ਨਾਮੀ ਲੇਖਕ ਜਸਵੰਤ ਕੰਵਲ ਦੀ ਸਿਹਤ ਚਿੰਤਾ ਵਾਲੀ -ਸਰਕਾਰੀ ਮੈਡੀਕਲ ਸਹੂਲਤਾਂ ਦੀ ਅਪੀਲ
ਲੁਧਿਆਣਾ , 1 ਜੁਲਾਈ , 2019 : 100 ਵਰ੍ਹਿਆਂ ਦੀ ਉਮਰ ਟੱਪ ਕੇ 27 ਜੂਨ ਨੂੰ ਆਪਣਾ 101ਵਾਂ ਜਨਮ ਦਿਨ ਮਨਾ ਕੇ ਹਟੇ ਜਗਤ ਪ੍ਰਸਿੱਧ ਪੰਜਾਬੀ ਸਾਹਿਤਕਾਰ ਜਸਵੰਤ ਕੰਵਲ ਦੀ ਸਿਹਤ ਢਿੱਲੀ ਹੋ ਗਈ ਹੈ . ਉਨ੍ਹਾਂ ਦੀ ਵਿਗੜ ਰਹੀ ਸਰੀਰਕ ਹਾਲਤ ਨੂੰ ਦੇਖ ਕੇ ਪੰਜਾਬੀ ਚਿੰਤਕਾਂ ਨੇ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਤੁਰਤ ਕੰਵਲ ਨੂੰ ਸਰਕਾਰੀ ਮੈਡੀਕਲ ਸਹੂਲਤਾਂ ਮੁਹੱਈਆ ਕਰਾਉਣ ਦਾ ਪ੍ਰਬੰਧ ਕਰੇ .
ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਚੇਚੀ ਅਪੀਲ ਕੀਤੀ ਹੈ ਕਿ ਉਹ ਇਸ ਪਾਸੇ ਫ਼ੌਰੀ ਧਿਆਨ ਦੇਣ .
ਗਿੱਲ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ "ਕੰਵਲ ਸਾਹਿਬ ਦੀ ਸਰੀਰਕ ਹਾਲਤ ਬਹੁਤੀ ਤਸੱਲੀਬਖ਼ਸ਼ ਨਹੀਂ ਸਗੋਂ ਵੱਡੀ ਚਿੰਤਾ ਵਾਲੀ ਹੈ।" ਉਨ੍ਹਾਂ ਇਹ ਵੀ ਦੱਸਿਆ ਹੈ ਕਿ ਫ਼ਰੀਦਕੋਟ ਤੋਂ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਖ਼ੁਦ 30 ਜੂਨ ਨੂੰ ਜਸਵੰਤ ਕੰਵਲ ਨੂੰ ਮਿਲ ਕੇ ਆਏ ਹਨ . ਉਹ ਖ਼ੁਦ ਕੰਵਲ ਦੀ ਹਾਲਤ ਬਾਰੇ ਵਧੇਰੇ ਦੱਸ ਸਕਦੇ ਹਨ .
ਮੁੱਖ ਮੰਤਰੀ ਨੂੰ ਭੇਜੇ ਖ਼ਤ ਵਿਚ ਗਿੱਲ ਨੇ ਕਿਹਾ, "ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਨੀ ਚਾਹਾਂਗਾ ਕਿ 100 ਸਾਲ ਉਮਰ ਦੇ ਇਸ ਮਹਾਨ ਲੇਖਕ ਨੂੰ ਸਰਕਾਰੀ ਤੌਰ ਤੇ ਮੈਡੀਕਲ ਸਹੂਲਤਾਂ ਬਿਨਾ ਵਕਤ ਗਵਾਏ ਮੁਹੱਈਆ ਕਰਵਾਈਆਂ ਜਾਣ। ਹਾਲਾਤ ਬਹੁਤੇ ਚੰਗੇ ਨਹੀਂ ਦਿਸ ਰਹੇ। "
ਖ਼ਤ ਦੀ ਪੂਰੀ ਕਾਪੀ ਇਹ ਹੈ :
ਮਾਣਯੋਗ ਮੁੱਖ ਮੰਤਰੀ ਪੰਜਾਬ ਦੇ ਧਿਆਨ ਹਿਤ
ਸਤਿਕਾਰਤ ਜੀਓ,
ਬੇਨਤੀ ਹੈ ਕਿ 26 ਜੂਨ ਤੇ 30 ਜੂਨ ਵਾਲੇ ਦਿਨ ਮੈਂ ਪ੍ਰਸਿੱਧ ਨਾਵਲਕਾਰ ਸ: ਜਸਵੰਤ ਸਿੰਘ ਕੰਵਲ ਜੀ ਦੇ ਦਰਸ਼ਨ ਕੀਤੇ ਹਨ। ਪਹਿਲੇ ਦਿਨ ਪੰਜਾਬ ਆਰਟਸ ਕੌਸਲ ਦੇ ਚੇਅਰਮੈਨ ਡਾ: ਸੁਰਜੀਤ ਪਾਤਰ ਤੇ ਸਕੱਤਰ ਜਨਰਲ ਡਾ: ਲਖਵਿੰਦਰ ਜੌਹਲ ਸਾਡੇ ਨਾਲ ਸਨ ਜਦ ਕਿ 30 ਜੂਨ ਨੂੰ ਜਨਾਬ ਮੁਹੰਮਦ ਸਦੀਕ ਮੈਂਬਰ ਪਾਰਲੀਮੈਂਟ (ਫਰੀਦਕੋਟ) ਤੇ ਮੋਗਾ ਤੋਂ ਵਿਧਾਇਕ ਡਾ: ਹਰਜੋਤ ਕਮਲ ਵੀ ਸਾਡੇ ਅੰਗ ਸੰਗ ਸਨ।
ਹਾਲਾਤ ਬਾਰੇ ਉਹ ਮੈਥੋਂ ਬੇਹਤਰ ਦੱਸ ਸਕਦੇ ਹਨ।
ਕੰਵਲ ਸਾਹਿਬ ਦੀ ਸਰੀਰਕ ਹਾਲਤ ਬਹੁਤੀ ਤਸੱਲੀਬਖ਼ਸ਼ ਨਹੀਂ ਸਗੋਂ ਵੱਡੀ ਚਿੰਤਾ ਵਾਲੀ ਹੈ।
ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਨੀ ਚਾਹਾਂਗਾ ਕਿ 100 ਸਾਲ ਉਮਰ ਦੇ ਇਸ ਮਹਾਨ ਲੇਖਕ ਨੂੰ ਸਰਕਾਰੀ ਤੌਰ ਤੇ ਮੈਡੀਕਲ ਸਹੂਲਤਾਂ ਬਿਨਾ ਵਕਤ ਗਵਾਏ ਮੁਹੱਈਆ ਕਰਵਾਈਆਂ ਜਾਣ।
ਹਾਲਾਤ ਬਹੁਤੇ ਚੰਗੇ ਨਹੀਂ ਦਿਸ ਰਹੇ।
ਗੁਰਭਜਨ ਗਿੱਲ
ਸਾਬਕਾ ਪ੍ਰਧਾਨ
ਪੰਜਾਬੀ ਸਾਹਿੱਤ ਅਕਾਡਮੀ
ਲੁਧਿਆਣਾ।
1 ਜੁਲਾਈ , 2019