ਪਟਿਆਲਾ, 27 ਅਕਤੂਬਰ 2018- ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਮਤਿ ਸੰਗੀਤ ਵਿਭਾਗ ਵਿਖੇ ਪੰਜਾਬ ਰਾਈਟਰਜ਼ ਅਤੇ ਕਲਚਰਲ ਫੋਰਮ (ਰਜਿ.) ਪਟਿਆਲਾ ਵੱਲੋਂ ਡਾ. ਅਵਤਾਰ ਸਿੰਘ ਰਚਿਤ ਪੁਸਤਕ 'ਗੁਰ ਅੰਗਦ ਸੋਭਾ' ਦਾ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਗੁਰਮਤਿ ਸੰਗੀਤ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਗੁਰਨਾਮ ਸਿੰਘ ਨੇ ਕੀਤੀ ਜਦੋਂ ਕਿ ਮੁੱਖ ਮਹਿਮਾਨ ਡਾਇਰੈਕਟਰ ਭਾਸ਼ਾ ਵਿਭਾਗ ਸ੍ਰੀਮਤੀ ਗੁਰਸ਼ਰਨ ਕੌਰ ਸਨ। ਪ੍ਰਧਾਨਗੀ ਮੰਡਲ ਵਿਚ ਫੋਰਮ ਦੇ ਫਾਊਂਡਰ ਚੇਅਰਮੈਨ ਵੇਦ ਪ੍ਰਕਾਸ਼ ਗੁਪਤਾ, ਸਕੱਤਰ ਜਨਰਲ ਡਾ. ਮਦਨ ਲਾਲ ਹਸੀਜਾ ਅਤੇ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ 'ਆਸ਼ਟ' ਵਿਸ਼ੇਸ਼ ਤੌਰ 'ਤੇ ਸ਼ਾਮਿਲ ਸਨ।
ਸਮਾਗਮ ਦੇ ਆਰੰਭ ਵਿਚ ਡਾ. ਹਸੀਜਾ ਨੇ ਫੋਰਮ ਦੇ ਮੰਤਵ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ।ਉਪਰੰਤ ਡਾ. ਗੁਰਨਾਮ ਸਿੰਘ ਨੇ ਕਿਹਾ ਕਿ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਸਨਮੁੱਖ ਕੀਰਤਨ ਚੌਕੀ ਦੀ ਜਿਹੜੀ ਰਵਾਇਤ ਦਾ ਆਗਾਜ਼ ਕੀਤਾ ਉਹ ਸਾਡੇ ਸਾਰਿਆਂ ਲਈ ਇਤਿਹਾਸਕ ਅਤੇ ਸਤਿਕਾਰਯੋਗ ਬਣ ਚੁੱਕੀ ਹੈ।ਮੁੱਖ ਵਕਤਾ ਵਜੋਂ ਭਾਈ ਵੀਰ ਸਿੰਘ ਚੇਅਰ ਦੇ ਮੁਖੀ ਡਾ. ਗੁਰਨਾਇਬ ਸਿੰਘ ਨੇ ਕਿਹਾ ਕਿ ਇਹ ਪੁਸਤਕ ਸਿੱਖੀ ਦੇ ਸੰਸਥਾਗਤ ਵਿਕਾਸ ਵਿਚ ਇਕ ਹਵਾਲਾ ਗ੍ਰੰਥ ਦਾ ਦਰਜ਼ਾ ਰੱਖਦੀ ਹੈ। ਡਾ. ਦਰਸ਼ਨ ਸਿੰਘ 'ਆਸ਼ਟ' ਨੇ ਗੁਰੂ ਅੰਗਦ ਦੇਵ ਜੀ ਵੱਲੋਂ ਪੰਜਾਬੀ ਭਾਸ਼ਾ ਅਤੇ ਲਿਪੀ ਦੇ ਵਿਕਾਸ ਵਿਚ ਪਾਏ ਵਡਮੁੱਲੇ ਯੋਗਦਾਨ ਬਾਰੇ ਚਰਚਾ ਨੂੰ ਅੱਗੇ ਤੋਰਿਆ। ਗੁਰਸ਼ਰਨ ਕੌਰ ਕਿਹਾ ਕਿ ਡਾ. ਅਵਤਾਰ ਸਿੰਘ ਦੀ ਖੋਜਮਈ ਲੇਖਣੀ ਪਾਠਕ ਨੂੰ ਪ੍ਰਭਾਵਿਤ ਕਰੇਗੀ। ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਰਾਜਵੰਤ ਕੌਰ ਪੰਜਾਬੀ ਨੇ ਪੁਸਤਕ ਵਿਚ ਦਰਸਾਏ ਭਿੰਨ ਭਿੰਨ ਖੰਡਾਂ ਦੇ ਹਵਾਲੇ ਨਾਲ ਗੁਰੂ ਅੰਗਦ ਦੇਵ ਜੀ ਦੇ ਬਹੁਪੱਖੀ ਯੋਗਦਾਨ ਬਾਰੇ ਚਰਚਾ ਕੀਤੀ। ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਪਰਮੀਤ ਕੌਰ ਨੇ ਕਿਹਾ ਕਿ ਖੋਜਾਰਥੀਆਂ ਲਈ ਇਹ ਪੁਸਤਕ ਇਕ ਮੁੱਲਵਾਨ ਸ੍ਰੋਤ ਸਿੱਧ ਹੋਵੇਗੀ। ਨਾਟਕਕਾਰ ਸਤਿੰਦਰ ਸਿੰਘ ਨੰਦਾ ਨੇ ਗੁਰੂ ਅੰਗਦ ਦੇਵ ਜੀ ਬਾਰੇ ਹੋਏ ਮੁੱਢਲੇ ਖੋਜ ਕਾਰਜਾਂ ਬਾਰੇ ਨੁਕਤੇ ਉਭਾਰੇ।
ਅੰਤ ਵਿਚ ਫੋਰਮ ਦੇ ਫਾਊਂਡਰ ਚੇਅਰਮੈਨ ਸ੍ਰੀ ਵੇਦ ਪ੍ਰਕਾਸ਼ ਗੁਪਤਾ ਨੇ ਪੁੱਜੇ ਵਿਦਵਾਨਾਂ ਅਤੇ ਲਿਖਾਰੀਆਂ ਦਾ ਧੰਨਵਾਦ ਕੀਤਾ।ਇਸ ਦੌਰਾਨ ਕਈ ਉਘੀਆਂ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਵੀ ਕੀਤਾ ਗਿਆ।ਇਸ ਸਮਾਗਮ ਵਿਚ ਉਜਾਗਰ ਸਿੰਘ, ਡਾ. ਦਲੀਪ ਸਿੰਘ ਉਪਲ,ਕੈਪਟਨ ਹਰਪਾਲ ਸਿੰਘ,ਨਵਦੀਪ ਸਿੰਘ ਮੁੰਡੀ,ਅਵਲੀਨ ਕੌਰ,ਬਲਜੀਤ ਸਿੰਘ ਮੂਰਤੀਕਾਰ,ਕਰਨ ਪਰਵਾਜ਼,ਗੁਰਿੰਦਰ ਸਿੰਘ ਆਦਿ ਲੇਖਕ, ਖੋਜਾਰਥੀ,ਵਿਦਿਆਰਥੀ ਹਾਜ਼ਰ ਸਨ।