ਸ਼ਹੀਦਾਂ ਦੇ ਗੌਰਵਮਈ ਇਤਿਹਾਸ ਨੂੰ ਨੌਜਵਾਨ ਪੀੜੀ ਤੱਕ ਪਹੁੰਚਾਣਾ ਸਮੇਂ ਦੀ ਮੁੱਖ ਲੋੜ - ਭਾਈ ਕਰਨੈਲ ਸਿੰਘ ਗਰੀਬ
ਲੁਧਿਆਣਾ 2 ਮਾਰਚ 2020 - ਗੁਰਦੁਆਰਾ ਸੁਧਾਰ ਲਹਿਰ ਦੇ ਸੰਘਰਸ਼ਮਈ ਇਤਿਹਾਸ ਨੂੰ ਆਪਣੀ ਲਿਖਤਾ ਰਾਹੀ ਸੰਭਾਲਣ ਵਾਲਾ ਸ. ਹਰਨਾਮ ਸਿੰਘ ਸਾਹਣੀ ਕੌਮ ਦਾ ਇੱਕ ਜੁਝਾਰੂ ਸਿਪਾਹੀ ਸੀ । ਜਿਸ ਦੀਆ ਗੁੰਮਨਾਮ ਲਿਖਤਾਂ ਨੂੰ ਕਮੋਡੋਰ ਗੁਰਨਾਮ ਸਿੰਘ ਨੇ ਸਮੇਂ ਦੀ ਅਹਿਮੀਅਤ ਨੂੰ ਪਛਾਣ ਕੇ ਇੱਕ ਪੁਸਤਕ ਦੇ ਰੂਪ ਵਿੱਚ ਪਾਠਕਾ ਤੱਕ ਪਹੁੰਚਾਣ ਦਾ ਜੋ ਸ਼ਲਾਘਾਯੋਗ ਕਾਰਜ ਕੀਤਾ ਹੈ ਉਹ ਆਪਣੇ ਆਪ ਵਿੱਚ ਇੱਕ ਮਿਸਾਲੀ ਕਾਰਜ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਕਰਨੈਲ ਸਿੰਘ ਗਰੀਬ ਚੇਅਰਮੈਨ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਸੁਸਾਇਟੀ (ਰਜਿ.) ਨੇ ਸਥਾਨਕ ਪੰਜਾਬੀ ਭਵਨ ਦੇ ਸੈਮੀਨਾਰ ਹਾਲ ਵਿਖੇ ਪੰਜਾਬੀ ਭਾਸ਼ਾ ਤੇ ਸਹਿਤ ਨੂੰ ਪ੍ਰਫੁੱਲਤ ਕਰਨ ਵਿੱਚ ਆਪਣਾ ਨਿੱਘਾ ਯੋਗਦਾਨ ਪਾ ਰਹੀ ਸੰਸਥਾ ਸਿਰਜਣਧਾਰਾ ਵੱਲੋਂ ਗੁਰਦੁਆਰਾ ਸੁਧਾਰ ਲਹਿਰ ਦੀ ਸ਼ਤਾਬਦੀ ਨੂੰ ਸਮਰਪਿਤ ਕਮੋਡੋਰ (ਰਿਟਾ) ਗੁਰਨਾਮ ਸਿੰਘ ਵੱਲੋਂ ਰਚਿਤ ਪੁਸਤਕ "ਨਵੀ ਮਿਲੀ ਜਾਣਕਾਰੀ ਦੇ ਪ੍ਰਕਾਸ਼ ਵਿੱਚ ਗੁਰਦੁਆਰਾ ਸੁਧਾਰ ਲਹਿਰ" (1920-1925) ਨੂੰ ਲੋਕ ਅਰਪਿਤ ਕਰਨ ਸਬੰਧੀ ਆਯੋਜਿਤ ਕੀਤੇ ਗਏ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆ ਹੋਇਆ ਕੀਤਾ । ਇਸ ਦੌਰਾਨ ਆਪਣੇ ਸੰਬੋਧਨ ਵਿੱਚ ਸਿਰਜਣਧਾਰਾ ਦੇ ਪ੍ਰਧਾਨ ਸ. ਕਰਮਜੀਤ ਸਿੰਘ ਅੋਜਲਾ, ਹਰਬੰਸ ਸਿੰਘ ਘਈ, ਸ. ਜਤਿੰਦਰਪਾਲ ਸਿੰਘ ਸੰਧੂ ਤੇ ਸ. ਬਲਕੌਰ ਸਿੰਘ ਗਿੱਲ ਨੇ ਸਾਂਝੇ ਰੂਪ ਵਿੱਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਗੁਰਦੁਆਰਾ ਸੁਧਾਰ ਲਹਿਰ ਨਾਲ ਸਬੰਧਤ ਅਣਛੋਹੇ ਤੱਥਾ ਨੂੰ ਇੱਕ ਸੁੰਦਰ ਪੁਸਤਕ ਦੇ ਰੂਪ ਵੱਜੋ ਪਾਠਕਾਂ ਦੀ ਝੋਲੀ ਵਿੱਚ ਪਾਉਣ ਵਾਲੇ ਉਘੇ ਲੇਖਕ ਕਮੋਡੋਰ (ਰਿਟਾ) ਗੁਰਨਾਮ ਸਿੰਘ ਸਾਡੇ ਸਾਰਿਆ ਦੇ ਲਈ ਇੱਕ ਪੱਥ-ਪ੍ਰਦਰਸ਼ਕ ਹਨ ਖਾਸ ਕਰਕੇ ਉਹਨਾਂ ਵੱਲੋਂ ਲਿਖੀਆਂ ਗਈਆ ਗਿਆਨ ਤੇ ਖੋਜ ਭਰਪੂਰ ਪੰਜਾਬੀ ਪੁਸਤਕਾਂ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਨੂੰ ਬੌਧਿਕ ਗਿਆਨ ਦੇਣ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀਆ ਹਨ ।
ਸਮਾਗਮ ਦੌਰਾਨ ਆਪਣੇ ਵਿਚਾਰਾਂ ਦੀ ਸਾਂਝ ਕਰਦਿਆ ਉਘੇ ਚਿੰਤਕ ਸ. ਚਰਨਜੀਤ ਸਿੰਘ, ਸ. ਸੁਖਦੇਵ ਸਿੰਘ ਨੇ ਕਿਹਾ ਕਿ ਗੁਰਦੁਆਰਾ ਸੁਧਾਰ ਲਹਿਰ ਦੇ ਸੰਘਰਸ਼ ਨੂੰ ਸਮਰਪਿਤ ਕਮੋਡੋਰ ਗੁਰਨਾਮ ਸਿੰਘ ਵੱਲੋਂ ਬ੍ਰਿਗੇਡਿਅਰ (ਰਿਟਾ) ਮਨਮੋਹਣ ਸਿੰਘ ਸਾਹਣੀ ਦੇ ਨਿੱਘੇ ਸਹਿਯੋਗ ਨਾਲ ਲਿਖੀ ਗਈ ਪੁਸਤਕ ਸਿੱਖ ਇਤਿਹਾਸ ਲਈ ਸਮੇਂ ਅਤੇ ਸੰਯੋਗ ਦੀ ਬਹੁਮੁੱਲੀ ਸੌਗਾਤ ਹੈ । ਇਸ ਮੌਕੇ ਤੇ ਆਪਣੇ ਵਿਚਾਰਾਂ ਦੀ ਸਾਂਝ ਮਹਿਮਾਨ ਸ਼ਖਸੀਅਤਾਂ ਅਤੇ ਸਾਹਿਤ ਪ੍ਰੇਮੀਆ ਨਾਲ ਕਰਦਿਆ ਹੋਇਆ ਪੁਸਤਕ ਦੇ ਲੇਖਕ ਕਮੋੋਡੋਰ ਗੁਰਨਾਮ ਸਿੰਘ ਨੇ ਕਿਹਾ ਗੁਰਦੁਆਰਾ ਸੁਧਾਰ ਲਹਿਰ ਦੀ ਸਤਾਬਦੀ ਮੌਕੇ ਮੈਨੂੰ ਖੁਸੀ ਮਹਿਸੂਸ ਹੋ ਰਹੀ ਹੈ ਕੀ ਮੈਂ ਗੁਰਦੁਆਰਾ ਸੁਧਾਰ ਲਹਿਰ ਦੇ ਅਣਗੋਲੇ ਗੌਰਵਮਈ ਇਤਿਹਾਸ ਨੂੰ ਸ. ਹਰਨਾਮ ਸਿੰਘ ਸਾਹਣੀ ਦੀਆਂ ਲਿਖਤਾ ਰਾਹੀ ਮੁੜ ਉਜਾਗਰ ਕਰ ਰਿਹਾ ਹਾਂ । ਇਸ ਵੱਡੇ ਕਾਰਜ ਲਈ ਮੈਂ ਸਾਹਣੀ ਸਾਬ ਦੇ ਸਪੁੱਤਰ ਸਵ: ਬ੍ਰਿਗੇਡੀਅਰ ਮਨਮੋਹਨ ਸਿੰਘ ਸਾਹਣੀ ਅਤੇ ਉਹਨਾਂ ਦੀ ਪਤਨੀ ਬੀਬੀ ਗੁਰਬੀਰ ਸਾਹਣੀ ਦਾ ਅਤਿ ਧੰਨਵਾਦੀ ਹਾਂ। ਜਿਨਾਂ ਨੇ ਆਪਣੇ ਬਜ਼ੁਰਗ ਸ. ਹਰਨਾਮ ਸਿੰਘ ਸਾਹਣੀ ਦੀਆਂ ਲਿਖਤਾਂ ਨੂੰ ਸੰਭਾਲ ਕੇ ਉਨ੍ਹਾਂ ਨੂੰ ਜੱਗ ਉਜ਼ਾਗਰ ਕਰਨ ਲਈ ਮੈਨੂੰ ਵੱਡੀ ਸੇਵਾ ਸੋਪੀ । ਇਸ ਦੇ ਨਾਲ ਹੀ ਮੈਂ ਸ. ਕਰਮਜੀਤ ਸਿੰਘ ਔਜਲਾ ਤੇ ਸ. ਗੁਰਮੰਨਤ ਸਿੰਘ ਲਾਹੌਰ ਬੁੱਕ ਸ਼ਾਪ ਵਾਲਿਆ ਦਾ ਧੰਨਵਾਦੀ ਹਾਂ ਕਿਉਂਕਿ ਉਹਨਾਂ ਦੇ ਨਿੱਘੇ ਸਹਿਯੋਗ ਦੇ ਸਦਕਾ ਹੀ ਉਕਤ ਪੁਸਤਕ ਸੰਪੂਰਨ ਰੂਪ 'ਚ ਤਿਆਰ ਹੋ ਸਕੀ ਹੈ । ਇਸ ਤੋਂ ਪਹਿਲਾ ਆਯੋਜਿਤ ਕੀਤੇ ਗਏ ਸਮਾਮਗ ਦੌਰਾਨ ਪ੍ਰਮੁੱਖ ਸ਼ਖਸੀਅਤਾਂ ਜਿਹਨਾਂ ਵਿੱਚ ਭਾਈ ਕਰਨੈਲ ਸਿੰਘ ਗਰੀਬ ਚੇਅਰਮੈਨ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਸੁਸਾਇਟੀ, ਸ. ਕਰਮਜੀਤ ਸਿੰਘ ਔਜਲਾ ਪ੍ਰਧਾਨ ਸਿਰਜਣਧਾਰਾ, ਦੇਵਿੰਦਰ ਸਿੰਘ ਸੇਖਾ ਸੀਨੀ: ਮੀਤ ਪ੍ਰਧਾਨ, ਸ. ਗੁਰਸ਼ਰਨ ਸਿੰਘ ਨਰੂਲਾ, ਸ. ਗੁਰਮੇਲ ਸਿੰਘ ਪਹਿਲਵਾਨ ਪ੍ਰਧਾਨ ਸ਼ਹੀਦ ਭਾਈ ਬਚਿੱਤਰ ਸਿੰਘ ਫਾਊਡੇਸ਼ਨ, ਸ. ਸੁਖਦੇਵ ਸਿੰਘ ਲਾਜ, ਸ. ਗੁਰਨਾਮ ਸਿੰਘ ਸੀਤਲ, ਸ. ਰਣਜੀਤ ਸਿੰਘ ਖਾਲਸਾ, ਪਰਮਿੰਦਰ ਅਲਬੇਲਾ, ਹਰਭਜਨ ਸਿੰਘ ਕੋਹਲੀ, ਮੈਡਮ ਇੰਦਰਜੀਤ ਪਾਲ ਕੌਰ ਦੇ ਵੱਲੋਂ ਸਾਂਝੇ ਰੂਪ ਵਿੱਚ ਕਮੋਡੋਰ ਗੁਰਨਾਮ ਸਿੰਘ ਦੀ ਵੱਲੋ ਰਚਿਤ ਪੁਸਤਕ ਗੁਰਦੁਆਰਾ ਸੁਧਾਰ ਲਹਿਰ (1920-1925) ਨੂੰ ਲੋਕ ਅਰਪਿਤ ਕੀਤਾ ਗਿਆ । ਇਸ ਸਮੇਂ ਹੋਰਨਾਂ ਤੋਂ ਇਲਾਵਾ ਮਸਤਾਨ ਸਿੰਘ, ਅਜੀਤਪਾਲ ਸਿੰਘ, ਡਾ. ਸਵਰਨਜੀਤ ਕੌਰ ਗਰੇਵਾਲ, ਗੋਬਿੰਦਰ ਸਿੰਘ ਗਰੇਵਾਲ, ਰਘਬੀਰ ਸਿੰਘ ਸੰਧੂ ਸਮੇਤ ਕਈ ਪ੍ਰਮੁੱਖ ਸਾਹਿਤਕਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।