਂ ਹੇਠ ਆਉਂਦੇ ਪੌਡਿਆਂ ਵਾਂਗ ਨਹੀਂ ,ਸਮਾਨੰਤਰ ਰੇਖਾਵਾਂ ਵਾਂਗ ਹਨ ।
ਇਨਾਂ ਦਿਨਾਂ ਵਿਚ ਗ਼ਜ਼ਲ ਸ਼ਬਦ ਆਮ ਮੱਧ-ਵਰਗੀ ਪੰਜਾਬੀ ਘਰਾਂ ਲਈ ਓਪਰਾ ਨਹੀਂ ਰਿਹਾ। ਇਸ ਨੂੰ ਲੋਕ-ਪ੍ਰਿਯ ਬਣਾਉਣ ਵਿਚ ਉਰਦੂ ਗ਼ਜ਼ਲਾਂ ਦੀਆਂ ਕੈਸਟਾਂ ਦਾ ਵਿਸ਼ੇਸ਼ ਹੱਥ ਹੈ । ਗ਼ਜ਼ਲਾਂ ਸੁਣੀਆਂ ਜਾਂਦੀਆਂ ਹਨ, ਪੜ੍ਹੀਆਂ ਨਹੀਂ ਜਾਂਦੀਆਂ । ਪੰਜਾਬੀ ਗ਼ਜ਼ਲ ਨੂੰ ਅਜੇ ਤੱਕ ਇਸ ਦਾ ਚੰਗਾ ਗਾਇਕ ਨਹੀਂ ਮਿਲਿਆ । ਇਸ ਲਈ ਪੰਜਾਬੀ ਸੰਗੀਤ ਵਿਚ ਇਸ ਦਾ ਵਿਸ਼ੇਸ਼ ਥਾਂ ਨਹੀਂ ਬਣਿਆ ਜਦ ਕਿ ਪੰਜਾਬੀ ਸਾਹਿਤ ਵਿਚ ਇਸ ਦਾ ਜ਼ਿਕਰਯੋਗ ਥਾਂ ਹੈ । ਪੰਜਾਬੀ ਸੰਗੀਤ ਲੋਕ-ਧੁਨਾਂ ਅਤੇ ਰਾਗ ਆਧਾਰਿਤ ਗੁਰਬਾਣੀ ਕੀਰਤਨ ਦੇ ਦੋ ਦੁਫਾੜ ਦੁਰਾਡੇ ਸਿਰਿਆਂ ਤੇ ਸੁਭਾਇਮਾਨ ਹੈ ਅਤੇ ਇਸ ਦੀ ਵਿਚਕਾਰਲੀ ਵਿੱਥ ਨੂੰ ਭਰਨ ਲਈ ਗੰਭੀਰ ਗੀਤਾਂ ਤੇ ਗ਼ਜ਼ਲਾਂ ਦੇ
ਗਾਇਨ ਦੀ ਸਖ਼ਤ ਲੋੜ ਹੈ ।
ਇਸ ਨਾਲ ਪੰਜਾਬੀ ਮਾਨਸਿਕਤਾ ਦੁਫਾੜ ਤੋਂ ਮੁਕਤ ਹੋ ਸਕਦੀ ਹੈ । ਗੁਰਭਜਨ ਦੀਆਂ ਗ਼ਜ਼ਲਾਂ ਕਿਤੇ ਕਿਤੇ ਲੋਕ -ਗੀਤਕ ਵਾਕੰਸ਼ਾਂ ਨੂੰ ਅਪਣਾ ਕੇ ਮਿੱਸਾ ਰੂਪ ਉਸਾਰਨ ਦਾ ਯਤਨ ਕਰਦੀਆਂ ਹਨ । ਇਹ ਮਿਸ਼ਰਣ ਸੰਜੋਗ ਬਣ ਸਕਦਾ ਹੈ ਜਾਂ ਨਹੀਂ ਇਹ ਭਵਿੱਖ ਦੀ ਸਾਧਨਾ ਤੇ ਮਾਹੌਲ ਤੇ ਨਿਰਭਰ ਕਰਦਾ ਹੈ ।
ਜਦੋਂ ਤਕ ਪੰਜਾਬੀ ਗ਼ਜ਼ਲ ਇਕ ਕਾਵਿ-ਰੂਪ ਵਜੋਂ ਕਾਫ਼ੀ ਵਾਦ-ਵਿਵਾਦ ਵਿਚ ਸੀ ਹੋਈ ਹੈ, ਕਈ ਗੰਭੀਰ ਆਲੋਚਕ ਇਸ ਦੀ ਪ੍ਰਮਾਣਿਕਤਾ ਨੂੰ ਸੰਦੇਹ ਨਾਲ ਦੇਖਦੇ ਹਨ ।ਗ਼ਜ਼ਲ-ਸੰਗ੍ਰਹਿ ਹਰ ਧੁਖਦਾ ਪਿੰਡ ਮੇਰਾ ਹੈ ਪ੍ਰਕਾਸ਼ਤ ਹੋਣਾ ਇਸ ਵਾਦ ਵਿਵਾਦ ਨੂੰ ਜ਼ਰਾ ਹੋਰ ਤਿੱਖਾ ਕਰੇਗਾ ਤੇ ਪੰਜਾਬੀ ਗ਼ਜ਼ਲ ਦੇ ਪੱਖ ਨੂੰ ਹੋਰ ਮਜ਼ਬੂਤ ਕਰੇਗਾ।ਇਸ ਸੰਗ੍ਰਹਿ ਪ੍ਰਤੀ ਪਾਠਕਾਂ ਤੇ ਆਲੋਚਕਾਂ ਦਾ ਪ੍ਰਤੀਕਰਮ ਬੜਾ ਨਿੱਘਾ ਹੋਵੇਗਾ, ਇਸ ਗੱਲ ਦੀ ਮੈਨੂੰ ਸਿਰਫ਼ ਇੱਛਾ ਹੀ ਨਹੀਂ, ਪੱਕੀ ਉਮੀਦ ਵੀ ਹੈ ।