ਕੋਟਕਪੂਰਾ, 23 ਮਾਰਚ 2021 - ਕਲਾ ਅਤੇ ਸਾਹਿਤ ਨੂੰ ਸਮਰਪਿਤ ਮੰਚ ‘ਸ਼ਬਦ-ਸਾਂਝ ਕੋਟਕਪੂਰਾ’ ਵਲੋਂ ਪੰਜਾਬੀ ਦੀ ਉੱਘੀ ਵਾਰਤਾਕਾਰ ਮੈਡਮ ਪਰਮਜੀਤ ਕੌਰ ਸਰਾਂ ਦੇ ਦੂਜੇ ਨਿਬੰਧ-ਸੰਗ੍ਰਹਿ ‘ਸ਼ਬਦ ਵਣਜਾਰੇ’ ਦਾ ਲੋਕ-ਅਰਪਣ ਸਮਾਗਮ ਸਥਾਨਕ ਦੁਆਰੇਆਣਾ ਰੋਡ ’ਤੇ ਸਥਿੱਤ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ। ਇਸ ਸਮਾਗਮ ’ਚ ਰਜਿੰਦਰ ਸਿੰਘ ਸਰਾਂ, ਰਿਟਾ: ਤਹਿਸੀਲਦਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਰੀਦਕੋਟ-2 ਸੁਸ਼ੀਲ ਅਹੂਜਾ ਅਤੇ ਕਰਨੈਲ ਸਿੰਘ ਮੱਕੜ ਵੀ ਵਿਸੇਸ ਤੌਰ ’ਤੇ ਪਹੁੰਚੇ। ਮੰਚ ਦੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਨੇ ਹਾਜਰੀਨ ਨੂੰ ਜੀ ਆਇਆਂ ਆਖਦਿਆਂ ਮੰਚ ਦੀਆਂ ਗਤੀਵਿਧੀਆਂ ਬਾਰੇ ਸੰਖੇਪ ’ਚ ਚਾਨਣਾ ਪਾਇਆ।
ਸਮਾਗਮ ਦੀ ਸੁਰੂਆਤ ਗੁਰਪ੍ਰੀਤ ਸਿੰਘ ਨੇ ਆਪਣੀ ਖੂਬਸੂਰਤ ਗਾਇਕੀ ਨਾਲ ਕੀਤੀ। ਪੁਸਤਕ ਬਾਰੇ ਸੰਖੇਪ ਚਰਚਾ ਕਰਦਿਆਂ ਸ਼ਾਇਰ ਅਤੇ ਆਲੋਚਕ ਡਾ. ਦੇਵਿੰਦਰ ਸੈਫੀ ਨੇ ਪੰਜਾਬੀ ਵਾਰਤਕ ਦੇ ਇਤਿਹਾਸ ਅਤੇ ਇਸਦੇ ਬਦਲਦੇ ਸਰੂਪਾਂ ਦੀ ਗੱਲ ਕਰਦਿਆਂ ਇਸ ਪੁਸਤਕ ਵਿੱਚ ਦਰਜ ਨਿਬੰਧਾਂ ਦੀ ਸਿਰਜਣਾ ਪਿੱਛੇ ਮੈਡਮ ਪਰਮਜੀਤ ਕੌਰ ਦੇ ਡੂੰਘੇ ਅਧਿਐਨ ਅਤੇ ਸੰਵੇਦਨਸ਼ੀਲਤਾ ਬਾਰੇ ਚਰਚਾ ਕੀਤੀ। ਹਰਪ੍ਰੀਤ ਸਿੰਘ ਕਾਹਲੋਂ ਨੇ ਪੁਸਤਕ ਬਾਰੇ ਗੱਲ ਕਰਦਿਆਂ ਕਿਹਾ ਕਿ ਵੱਖਰੇ ਵਿਸ਼ਿਆਂ ਅਤੇ ਖੂਬਸੂਰਤ ਵਾਰਤਕ ਸ਼ੈਲੀ ਨਾਲ ਲਿਖੀ ਗਈ ਇਸ ਪੁਸਤਕ ਦੀ ਪੰਜਾਬੀ ਸਾਹਿਤ ਜਗਤ ਵਿੱਚ ਨਿੱਗਰ ਆਮਦ ਹੋਈ ਹੈ। ਇਸ ਦਾ ਸਵਾਗਤ ਕਰਨਾ ਚਾਹੀਦਾ ਹੈ।
ਮੰਚ ਦੇ ਸਰਪ੍ਰਸਤ ਅਤੇ ਉੱਘੇ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਪਰਮਜੀਤ ਕੌਰ ਸਰਾਂ ਸਾਡੇ ਸ਼ਹਿਰ ਦੇ ਵਸਨੀਕ ਹਨ । ਉਨਾਂ ਨੇ ਹਮੇਸਾ ਅਣਛੋਹੇ ਵਿਸਅਿਾਂ ਨੂੰ ਛੋਹਣ ਦੀ ਕੋਸਸਿ ਕੀਤੀ ਹੈ। ਸੁਸੀਲ ਅਹੂਜਾ ਅਤੇ ਰਾਜਿੰਦਰ ਸਿੰਘ ਸਰਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੇਸੱਕ ਔਰਤਾਂ ਬਹੁਤ ਘੱਟ ਗਿਣਤੀ ਵਿੱਚ ਵਾਰਤਕ ਵੱਲ ਆ ਰਹੀਆਂ ਹਨ ਪਰ ਸਾਨੂੰ ਖੁਸੀ ਹੈ ਕਿ ਪਰਮਜੀਤ ਕੌਰ ਸਰਾਂ ਨੇ ਇਹ ਖੜੋਤ ਤੋੜ ਕੇ ਇਸ ਪੁਸਤਕ ਦੀ ਸਿਰਜਣਾ ਕੀਤੀ ਹੈ। ਉਪਰੰਤ ‘ਸ਼ਬਦ ਵਣਜਾਰੇ ਪੁਸਤਕ ਦੀ ਲੇਖਿਕਾ ਪਰਮਜੀਤ ਕੌਰ ਸਰਾਂ ਨੇ ਇਸ ਪੁਸਤਕ ਵਿਚਲੇ ਨਿਬੰਧਾਂ ਅਤੇ ਵਿਚਾਰਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।
ਉਨਾਂ ਆਪਣੀ ਲਿਖਣ-ਪ੍ਰਕਿਰਿਆ ਬਾਰੇ ਬੋਲਦਿਆਂ ਕਿਹਾ ਕਿ ਇਸ ਪਿੱਛੇ ਉਨਾਂ ਦੇ ਜੀਵਨ ਦਾ ਲੰਮਾ ਸੰਘਰਸ਼ ਅਤੇ ਸਾਧਨਾ ਕੰਮ ਕਰਦੇ ਹਨ। ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਦੇ ਸੰਸਥਾਪਕ ਸ੍ਰ ਕਰਨੈਲ ਸਿੰਘ ਮੱਕੜ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ, ਸ਼ਾਇਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਸ਼ਾਇਰ ਕੁਲਵਿੰਦਰ ਵਿਰਕ ਨੇ ਪੁਰਖ਼ਲੂਸ ਅੰਦਾਜ਼ ਵਿੱਚ ਕੀਤਾ। ਅੰਤ ’ਚ ਮੰਚ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਪਰਮਜੀਤ ਕੌਰ ਸਰਾਂ ਵੱਲੋਂ ਉਪਰੋਕਤ ਸਕੂਲ ਅਤੇ ਮੰਚ ਦੀ ਵੱਡਮੁੱਲੀ ਆਰਥਿਕ ਮੱਦਦ ਵੀ ਕੀਤੀ ਗਈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸਾਹਿਤ ਸਭਾ ਫਰੀਦਕੋਟ, ਰੋਟਰੀ ਕਲੱਬ, ਲਾਇਨਜ ਕਲੱਬ, ਰਾਮ ਮੁਹੰਮਦ ਸਿੰਘ ਆਜਾਦ ਕਲੱਬ, ਉੱਘੇ ਸਮਾਜਸੇਵੀ ਗੁਰਪ੍ਰੀਤ ਸਿੰਘ ਚੰਦਬਾਜਾ, ਪੱਤਰਕਾਰ ਭਾਈਚਾਰਾ, ਵੱਖ-ਵੱਖ ਸ਼ਹਿਰਾਂ/ਪਿੰਡਾਂ ਤੋਂ ਆਏ ਹੋਏ ਲੇਖਕ, ਸਰੋਤੇ ਅਤੇ ਸਿੱਖਿਆ ਮਹਿਕਮੇ ਦੇ ਕਈ ਅਧਿਕਾਰੀ ਵੀ ਸ਼ਾਮਿਲ ਹੋਏ। ਸਮੁੱਚਾ ਸਮਾਗਮ ਇੱਕ ਯਾਦਗਾਰੀ ਸਮਾਗਮ ਹੋ ਨਿੱਬੜਿਆ।