ਮੱਧ ਪ੍ਰਦੇਸ਼ ਸਰਕਾਰ ਵੱਲੋਂ ਡਾ. ਦਰਸ਼ਨ ਸਿੰਘ 'ਆਸ਼ਟ' ਦਾ ਵਿਸ਼ੇਸ਼ ਲੈਕਚਰ 16 ਨਵੰਬਰ ਨੂੰ
ਪਟਿਆਲਾ, 15 ਨਵੰਬਰ, 2020 : ਮੱਧ ਪ੍ਰਦੇਸ਼ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਏ ਕਲਾਸ ਅਫ਼ਸਰ ਵਜੋਂ ਸੇਵਾਵਾਂ ਨਿਭਾ ਰਹੇ ਸਾਹਿਤ ਅਕਾਦਮੀ ਡਾ. ਦਰਸ਼ਨ ਸਿੰਘ 'ਆਸ਼ਟ' ਨੂੰ ਉਹਨਾਂ ਦੀਆਂ ਪੰਜਾਬੀ ਭਾਸ਼ਾ ਵਿਸ਼ੇਸ਼ ਕਰਕੇ ਪੰਜਾਬੀ ਬਾਲ ਸਾਹਿਤ ਦੇ ਖੇਤਰ ਵਿਚ ਪਾਏ ਮਹੱਤਵਪੂਰਨ ਯੋਗਦਾਨ ਦੇ ਮੱਦੇਨਜ਼ਰ ਮੱਧ ਪ੍ਰਦੇਸ਼ ਸਰਕਾਰ ਦੇ ਸਭਿਆਚਾਰਕ ਵਿਭਾਗ ਵੱਲੋਂ ‘ਬੱਚਿਆਂ ਲਈ ਪੰਜਾਬੀ ਵਿਚ ਬਾਲ ਸਾਹਿਤ' ਵਿਸ਼ੈ ਉਪਰ ਵਿਸ਼ੇਸ਼ ਲੈਕਚਰ ਦਾ ਸੱਦਾ ਦਿੱਤਾ ਗਿਆ ਹੈ। ਸਰਕਾਰ ਦੇ ਭੋਪਾਲ ਸਥਿਤ ਮੁੱਖ ਦਫ਼ਤਰ ਸਭਿਆਚਾਰਕ ਵਿਭਾਗ ਵੱਲੋਂ ਡਾ. ‘ਆਸ਼ਟ' ਦੇ ਕਰਵਾਏ ਜਾ ਰਹੇ ਇਸ ਵਿਸ਼ੇਸ਼ ਲੈਕਚਰ ਦਾ ਮੰਤਵ ਮੱਧ ਪ੍ਰਦੇਸ ਪ੍ਰਾਂਤ ਵਿਚ ਵੱਸਦੇ ਸਮੂਹ ਪੰਜਾਬੀਆਂ ਦੇ ਬੱਚਿਆਂ ਨੂੰ ਉਹਨਾਂ ਦੀ ਵਿਰਾਸਤ,ਸਾਹਿਤ ਅਤੇ ਭਾਸ਼ਾ ਤੋਂ ਜਾਣੂੰ ਕਰਵਾਉਣਾ ਹੈ। ਇਸ ਵਿਸ਼ੇਸ਼ ਲੈਕਚਰ ਦਾ ਲਾਈਵ ਪ੍ਰਸਾਰਣ 16 ਨਵੰਬਰ ਨੂੰ ਸ਼ਾਮੀਂ 6 ਵਜੇ ਹੋਵੇਗਾ ਜਿਸ ਨੂੰ ਮੱਧ ਸਰਕਾਰ ਦੇ ਸੰਬੰਧਤ ਵਿਭਾਗਾਂ ਵੱਲੋਂ ਪ੍ਰਸਾਰਣ ਕਰਨ ਦੇ ਨਾਲ ਨਾਲ ਯੂ ਟਿਊਬ ਉਪਰ ਵੀ ਉਪਲਬਧ ਹੋਵੇਗਾ।ਜ਼ਿਕਰਯੋਗ ਹੈ ਕਿ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ, ਮਸਊਦ ਖੱਦਰਪੋਸ਼ ਟਰੱਸਟ,ਲਾਹੌਰ, ਪੰਜਾਬੀ ਸੱਥ ਲਾਂਬੜਾ, ਨੈਸ਼ਨਲ ਬੁੱਕ ਟਰੱਸਟ,ਨਵੀਂ ਦਿੱਲੀ ਅਤੇ ਐਸੋਸੀਏਸ਼ਨ ਆਫ਼ ਰਾਈਟਰਜ਼ ਐਂਡ ਇਲੱਸਟ੍ਰੇਟਰਜ਼ ਫਾਰ ਚਿਲਡਰਨ, ਨਵੀਂ ਦਿੱਲੀ ਅਤੇ ਕਈ ਹੋਰ ਸੰਸਥਾਵਾਂ ਵੱਲੋਂ ਕੌਮਾਂਤਰੀ ਅਤੇ ਕੌਮੀ ਪੱਧਰ ਦੇ ਪੁਰਸਕਾਰਾਂ ਨਾਲ ਸਨਮਾਨਿਤ ਡਾ. ‘ਆਸ਼ਟ' ਇਸ ਤੋਂ ਪਹਿਲਾਂ ਲਹਿੰਦੇ ਪੰਜਾਬ ਤੋਂ ਇਲਾਵਾ ਨੇਪਾਲ ਅਤੇ ਭਾਰਤ ਦੇ ਵੱਖ ਵੱਖ ਪ੍ਰਾਂਤਾਂ ਵਿਚ ਵੀ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਦੇ ਨਿਰੰਤਰ ਯਤਨ ਕਰ ਚੁੱਕੇ ਹਨ।ਮੱਧ ਪ੍ਰਦੇਸ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਲਈ ਸਰਕਾਰੀ ਪੱਧਰ ਤੇ ਕੀਤਾ ਜਾ ਰਿਹਾ ਅਜਿਹਾ ਸਾਰਥਿਕ ਅਤੇ ਉਸਾਰੂ ਉਪਰਾਲਾ ਪੰਜਾਬੀ ਮਾਂ ਬੋਲੀ ਲਈ ਮਾਣ ਵਾਲੀ ਗੱਲ ਹੈ।