ਮੋਹਾਲੀ, 23 ਅਪ੍ਰੈਲ 2019 - ਮੌਜੂਦਾ ਸਮਾਜਿਕ ਪ੍ਰਬੰਧ ਤੇ ਮੋਬਾਇਲ ਫੋਨਾਂ ਨੇ ਬੇਸ਼ੱਕ ਮਨੁੱਖ ਨੂੰ ਪੁਸਤਕਾਂ ਤੋਂ ਦੂਰ ਕਰਨ ਦਾ ਯਤਨ ਕੀਤਾ ਹੈ ਪਰ ਜੇ ਮਨੁੱਖ ਆਪਣੀ ਜ਼ਿੰਦਗੀ ਵਿੱਚ ਪੁਸਤਕਾਂ ਪੜ੍ਹਨ ਦਾ ਆਨੰਦ ਪ੍ਰਾਪਤ ਨਹੀਂ ਕਰਦਾ ਤਾਂ ਉਹ ਜ਼ਿੰਦਗੀ ਦੇ ਇੱਕ ਮਹਾਨ ਅਹਿਸਾਸ ਤੋਂ ਵਾਂਝਾ ਰਹਿ ਜਾਵੇਗਾ। ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਲੌਂਗੀ ਇਸ ਅਹਿਸਾਸ ਨੂੰ ਜਿਉਂਦਾ ਰੱਖਣ ਲਈ 12 ਸਾਲਾਂ ਤੋਂ ਯਤਨਸ਼ੀਲ ਹੈ ਤੇ ਅੱਜ 'ਕੌਮਾਂਤਰੀ ਪੁਸਤਕ ਦਿਵਸ' 'ਤੇ ਲਾਇਬ੍ਰੇਰੀਆਂ ਦੀ ਮਹੱਤਤਾ ਨੂੰ ਯਾਦ ਕਰਨਾ ਸਮੇਂ ਦੀ ਲੋੜ ਹੈ।
ਇਸ ਲਾਇਬ੍ਰੇਰੀ ਵਿੱਚ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੀਆਂ ਕਰੀਬ 2500 ਚੋਣਵੀਆਂ ਤੇ ਪ੍ਰਸਿੱਧ ਪੁਸਤਕਾਂ ਹਨ ਜੋ ਪਾਠਕਾਂ ਦੀ ਜਗਿਆਸਾ ਨੂੰ ਸ਼ਾਂਤ ਕਰਨ ਦੇ ਨਾਲ ਜ਼ਿੰਦਗੀ ਦੇ ਉਸ ਰਸਤੇ ਤੇ ਤੋਰਦੀਆਂ ਹਨ ਜਿੱਥੇ ਮਨੁੱਖ ਸੰਵੇਦਨਾ, ਪਿਆਰ ਤੇ ਵਿਵੇਕਸ਼ੀਲਤਾ ਵੱਲ ਵਧਦਾ ਹੈ। ਇਸ ਲਾਇਬ੍ਰੇਰੀ ਦੀ ਸ਼ੁਰੂਆਤ ਸੇਵਾਮੁਕਤ ਅਧਿਆਪਕ ਜਰਨੈਲ ਕ੍ਰਾਂਤੀ ਨੇ ਆਪਣੀ ਦੋ ਮੰਜਲੀ ਦੁਕਾਨ ਵਿੱਚ ਜਨਵਰੀ 2007 ਨੂੰ ਕੀਤੀ ਸੀ। ਉਹ ਪੰਜਾਬ ਦੀ ਤਰਕਸ਼ੀਲ ਲਹਿਰ ਨਾਲ ਕੁਲਵਕਤੀ ਦੇ ਤੌਰ 'ਤੇ ਸਰਗਰਮ ਹਨ। ਲਾਇਬ੍ਰੇਰੀ ਵਿੱਚ ਬੱਚਿਆਂ ਲਈ ਹੀ 500 ਤੋਂ ਵੱਧ ਪੁਸਤਕਾਂ ਹਨ ਤੇ ਭਾਂਤ ਭਾਂਤ ਦੇ ਰਸਾਲੇ ਨਵੇਂ ਮਸਲਿਆਂ ਤੇ ਜਾਗਰੂਕਤਾ ਲਈ ਹਰ ਮਹੀਨੇ ਲਾਇਬ੍ਰੇਰੀ ਪੁੱਜਦੇ ਹਨ। ਖਾਸ ਗੱਲ ਇਹ ਹੈ ਕਿ ਲਾਇਬ੍ਰੇਰੀ ਨੂੰ ਬਿਨਾਂ ਕੋਈ ਨਾਗਾ ਕੀਤਿਆਂ ਰੋਜ਼ਾਨਾ 11 ਤੋਂ 2 ਵਜੇ ਤੱਕ ਸੰਸਥਾ ਦੇ ਮੈਬਰਾਂ ਤੇ ਸਮਰਥਕਾਂ ਵੱਲੋਂ ਖੋਲਿਆ ਜਾਂਦਾ ਹੈ। ਕਿਤਾਬ ਭਾਵੇਂ ਬੈਠ ਕੇ ਪੜ੍ਹੋ ਭਾਵੇਂ ਜਾਂ ਘਰ ਲੈ ਜਾਵੋ ਕਿਸੇ ਕਿਸਮ ਦੀ ਕੋਈ ਫੀਸ ਪਾਠਕਾਂ ਤੋਂ ਨਹੀਂ ਲਈ ਜਾਂਦੀ। ਮਾਸਟਰ ਜਰਨੈਲ ਕ੍ਰਾਂਤੀ ਦਾ ਕਹਿਣਾ ਹੈ ਕਿ ਅਸੀਂ ਬੜੀ ਹੀ ਘੋਖ ਪੜਤਾਲ ਕਰ ਕੇ ਕਿਤਾਬਾਂ ਲਾਇਬ੍ਰੇਰੀ ਵਿੱਚ ਸ਼ਾਮਿਲ ਕਰਦੇ ਹਾਂ। ਪੁਰਾਣੇ ਨਵੇਂ ਲੇਖਕਾਂ ਦੀਆਂ ਅਤੇ ਪਾਠਕ ਦੀ ਰੁਚੀ ਦੀ ਹਰ ਵਿਧਾ ਦੀਆਂ ਕਿਤਾਬਾਂ ਮੌਜੂਦ ਹਨ। ਇੰਟਰਨੈੱਟ ਦੀ ਸਹੂਲਤ ਨਾਲ ਲੈਸ ਪੇਂਡੂ ਖੇਤਰ ਦੀ ਆਧੁਨਿਕ ਲਾਇਬ੍ਰੇਰੀ ਹੈ। ਲਾਇਬ੍ਰੇਰੀ ਦੇ ਕਾਮੇ ਨੇੜੇ ਤੇੜੇ ਦੀਆਂ ਥਾਂਵਾਂ 'ਤੇ ਹੁੰਦੇ ਸਮਾਗਮਾਂ 'ਤੇ ਵੀ ਕਿਤਾਬਾਂ ਦੀ ਪ੍ਰਦਰਸ਼ਨੀ ਲਾਉਂਦੇ ਰਹਿੰਦੇ ਹਨ ਤੇ ਪਾਠਕਾਂ ਨੂੰ ਪੁਸਤਕ ਸੱਭਿਆਚਾਰ ਨਾਲ ਜੁੜਨ ਲਈ ਪ੍ਰੇਰਦੇ ਹਨ।
ਖੁਸ਼ੀ ਦੇਣ ਦੇ ਨਾਲ ਔਖੇ ਵੇਲਿਆਂ 'ਚੋਂ ਵੀ ਕੱਢਦੀਆਂ ਨੇ ਪੁਸਤਕਾਂ
ਕਿਤਾਬਾਂ ਦੇ ਮਹੱਤਵ ਬਾਰੇ ਮਾਸਟਰ ਕ੍ਰਾਂਤੀ ਦਾ ਕਹਿਣਾ ਹੈ ਕਿ ਪੁਸਤਕਾਂ ਸਹੀ ਅਰਥਾਂ ਵਿੱਚ ਮਨੁੱਖ ਦੀਆਂ ਅਸਲ ਦੋਸਤ ਹੁੰਦੀਆਂ ਹਨ। ਪੁਸਤਕਾਂ ਜਿੱਥੇ ਮਨੁੱਖ ਨੂੰ ਅਕਲ ਦਿੰਦਿਆਂ ਹਨ ਉੱਥੇ ਵੱਖ-ਵੱਖ ਵਿਸ਼ਿਆਂ 'ਤੇ ਸਹੀ ਗਿਆਨ ਤੇ ਸਮਝ ਵੀ ਪੁਸਤਕਾਂ ਤੋਂ ਹੀ ਪ੍ਰਾਪਤ ਹੁੰਦੀ ਹੈ। ਉਹਨਾਂ ਕਿਹਾ ਕਿ ਪੁਸਤਕਾਂ ਮਨੁੱਖ ਨੂੰ ਇਕੱਲੀ ਖੁਸ਼ੀ ਹੀ ਨਹੀਂ ਦਿੰਦੀਆਂ ਸਗੋਂ ਔਖੇ ਵੇਲਿਆਂ 'ਚੋਂ ਵੀ ਕੱਢਦੀਆਂ ਹਨ। ਉਹਨਾਂ ਦਾਅਵਾ ਕੀਤਾ ਕਿ ਹੋਰ ਭਾਸ਼ਾਵਾਂ ਦੇ ਨਾਲ ਨਾਲ ਪੰਜਾਬੀ ਭਾਸ਼ਾ ਵਿੱਚ ਵੀ ਚੰਗੀਆਂ ਪੁਸਤਕਾਂ ਦਾ ਅਥਾਹ ਭੰਡਾਰ ਸਾਡੇ ਕੋਲ ਮੌਜੂਦ ਹੈ ਜਿਸ ਦਾ ਅਧਿਐਨ ਕਰਨਾ ਚਾਹੀਦਾ ਹੈ। ਉਹਨਾਂ ਦਾਅਵਾ ਕੀਤਾ ਕਿ ਪੁਸਤਕਾਂ ਜਿੱਥੇ ਮਨੁੱਖ ਦੀ ਸੋਚ ਨੂੰ ਤਿੱਖਾ ਕਰਦੀਆਂ ਹਨ ਉੱਥੇ ਇਹ ਦੇਖਿਆ ਗਿਆ ਹੈ ਕਿ ਪੁਸਤਕਾਂ ਪੜ੍ਹਨ ਵਾਲੇ ਲੋਕ ਆਮ ਲੋਕਾਂ ਨਾਲੋਂ ਜ਼ਿਆਦਾ ਸਿਆਣੇ ਹੁੰਦੇ ਹਨ ਤੇ ਆਪਣੀ ਜ਼ਿੰਦਗੀ ਦੇ ਫੈਸਲੇ ਵਧੀਆ ਢੰਗ ਨਾਲ ਲੈਂਦੇ ਹਨ। ਉਹਨਾਂ ਵਿਦਿਆਰਥੀਆਂ ਨੂੰ ਸਿਲੇਬਸ ਤੋਂ ਬਾਹਰ ਦੀਆਂ ਪੁਸਤਕਾਂ ਨਾਲ ਸੰਵਾਦ ਰਚਾਉਣ ਦੀ ਪ੍ਰੇਰਨਾ ਦਿੱਤੀ।