'ਕਿਸ ਮਿੱਟੀ ਦੀਆਂ ਬਣੀਆਂ ਸੀ ਇਹ? ਵੀਰਾਂਗਣਾਂ' ਪੁਸਤਕ 'ਤੇ ਵਿਚਾਰ-ਚਰਚਾ ਕਰਾਈ ਗਈ
ਹਰਜਿੰਦਰ ਸਿੰਘ ਭੱਟੀ
• ਬੀਬੀ ਚਰਨਜੀਤ ਕੌਰ ਸੁਪਤਨੀ ਸ਼ਹੀਦ ਕਰਨੈਲ ਸਿੰਘ ਈਸੜੂ ਦਾ ਵਿਸ਼ੇਸ਼ ਸਨਮਾਨ
ਐਸ.ਏ.ਐਸ ਨਗਰ: 16 ਜੁਲਾਈ 2022 - ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਸ਼੍ਰੀ ਸੁਖਦੇਵ ਰਾਮ ਸੁੱਖੀ ਦੀ ਪੁਸਤਕ 'ਕਿਸ ਮਿੱਟੀ ਦੀਆਂ ਬਣੀਆਂ ਸੀ ਇਹ? ਵੀਰਾਂਗਣਾਂ' ਉਪਰ ਵਿਚਾਰ-ਚਰਚਾ ਆਯੋਜਿਤ ਕੀਤੀ ਗਈ। ਇਸ ਮੌਕੇ ਬੀਬੀ ਚਰਨਜੀਤ ਕੌਰ ਸੁਪਤਨੀ ਸ਼ਹੀਦ ਕਰਨੈਲ ਸਿੰਘ ਈਸੜੂ (ਗੋਆ ਆਜ਼ਾਦੀ ਦੇ ਮਹਾਨ ਸ਼ਹੀਦ) ਵੱਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ । ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ, ਪੰਜਾਬ ਦੀ ਵਿਭਾਗੀ ਧੁਨੀ ਨਾਲ ਕੀਤੀ ਗਈ।
ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਆਏ ਹੋਏ ਸਾਹਿਤਕਾਰਾਂ, ਪਾਠਕਾਂ ਅਤੇ ਹੋਰ ਪਤਵੰਤੇ ਸੱਜਣਾਂ ਦਾ ਨਿੱਘਾ ਸਵਾਗਤ ਕੀਤਾ ਗਿਆ , ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਤੋਂ ਹਾਜ਼ਰੀਨ ਨੂੰ ਜਾਣੂ ਕਰਾਇਆ ਗਿਆ ਅਤੇ ਆਜ਼ਾਦੀ ਸੰਗਰਾਮ ਵਿੱਚ ਔਰਤਾਂ ਦੇ ਯੋਗਦਾਨ ਬਾਰੇ ਗੱਲ ਕਰਦਿਆਂ ਕਰਵਾਏ ਜਾ ਰਹੇ ਸਮਾਗਮ ਦੇ ਮਨੋਰਥ ਬਾਰੇ ਜਾਣਕਾਰੀ ਦੇ ਕੇ ਚਰਚਾ ਦਾ ਆਗਾਜ਼ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪ੍ਰੋ. ਗੁਰਪ੍ਰੀਤ ਸਿੰਘ (ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ)ਵੱਲੋਂ 'ਕਿਸ ਮਿੱਟੀ ਦੀਆਂ ਬਣੀਆਂ ਸੀ ਇਹ? ਵੀਰਾਂਗਣਾਂ' ਪੁਸਤਕ ਬਾਰੇ ਆਪਣੇ ਚਰਚੇ ਵਿਚ ਬੜੇ ਖੋਜ ਭਰਪੂਰ ਅਤੇ ਗੰਭੀਰ ਤੱਥ ਪੇਸ਼ ਕੀਤੇ ਗਏ । ਉਨ੍ਹਾਂ ਨੇ ਪੁਸਤਕ ਵਿੱਚ ਦਰਜ 14 ਵੀਰਾਂਗਣਾਂ ਦੇ ਜੀਵਨ ਸੰਘਰਸ਼ ਅਤੇ ਸੰਤਾਪ ਬਾਰੇ ਵਿਸਥਾਰ-ਪੂਰਵਕ ਗੱਲ ਕਰਦਿਆਂ ਉਨ੍ਹਾਂ ਨੇ ਸਮਕਾਲੀ ਨਾਰੀ ਦੇ ਸੰਘਰਸ਼ਾਂ ਅਤੇ ਬਲਿਦਾਨਾਂ ਨੂੰ ਵੀ ਆਪਣੀ ਚਰਚਾ ਦਾ ਵਿਸ਼ਾ ਬਣਾਇਆ ਗਿਆ ।
ਉਨ੍ਹਾਂ ਕਿਹਾ ਇਸ ਮੌਕੇ ਸ਼੍ਰੀ ਗੁਰਚਰਨ ਸਿੰਘ (ਬੀਬੀ ਚਰਨਜੀਤ ਕੌਰ ਜੀ ਦੇ ਛੋਟੇ ਭਰਾ), ਸ਼੍ਰੀ ਗੁਰਪ੍ਰੀਤ ਸਿੰਘ ਨਿਆਮੀਆਂ, ਸ਼੍ਰੀ ਜਸਪਾਲ ਸਿੰਘ ਦੇਸੂਵੀ, ਸ਼੍ਰੀ ਆਰ.ਕੇ.ਭਗਤ, ਸ਼੍ਰੀ ਸਰਦਾਰਾ ਸਿੰਘ ਚੀਮਾ ਅਤੇਸ਼੍ਰੀ ਜਗਤਾਰ ਸਿੰਘ ਜੋਰਾ ਵੱਲੋਂ ਵੀ ਆਪਣੇ ਵਿਚਾਰਾਂ ਦੀ ਸਾਂਝ ਪਾ ਕੇ ਵਿਚਾਰ ਚਰਚਾ ਨੂੰ ਮਹੱਤਵਪੂਰਨ ਬਣਾਇਆ ਗਿਆ। ਇਨ੍ਹਾਂ ਤੋਂ ਇਲਾਵਾ ਸਮਾਗਮ ਵਿਚ ਜ਼ਿਲ੍ਹੇ ਦੀਆਂ ਅਨੇਕ ਨਾਮਵਰ ਸ਼ਖਸੀਅਤਾਂ ਜਿਵੇਂ ਸ਼੍ਰੀ ਸਰਬਜੀਤ 'ਸਾਗਾ', ਸ਼੍ਰੀ ਜਗਸੀਰ ਸਿੰਘ, ਸ਼੍ਰੀ ਗੁਰਬਖ਼ਸ਼ ਸਿੰਘ, ਸ਼੍ਰੀ ਪਰਵਿੰਦਰ ਸਿੰਘ, ਸ਼੍ਰੀ ਗੁਰਬਚਨ ਸਿੰਘ, ਸ਼੍ਰੀ ਹਰਿੰਦਰ ਸਿੰਘ, ਸ਼੍ਰੀ ਹਰਨੇਕ ਸਿੰਘ, ਸ਼੍ਰੀ ਜਗਦੇਵ ਦੇਬ, ਸ਼੍ਰੀ ਰਾਕੇਸ਼ ਸ਼ਰਮਾ, ਸ਼੍ਰੀ ਸੋਨੀਆ ਸ਼ਰਮਾ, ਸ਼੍ਰੀ ਸੰਜੀਵ ਸ਼ਰਮਾ, ਸ਼੍ਰੀ ਮਲਕੀਤ ਸਿੰਘ ਨਾਗਰਾ ਆਦਿ ਵੱਲੋਂ ਸ਼ਿਰਕਤ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੇ ਅੰਤ ਵਿਚ ਬੀਬੀ ਚਰਨਜੀਤ ਕੌਰ ਸੁਪਤਨੀ ਸ਼ਹੀਦ ਕਰਨੈਲ ਸਿੰਘ ਈਸੜੂ(ਗੋਆ ਆਜ਼ਾਦੀ ਦੇ ਮਹਾਨ ਸ਼ਹੀਦ) ਦਾ ਸਮੁੱਚੀ ਜੀਵਨ ਘਾਲਣਾ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ । ਉਨ੍ਹਾਂ ਦੱਸਿਆ ਇਸ ਸਮਾਗਮ ਮੌਕੇ 'ਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।