ਲੁਧਿਆਣਾ, 31 ਜਨਵਰੀ 2020 - ਮੈਂ ਅੱਜ ਸਵੇਰੇ ਯੂ ਟਿਊਬ ਤੇ ਵੇੰਖ ਰਿਹਾ ਸਾਂ ਬਾਬਾ ਕਿਸ਼ਨ ਸਿੰਘ ਸਿਆਣ ਨਵਾਂ ਸ਼ਹਿਰ ਵਾਲਿਆਂ ਦੀ ਮੁਲਾਕਾਤ। ਡੇਲੀ ਪੋਸਟ ਚੈਨਲ ਦੀ ਪੇਸ਼ਕਾਰ ਸੁਮਨ ਜੇਤਲੀ ਦੀ ਉਦਾਸ ਆਵਾਜ਼ ‘ਚ ਖ਼ਬਰ ਸੀ ਕਿ ਤੰਤੀ ਸਾਜ਼ਾਂ ਦਾ ਸਿਰਜਣਹਾਰਾ ਗੁਰੂ ਨਾਨਕ ਪਿਆਰਾ ਬਾਬਾ ਕਿਸ਼ਨ ਸਿੰਘ ਸਿਆਣ ਚਲਾ ਗਿਆ ਹੈ। ਓਥੇ ਗਿਆ ਜਿੱਥੇ ਜਾ ਕੇ ਕਦੇ ਕੋਈ ਨਹੀਂ ਮੁੜਿਆ।
ਸੁਮਨ ਨੂੰ ਫੋਨ ਕੀਤਾ ਤਾਂ ਉਸ ਦੱਸਿਆ ਕਿ ਬਾਬਾ ਜੀ ਡੀ ਐੱਮ ਸੀ ਹਸਪਤਾਲ ਚ ਦਾਖ਼ਲ ਸਨ ਤੇ ਕੱਲ੍ਹ ਪ੍ਰਾਣ ਪੰਖੇਰੂ ਹੋ ਗਏ।
ਦਿਲ ਦੇ ਰੋਗੀ ਸਨ ਬਾਬਾ ਕਿਸ਼ਨ ਸਿੰਘ ਸਿਆਣ।
ਸਾਰੰਗੀ ਤੇ ਹੋਰ ਅਨੇਕਾਂ ਤੰਤੀ ਸਾਜ਼ ਖ਼ੁਦ ਬਣਾਉਂਦੇ ਸਨ। ਕਈ ਚੈਨਲਜ਼ ਨੇ ਉਨ੍ਹਾਂ ਦੀਆਂ ਮੁਲਾਕਾਤਾਂ ਕੀਤੀਆਂ ਪਰ ਸਰਕਾਰੀ ਤੰਤਰ ਨੇ ਕਦੇ ਸਰਪ੍ਰਸਤੀ ਨਾ ਕੀਤੀ। ਬਾਬਾ ਸ੍ਵੈਮਾਣ ਦਾ ਸਾਈਂ ਸੀ। ਨਿਰੋਲ ਕਿਰਤੀ। ਇੱਕ ਵਾਰ ਦਰਸ਼ਨ ਕਰਨੇ ਨਸੀਬ ਹੋਏ ਪਰ ਬਹੁਤੀਆਂ ਗੱਲਾਂ ਨਾ ਹੋ ਸਕੀਆਂ। ਰੀਝ ਅਧੂਰੀ ਰਹੇਗੀ ਕਿ ਬਾਬੇ ਨੂੰ ਰੱਜ ਕੇ ਨਾ ਮਿਲ ਸਕਿਆ।
ਭਲਾ ਹੋਵੇ ਮੇਰੇ ਮਿੱਤਰ ਪੱਤਰਕਾਰ ਗੁਰਕ੍ਰਿਪਾਲ ਸਿੰਘ ਅਸ਼ਕ ਦੇ ਪੁੱਤਰ ਸਵਰਨਜੀਤ ਸਿੰਘ ਅਸ਼ਕ ਦਾ ਜਿਸ ਨੇ ਚਾਰ ਸਾਲ ਪਹਿਲਾਂ ਪੰਜ ਆਬ ਟੀ ਵੀ ਕੈਨੇਡਾ ਲਈ ਕੀਤੀ ਮੁਲਾਕਾਤ ਆਧਾਰਿਤ ਕੁਝ ਯਾਦਾਂ ਲਿਖ ਘੱਲੀਆਂ ਹਨ।
ਤੁਸੀਂ ਵੀ ਪੜ੍ਹੋ ਜੀ।
ਗੁਰਭਜਨ ਗਿੱਲ
31.1.2020
ਗੱਲ ਦਿਸੰਬਰ 2015 ਦੀ ਹੈ, ਮੈਂ ਆਪਣੇ ਪਿਤਾ ਜੀ ਨਾਲ ਇੰਟਰਵਿਊ ਦੌਰਾਨ ਕੈਮਰਾ ਚਲਾ ਲੈਂਦਾ ਸੀ ਕਿਉਂਕਿ ਕੈਮਰੇ ਨਾਲ ਮੈਨੂੰ ਸ਼ੁਰੂ ਤੋਂ ਪਿਆਰ ਰਿਹਾ ਹੈ।
ਰੋਟੀਨ ਦੀ ਤਰ੍ਹਾਂ ਇੰਟਰਵਿਊ ਕਰਨ ਲਈ ਜਦ ਮੈਂ ਕਿੱਟ ਤਿਆਰ ਕਰ ਰਿਹਾ ਸੀ ਤਾਂ ਆਵਾਜ਼ ਆਈ ਪੁੱਤ ਅੱਜ ਜਲਦੀ ਜਾਣਾ, ਨਵਾਂ ਸ਼ਹਿਰ ਜਾਣ ਵਿੱਚ ਵੀ ਟਾਈਮ ਲਗ ਜਾਊ, ਫਿਰ ਆਉਂਦੇ ਹੋਏ ਕੱਪੜੇ ਵੀ ਲੈਣੇ ਨੇ। ਸੱਚ ਬੋਲਾਂ ਤਾਂ ਉਸ ਸਮੇ ਇੰਟਰਵਿਊ 'ਚ ਮੇਰੀ ਘੱਟ ਤੇ ਕੱਪੜਿਆ 'ਚ ਵੱਧ ਰੁਚੀ ਸੀ। ਪਰ ਮੈਨੂੰ ਅੰਦਾਜ਼ਾ ਨਹੀਂ ਸੀ ਕਿ ਜਿਸ ਰੂਹ ਨੂੰ ਮੈਂ ਮਿਲਣ ਜਾ ਰਿਹਾ ਹਾਂ ਉਹ ਸਦਾ ਲਈ ਮੇਰੇ ਮਨ ਵਿੱਚ ਵੱਸ ਜਾਵੇਗੀ।
ਨਵਾਂ ਸ਼ਹਿਰ ਪਹੁੰਚ ਕੇ ਮੇਰੇ ਡੈਡੀ ਗੁਰਕ੍ਰਿਪਾਲ ਸਿੰਘ ਅਸ਼ਕ ਇੰਞ ਗਵਾਚੇ ਜਿਵੇਂ ਕੁੱਝ ਲੱਭਦੇ ਹੋਣ, ਪੁੱਛਣ ਤੇ ਵੀ ਉਨ੍ਹਾਂ ਮੂੰਹ ਮੇਰੇ ਵੱਲ ਨਾ ਕਰਦੇ ਹੋਏ ਆਪਣੇ ਆਪ ਚ ਬੇਧਿਆਨੇ ਹੋਏ ਕਿਹਾ "ਮੈਨੂੰ ਇਥੋਂ ਕੁ ਕਿਸੇ ਨੇ ਉਨ੍ਹਾਂ ਦਾ ਘਰ ਦੱਸਿਆ ਸੀ ਸ਼ਾਇਦ ਆਹੀ ਮੋੜ ਸੀ", ਮੈਂ ਕਿਹਾ ਕਿਸ ਦਾ ਮੋੜ... ਇਨ੍ਹੇ ਨੂੰ ਕਾਰ ਦੀ ਖਿੜਕੀ ਖੋਲ੍ਹ ਕਹਿੰਦੇ ਮੈਂ ਇੱਕ ਮਿੰਟ ਦੇਖਕੇ ਆਇਆ ਤੁਸੀਂ ਕਾਰ ਚ ਬੈਠੋ।
ਮੇਰਾ ਵੱਡਾ ਭਰਾ ਨਾਲ ਹੀ ਸੀ, ਉਹ ਵੀ ਕਹਿੰਦਾ.. ਇੱਕ ਡੈਡੀ ਦਾ ਵੀ ਨਹੀਂ ਕੁਝ ਵੀ ਪਤਾ ਲੱਗਦਾ ਕਿ ਕਰਨਾ ਕੀ ਆ।
ਪੰਜਾਂ ਕੁ ਮਿੰਟਾਂ ਬਾਅਦ ਖਿੜੇ ਮੂੰਹ ਨਾਲ ਕਹਿੰਦੇ ਜਲਦੀ ਸਮਾਨ ਲੈ ਕੇ ਆਜੋ ਮਿਲਗੇ, ਮੈਂ ਅਗੋਂ ਪੁੱਛਿਆ ਕੌਣ?
ਕਹਿੰਦੇ ਜਿਹੜੇ ਤੰਤੀ ਸਾਜ਼ ਬਣਾਉਂਦੇ ਆ, ਤੂੰ ਬਸ ਜਲਦੀ ਆਜਾ।
ਪੁਰਾਣੀ ਜੇਹੀ ਸੜਕ ਦੇ ਇੱਕ ਪਾਸਿਉਂ ਗੰਦੀ ਨਾਲੀ ਵਗੇ ਅਤੇ ਸਾਈਡ ਪਲਾਟ ਚ ਗੰਦਗੀ ਦਾ ਢੇਰ ਲਗਿਆ ਪਿਆ।
ਮਨ ਹੀ ਮਨ ਕੈਮਰਾ ਬੈਗ ਚੁੱਕੀ ਮੈਂ ਸੋਚਾਂ, ਡੈਡੀ ਨੂੰ ਇੱਥੇ ਕੀਹ ਮਿਲਿਆ ਹੋਊ।
ਸ਼ਾਇਦ ਅਜਿਹੀ ਅਮੀਰੀ ਮੈਨੂੰ ਕਿਸੇ ਉੱਚੇ ਮਹਿਲ ਚ ਨਹੀਂ ਸੀ ਮਿਲਣੀ, ਜੋ ਉਸ ਇੱਕ ਭੁੰਜੇ ਬੈਠੇ ਬਜ਼ੁਰਗ ਦੀ ਬੱਚਿਆਂ ਭਰੀ ਮੁਸਕਾਨ ਅਤੇ ਗੱਲਾਂ ਦੇ ਨਿੱਘ ਚ ਮਿਲੀ ' ਇਹ ਸਨ " ਸ: ਕਿਸ਼ਨ ਸਿੰਘ ਸਿਆਣ " ਜਿਨ੍ਹਾਂ ਨੂੰ ਉਹਨਾਂ ਦੇ ਪਿਆਰੇ ਭੰਗਲਾਂ ਵਾਲਿਆਂ ਦੇ ਨਾਂ ਨਾਲ ਵੀ ਜਾਣਦੇ ਸਨ'।
ਉਹ ਅਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਸਾਰੀ ਉਮਰ ਉਹਨਾਂ ਤੰਤੀ ਨੂੰ ਤਿਆਰ ਕੀਤਾ ਜੋ ਗੁਰੂ ਸਾਹਿਬਾਨ ਨੇ ਸਾਡੀ ਝੋਲੀ ਪਾ ਕੇ ਸਾਨੂੰ ਅਮੀਰੀ ਬਖ਼ਸ਼ੀ ਸੀ।
ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਸੋਚਿਆ ਕਿੱਥੇ ਬੈਠਕੇ ਕਰੀਏ ਕਿਉਂਕਿ ਇੱਕ ਤਾਂ ਸੂਰਜ ਦੇ ਰੌਸ਼ਨੀ ਦੇਖਣੀ ਸੀ ਅਤੇ ਦੂਜਾ ਬੈਠਣ ਦਾ ਇੰਤਜ਼ਾਮ ਕਿਉਂਕਿ ਡੈਡੀ ਨੂੰ ਵੀ ਐਕਸੀਡੈਂਟ ਤੋਂ ਬਾਦ ਥੱਲੇ ਬੈਠਣ ਚ ਤਕਲੀਫ਼ ਹੁੰਦੀ ਹੈ।
ਇਨ੍ਹੇ ਨੂੰ ਮੈਂ ਜਗ੍ਹਾ ਦੇਖਣ ਲਈ ਮੂੰਹ ਘੁੰਮਿਆ ਹੀ ਸੀ ਕਿ ਇਨ੍ਹੇ ਨੂੰ ਪਿੱਛੋਂ ਔਖਾ ਸੌਖਾ ਭੁੰਜੇ ਬੈਠਕੇ ਬਾਪੂ ਨੇ ਕਿਹਾ ਇੱਥੇ ਹੀ ਕਰਦੇ, ਬਜ਼ੁਰਗਾਂ ਕੋਲ ਥੱਲੇ ਬੈਠਕੇ ਕੁਝ ਸਿੱਖ ਹੀ ਲਵਾਂਗੇ। ਭਾਵੇਂ ਬਾਬਾ ਕਿਸ਼ਨ ਸਿੰਘ ਜੀ ਸਿਰਫ਼ ਗੁਰਮੁਖੀ ਦੇ ਅੱਖਰ ਹੀ ਉਠਾ ਸਕਦੇ ਸਨ ਪਰ ਉਨ੍ਹਾਂ ਕੋਲ ਸੰਗੀਤ ਦਾ ਗਿਆਨ ਇਨਾਂ ਗਹਿਰਾ ਸੀ ਕਿ ਵੱਡੇ ਵੱਡੇ ਸੰਗੀਤਕਾਰ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਅਦਬ ਦਿੰਦੇ ਸਨ। ਉਹ ਜਿਸ ਲੱਕੜ ਨੂੰ ਵੀ ਤਰਾਸ਼ ਦਿੰਦੇ ਸਨ ਉਸ ਵਿੱਚੋਂ ਦਿਲ ਨੂੰ ਟੁੰਬਣ ਵਾਲੀਆਂ ਸੁਰਾਂ ਨਿਕਲਦੀਆਂ ਸਨ। ਉਹ ਨਾਲ ਹੀ ਸ਼ਬਦਾਂ ਦੇ ਜਾਦੂਗਰ ਵੀ ਸਨ। ਉਨ੍ਹਾਂ ਦੇ ਬੋਲਣ ਦਾ ਅੰਦਾਜ਼ ਮੈਨੂੰ ਆਪਣੇ ਵੱਲ ਮੋਹ ਕੇ ਲੈ ਗਿਆ। ਪਤਾ ਹੀ ਨਹੀਂ ਚੱਲਿਆ ਕਦ ਅੱਧਾ ਘੰਟਾ ਲੰਘਿਆ।
ਸਾਜ਼ਾਂ ਨੂੰ ਸਿਰਜਣ ਦੀ ਕਲਾ ਉਨ੍ਹਾਂ ਨੇ ਆਪਣੀਆਂ ਤਿੰਨ ਪੀੜੀਆਂ ਪਹਿਲਾਂ ਆਪਣੇ ਨਾਨਾ ਜੀ ਕੋਲੋਂ ਸਿੱਖੀ ਜਿਨ੍ਹਾਂ ਦੀ ਦੁਕਾਨ ਪਾਕਿਸਤਾਨ ਬਣਨ ਤੋਂ ਪਹਿਲਾਂ ਪੇਸ਼ਾਵਰ (ਪਾਕਿਸਤਾਨ )ਵਿਚ ਸੀ ਤੇ ਫਿਰ ਬੰਗਿਆਂ ਵਾਲੀ ਸਾਂਝ ਉਨ੍ਹਾਂ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਕੋਲ ਲਾਇਲਪੁਰ ਲੈ ਆਈ ਜਿਥੇ ਨਾਨਾ ਜੀ ਉਨ੍ਹਾਂ ਨਾਲ ਖੇਤੀਬਾੜੀ ' ਚ ਲੱਗ ਗਏ ਤੇ ਮਾਮਾ ਜੀ ਨੇ ਉਥੇ ਸਾਜ਼ ਬਣਾਉਣ ਦੀ ਦੁਕਾਨ ਖੋਲ੍ਹ ਲਈ । ਦੇਸ਼ ਦੀ ਵੰਡ ਮਗਰੋਂ ਉਹ ਬੰਗਾ ਆ ਗਏ ਤੇ ਇਸੇ ਕਲਾ 'ਚ ਲਿਪਤ ਰਹੇ। ਸ. ਕਿਸ਼ਨ ਸਿੰਘ ਸਿਆਣ ਦੇ ਪਿਤਾ ਜੀ ਤੇ ਉਹਨਾਂ ਨੇ ਇਹ ਕਲਾ ਉਸੇ ਪ੍ਰੀਵਾਰ ਤੋਂ ਹਾਸਿਲ ਕੀਤੀ ਸੀ। ਜਵਾਨੀ ਵਾਰੇ ਪਹਿਰੇ ਉਹ ਗਾਉਂਦੇ ਵੀ ਰਹੇ।
ਪੈਰਾਂ ਨੂੰ ਹੱਥ ਲਾਕੇ ਘਰ ਵੱਲ ਨੂੰ ਨਿਕਲਦੇ ਹੋਏ ਕਦੋਂ ਕਿਵੇਂ ਸਮਾਂ ਨਿਕਲਿਆ ਪਤਾ ਹੀ ਨਹੀਂ ਲਗਿਆ।
ਮੈਂ ਬਹੁਤ ਸਾਰੀਆਂ ਯਾਦਾਂ ਕੈਮਰੇ ਚ ਕੈਦ ਕਰ ਲਿਆਇਆ। ਇੰਟਰਵਿਊ ਨੂੰ ਕੈਨੇਡਾ ਵਿੱਚ ਪੰਜ ਆਬ ਟੀ ਵੀ ਤੇ ਚਲਾਇਆ ਵੀ ਗਿਆ ਪਰ ਉਹ ਚਰਚਾ ਨਹੀਂ ਮਿਲੀ ਜਿਸਦੇ ਉਹ ਹੱਕਦਾਰ ਸੀ।
4 ਸਾਲ ਬੀਤ ਜਾਣ ਬਾਅਦ ਇਹੋ ਇੰਟਰਵਿਊ ਕਿਸੇ ਨੇ ਫੇਸਬੁੱਕ ਉੱਪਰ ਬਣੇ ਪੇਜ "ਮੇਰਾ ਪਿੰਡ" ਉਤੇ ਪਾ ਦਿੱਤੀ। ਜੋ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਤੱਕ ਪੁੱਜੀ ਅਤੇ ਦੇਖਦੇ ਹੀ ਦੇਖਦੇ ਸਾਰੇ ਟੀਵੀ ਚੈਨਲ ਇੰਟਰਵਿਊ ਲੈਣ ਪੋਹਚਣ ਲੱਗ ਗਏ। ਇਥੋਂ ਤੱਕ ਰੀਸੋ-ਰੀਸ ਉਨ੍ਹਾਂ ਨੇ ਵੀ ਥੱਲੇ ਬੈਠਕੇ ਓਹੀਓ ਢੰਗ ਚ ਇੰਟਰਵਿਊ ਕੀਤੀ, ਜਿਸ ਚ ਕੁਦਰਤ ਨੇ ਸਾਡੇ ਤੋਂ ਕਾਰਵਾਈ।
2019 ਚ ਉਹ ਵੀ ਲੋਕ ਸਰਦਾਰ ਕਿਸ਼ਨ ਸਿੰਘ ਜੀ ਨੂੰ ਜਾਣ ਗਏ ਜੋ ਇਨ੍ਹਾਂ ਦੇ ਅਣਮੁੱਲੇ ਗਿਆਨ ਤੋਂ ਵਾਂਝੇ ਸੀ।
ਪਰ ਕਿੰਨੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਉਹ ਅੱਜ ਸਾਡੇ ਵਿਚਕਾਰ ਨਹੀਂ ਰਹੇ। ਪਰ ਉਸਤੋਂ ਵੀ ਜਿਆਦਾ ਦੁੱਖ ਇਸ ਗੱਲ ਦਾ ਹੈ ਕਿ ਉਹ ਸਖਸ਼ੀਅਤ ਜਿਸ ਨੂੰ ਉਸ ਦੀ ਦੇਣ ਬਦਲੇ ' ਪਦਮ ਸ਼੍ਰੀ ' ਦਿੱਤੇ ਜਾਣ ਦੀਆਂ ਗੱਲਾ ਹੁੰਦੀਆ ਰਹੀਆਂ ਪਰ ਬੀਤੇ ਦਿਨੀ ਜਦੋਂ ਉਹ ਰੂਹ ਇਸ ਦੁਨੀਆਂ ਤੋਂ ਵਿਦਾ ਹੋਈ ਤਾਂ ਮੀਡੀਆ ਵਿਚ ਉਸ ਲਈ ਕੋਈ ਥਾਂ ਨਹੀਂ ਸੀ। ਸ਼ਾਇਦ ਮੀਡੀਆ ਵਿਚ ਅਜਿਹੀਆਂ ਗੌਰਵਸ਼ਾਲੀ ਸਖਸ਼ੀਅਤਾਂ ਲਈ ਸਮਾਂ ਹੀ ਨਹੀਂ ਹੈ ਹਾਲਾਂਕਿ ਅਰਥਹੀਣ ਖਬਰਾਂ ਲਈ ਅਖਬਾਰਾਂ ਦੇ ਪੰਨੇ ਕਾਲੇ ਕੀਤੇ ਜਾ ਰਹੇ ਹਨ।