ਗੁਰਬਾਜ ਸਿੰਘ ਬਰਾੜ
ਵੈਨਕੂਵਰ 17 ਜੁਲਾਈ 2018 - ਗਲੋਬਲ ਪੰਜਾਬ ਫਾਊਂਡੇਸ਼ਨ ਦੇ ਬੈਨਰ ਹੇਠ ਹਰਕੀਰਤ ਕੌਰ ਚਹਿਲ ਦਾ ਦੂਸਰਾ ਨਾਵਲ" ਥੋਹਰਾਂ ਦੇ ਫੁੱਲ" ਅੱਜ ਸਰੀ ਦੇ ਅਲਟੀਮੇਟ ਬੈਂਕੁਇਟ ਹਾਲ ਵਿਖੇ ਉੱਘੇ ਸਾਹਿਤਕਾਰਾਂ, ਪੱਤਰਕਾਰਾਂ, ਪੀ ਏ ਯੂ ਤੋਂ ਡਾਕਟਰਾਂ ਅਤੇ ਪਾਠਕਾਂ ਦੀ ਭਰਵੇਂ ਇਕੱਠ ਵਿੱਚ ਲੋਕ ਅਰਪਣ ਕੀਤਾ ਗਿਆ। ਨਾਵਲ ਦੀ ਘੁੰਡ ਚੁਕਾਈ ਰਸਮ ਪ੍ਰਸਿੱਧ ਸਾਹਿਤਕਾਰ ਕਵੀ ਨਵਤੇਜ ਭਾਰਤੀ ਜੀ ਨੇ ਨਿਭਾਈ।
ਥੋਹਰਾਂ ਦੇ ਫੁੱਲ ਨੂੰ ਖੁਸ਼ਾਮਦੀਦ ਕਹਿੰਦਿਆਂ ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ, ਇੰਦਰਜੀਤ ਕੌਰ ਸਿੱਧੂ, ਹਰਚੰਦ ਸਿੰਘ ਬਾਗੜੀ, ਅਤੇ ਪ੍ਰੋਫੈਸਰ ਗੁਰਬਾਜ ਬਰਾੜ ਨੇ ਵਿਦਵਤਾ ਭਰਪੂਰ ਪਰਚੇ ਪੜ੍ਹੇ ਅਤੇ ਵੱਡ-ਅਕਾਰੀ ਤੇ ਬਹੁ ਪਰਤੀ ਨਾਵਲ ਨੂੰ ਸਰੋਤਿਆਂ ਸੰਗ ਸਨਮੁੱਖ ਕੀਤਾ।
ਜਿੱਥੇ ਪ੍ਰਸਿੱਧ ਨਾਵਲਕਾਰ ਅਤੇ ਗ਼ਜ਼ਲਗੋ ਨਦੀਮ ਪਰਮਾਰ ਜੀ ਨੇ ਹਰਕੀਰਤ ਚਹਿਲ ਨੂੰ ਮਲਵਈ ਬੋਲੀ ਦੀ ਵੱਡੀ ਲੇਖਿਕਾ ਕਿਹਾ, ਉੱਥੇ ਹੀ ਇੰਦਰਜੀਤ ਸਿੱਧੂ ਨੇ ਥੋਹਰਾਂ ਦੇ ਫੁੱਲ ਨੂੰ ਚਾਨਣ ਵੰਡਦੀ, ਸੱਚੀ ਸੁੱਚੀ ਕਿਰਤ ਕਿਹਾ। ਪ੍ਰਿੰਸੀਪਲ ਬਰਾੜ ਨੇ ਵੀ ਹਰਕੀਰਤ ਦੀ ਲਿਖਤ ਵਿੱਚ ਰਵਾਨਗੀ ਅਤੇ ਪੁਖਤਗੀ ਦੀ ਸ਼ਲਾਂਘਾ ਕੀਤੀ। ਪ੍ਰੋ. ਗੁਰਬਾਜ ਬਰਾੜ ਨੇ ਇਸ ਰਚਨਾ ਨੂੰ ਠੋਸ ਅਤੇ ਨਿੱਗਰ ਰਚਨਾ ਦਾ ਨਮੂਨਾ ਕਹਿੰਦਿਆਂ ਹਰਕੀਰਤ ਨੂੰ ਨਾਵਲਕਾਰਾਂ ਦੀ ਪਲੇਠੀ ਪੰਕਤੀ ਵਿੱਚ ਸਥਾਨ ਦਿੱਤਾ।
ਨਾਵਲ ਦੇ ਪਲਾਟ ਦੇ ਤਿੰਨ ਪੀੜੀਆਂ ਵਿੱਚ ਫੈਲੇ ਪਸਾਰ ਨੂੰ ਜਿਸ ਸ਼ਿੱਦਤ ਨਾਲ ਹਰਕੀਰਤ ਨੇ ਸਮੇਟਿਆ ਉਸ ਦੀ ਇਸ ਕਲਾ ਦਾ ਵਾਰ ਵਾਰ ਜ਼ਿਕਰ ਹੋਇਆ।
ਹੋਰ ਮੁੱਖ ਬੁਲਾਰਿਆਂ ਵਜੋਂ ਉੱਘੇ ਨਾਵਲਕਾਰ ਜਰਨੈਲ ਸਿੰਘ ਸੇਖਾ, ਪ੍ਰੋ. ਪ੍ਰਿਥੀਪਾਲ ਸਿੰਘ ਸੋਹੀ, ਪੱਤਰਕਾਰ ਦਰਸ਼ਨ ਸਿੰਘ ਜਟਾਣਾ,ਉੱਘੇ ਲੇਖਕ ਅਜਮੇਰ ਰੋਡੇ, ਸੁਰਜੀਤ ਕਲਸੀ, ਹਰਿੰਦਰ ਸੋਹੀ, ਕਹਾਣੀਕਾਰ ਪਰਵੇਜ ਸੰਧੂ, ਮਨਜੀਤ ਕੌਰ ਕੰਗ, ਮੋਹਣ ਗਿੱਲ, ਅਮਰੀਕ ਪਲਾਹੀ, ਜਰਨੈਲ ਆਰਟਿਸਟ, ਗਿਆਨੀ ਕੇਵਲ ਸਿੰਘ ਨਿਰਦੋਸ਼ ਅਤੇ ਸਤੀਸ਼ ਗੁਲਾਟੀ ਜੀ ਸ਼ਾਮਲ ਸਨ।
ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਪਾਏ ਜਾਂਦੇ ਯੋਗਦਾਨ ਲਈ ਜਾਣੇ ਜਾਂਦੇ ਉੱਘੇ ਸਨਅਤਕਾਰ ਬਲਦੇਵ ਸਿੰਘ ਬਾਠ ਅਤੇ ਸੁੱਖੀ ਬਾਠ ਨੇ ਵੀ ਹਰਕੀਰਤ ਚਹਿਲ ਨੂੰ ਮੁਬਾਰਕਬਾਦ ਕਹੀ। ਇਸ ਤੋਂ ਇਲਾਵਾ ਸ਼ਹਿਰ ਵਿੱਚ ਮੀਡੀਏ ਦੀਆਂ ਨਾਮੀ ਹਸਤੀਆਂ ਵਿੱਚੋਂ ਡਾ. ਜਸਬੀਰ ਸਿੰਘ ਰੁਮਾਣਾ, ਮਨਜੀਤ ਕੌਰ ਕੰਗ, ਨਿਰਮਲ ਡੌਲਾ, ਲਾਲ ਪਧਿਆਣਵੀ, ਰੀਨਾ ਚਾਵਲਾ, ਸੁਖਵਿੰਦਰ ਚੋਹਲਾ, ਗੁਰਬਾਜ ਬਰਾੜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਡਾ. ਰਾਮਿੰਦਰਪਾਲ ਸਿੰਘ ਕੰਗ ਨੇ ਵੱਖੋਂ ਵੱਖਰੇ ਰੰਗਾਂ ਨਾਲ ਸ਼ਿੰਗਾਰ ਕੇ ਬਾਖੂਬੀ ਦਰਸ਼ਕਾਂ ਨੂੰ ਕੀਲਦਿਆਂ ਸੁਚੱਜਾ ਸਟੇਜ ਸੰਚਾਲਨ ਕੀਤਾ।
ਹਰਕੀਰਤ ਕੌਰ ਚਹਿਲ ਦੀਆਂ ਰਚਨਾਵਾਂ ਨੂੰ ਮੀਨੂ ਬਾਵਾ ਅਤੇ ਲਾਲ ਪਧਿਆਣਵੀ ਨੇ ਮਧੁਰ ਅਵਾਜ਼ ਨਾਲ ਤਰੰਨਮ ਵਿੱਚ ਪੇਸ਼ ਕੀਤਾ।ਵੀਡੀੳ ਕਲਿੱਪਾਂ ਰਾਹੀਂ ਭਾਰਤ ਤੋਂ ਉੱਘੇ ਲੇਖਕਾਂ ਵਿੱਚੋਂ ਵਧਾਈ ਸੰਦੇਸ਼ ਭੇਜਣ ਵਾਲੇ ਜਸਵੰਤ ਸਿੰਘ ਕੰਵਲ, ਡਾ ਦਲੀਪ ਕੌਰ ਟਿਵਾਣਾ, ਡਾ ਹਰਜਿੰਦਰ ਵਾਲੀਆਂ ਅਤੇ ਨਾਵਲਕਾਰ ਬਲਦੇਵ ਸੜਕਨਾਮਾ ਸਨ।
ਕੁੱਲ ਮਿਲਾ ਕੇ ਇਹ ਥੋਹਰਾਂ ਦੇ ਫੁੱਲ ਦਾ ਲੋਕ ਅਰਪਣ ਸਮਾਗਮ ਇੱਕ ਸਫਲ ਪ੍ਰੋਗਰਾਮ ਹੋ ਨਿਬੜਿਆ।