ਅਧਿਆਪਕਾਂ ਵੱਲੋਂ ਸਾਂਝੇ ਕਾਵਿ-ਸੰਗ੍ਰਹਿ 'ਸੋਨ ਸਰਘੀਆਂ' ਜ਼ਰੀਏ ਬਾਲ ਮਨਾਂ ਨੂੰ ਸਾਹਿਤਕ ਚੇਟਕ ਲਗਾਉਣ ਦਾ ਵਿਲੱਖਣ ਉਪਰਾਲਾ
ਬਰਨਾਲਾ, 18 ਮਈ 2021 - ਸਾਹਿਤ ਪੱਖੋਂ ਜਰਖੇਜ਼ ਬਰਨਾਲਾ ਦੀ ਧਰਤੀ ਦੀਆਂ ਸਾਹਿਤਕ ਗਤੀਵਿਧੀਆਂ ਹਮੇਸ਼ਾਂ ਵਿਲੱਖਣ ਅਤੇ ਵਿਸ਼ੇਸ਼ ਰਹੀਆਂ ਹਨ।ਜਿਲ੍ਹੇ ਦੇ ਅਧਿਆਪਕਾਂ ਵੱਲੋਂ ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਕਲਮ ਨੂੰ ਰਵਾਨਗੀ ਦੇ ਕੇ ਇਹਨਾਂ ਗਤੀਵਿਧੀਆਂ ਵਿੱਚ ਹੋਰ ਇਜ਼ਾਫਾ ਕੀਤਾ ਗਿਆ ਹੈ। ਅਧਿਆਪਕ ਵਰਗ ਵੱਲੋਂ ਸਾਂਝਾ ਕਾਵਿ-ਸੰਗ੍ਰਹਿ "ਸੋਨ ਸਰਘੀਆਂ " ਪ੍ਰਕਾਸ਼ਿਤ ਕਰਵਾਇਆ ਗਿਆ ਹੈ। ਕਾਵਿ- ਸੰਗ੍ਰਹਿ ਦੇ ਮੁੱਖ ਸੰਪਾਦਕ "ਸਾਗਰ ਸੂਦ ਜੀ" ਅਤੇ ਸੰਪਾਦਕ "ਅੰਜਨਾ ਮੈਨਨ" "ਹਰਮਨਦੀਪ ਕੌਰ" ਅਤੇ "ਗਗਨਦੀਪ ਕੌਰ ਧਾਲੀਵਾਲ" ਹਨ।ਪੁਸਤਕ ਵਿੱਚ ਕੁੱਲ 32 ਕਵੀਆਂ ਅਤੇ ਕਵਿੱਤਰੀਆਂ ਦੀਆਂ ਕਾਵਿ ਰਚਨਾਵਾਂ ਸ਼ਾਮਿਲ ਹਨ।
ਪੁਸਤਕ ਦੇ ਸੰਪਾਦਕਾਂ ਨੇ ਦੱਸਿਆ ਕਿ ਬਹੁਗਿਣਤੀ ਕਵੀ ਅਧਿਆਪਕ ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ ਹਨ।ਇਹਨਾਂ ਵਿੱਚੋਂ ਕੁੱਝ ਕੁ ਸਾਹਿਤਕਾਰ ਲੇਖਨ ਨਾਲ ਪਹਿਲਾਂ ਤੋਂ ਹੀ ਜੁੜੇ ਹੋਏ ਹਨ ਜਦਕਿ ਜਿਆਦਾਤਰ ਕਲਮਾਂ ਨਵੀਆਂ ਨਕੋਰ ਹਨ। ਪਰ ਫਿਰ ਵੀ ਸਭ ਦੀਆ ਲਿਖਤਾਂ ਬਾਕਮਾਲ ਹਨ। ਸੰਪਾਦਕਾਂ ਨੇ ਦੱਸਿਆ ਕਿ ਅਧਿਆਪਕ ਵਰਗ ਦੀ ਆਪਣੇ ਆਪ ਵਿੱਚ ਇਹ ਪਹਿਲੀ ਕਿਤਾਬ ਹੈ।
ਇਸ ਪੁਸਤਕ ਵਿੱਚ ਅੰਜਨਾ ਮੈਨਨ, ਹਰਮਨਦੀਪ ਕੌਰ, ਗਗਨਦੀਪ ਕੌਰ, ਗੁਰਪਾਲ ਸਿੰਘ ਬਿਲਾਵਲ ,ਬਿੰਦਰ ਸਿੰਘ ਖੁੱਡੀ ਕਲਾਂਂ, ਦਿਨੇਸ਼ ਨੰਦੀ, ਕੁਲਦੀਪ ਕੌਰ, ਰੀਤੀ ਗੋਇਲ, ਹਰਪ੍ਰੀਤ ਕੌਰ, ਕੰਚਨ ਮਿੱਤਲ, ਬਲਵੀਰ ਕੌਰ, ਪੂਜਾ ਗਰੋਵਰ, ਸਵਰਨਜੀਤ ਕੌਰ, ਹਰਪ੍ਰੀਤ ਕੌਰ, ਸਰਬਜੀਤ ਕੌਰ, ਬੌਬੀ ਗੁਪਤਾ, ਰਜਿੰਦਰ ਸੋਢੀ, ਮਨਦੀਪ ਕੌਰ, ਜਸਪ੍ਰੀਤ ਵਾਲੀਆ, ਦਵਿੰਦਰ ਦੀਪ, ਹਰਜਿੰਦਰ ਸਿੰਘ, ਪਰਮਜੀਤ ਕੌਰ, ਪਰਵਿੰਦਰ ਕੌਰ, ਗੁਰਵਿੰਦਰ ਕੌਰ, ਮਮਤਾ ਰਾਣੀ, ਸੁਖਪਾਲ ਕੌਰ ਬਾਠ, ਦਿਲਪ੍ਰੀਤ ਚੌਹਾਨ, ਸੁਰਜਨ ਸਿੰਘ, ਨਵਦੀਪ ਕੌਰ ,ਡਾਰਵਿਨ ਗੋਇਲ, ਗੌਰੀ ਸਹਿਗਲ, ਅਕਸ ਮਹਿਰਾਜ ਦੀਆਂ ਰਚਨਾਵਾਂ ਲੈ ਕੇ ਪਾਠਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋਏ ਹਾਂ। ਆਪ ਸਭ ਦੇ ਹੁੰਗਾਰੇ ਦੀ ਭਰਪੂਰ ਆਸ ਕਰਦੇ ਹਾਂ।
ਇਹ ਕਿਤਾਬ "ਸਾਹਿਤਯ ਕਲਸ਼ ਪਬਲੀਕੇਸ਼ਨ ਪਟਿਆਲਾ" ਦੇ ਸਰਪ੍ਰਸਤ ਅਤੇ ਮੁੱਖ ਸੰਪਾਦਕ "ਸਾਗਰ ਸੂਦ"ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਅੰਜਨਾ ਮੈਨਨ ਨੇ ਦੱਸਿਆ ਕਿ ਇਸ ਕਿਤਾਬ ਨੂੰ ਕੋਵਿਡ ਹਦਾਇਤਾਂ ਦੀ ਪਾਲਣਾ ਕਰਦਿਆਂ ਜਲਦੀ ਹੀ ਰਿਲੀਜ਼ ਕਰਕੇ ਲੋਕ ਅਰਪਣ ਕੀਤਾ ਜਾਵੇਗਾ।