●ਮਹਿਕ-ਵਣਜਾਰੇ●
-ਪਾਲੀ ਖ਼ਾਦਿਮ
ਸੁਣੋ ਸਾਨੂੰ ਸਦਾਅ ਵਾਂਗੂੰ,
ਕਿ ਪਾਣੀ ਦੇ ਵਹਾਅ ਵਾਂਗੂੰ,
ਕਿਸੇ ਫੈਲੇ ਖਲਾਅ ਵਾਂਗੂੰ,
ਅਸੀਂ ਵੀ ਫੈਲ ਜਾਵਾਂਗੇ।
ਅਸੀਂ ਹਾਂ ਮਹਿਕ-ਵਣਜਾਰੇ,
ਅਸੀਂ ਹਰ ਯੁੱਗ 'ਚ ਆਵਾਂਗੇ।
ਅਸੀਂ ਪੋਟੇ ਸਰੰਗੀ ਦੇ,
ਅਸੀਂ ਹਾਂ ਛੇਕ ਵੰਜਲੀ ਦੇ,
ਅਸੀਂ ਸੁਰ ਹਾਂ ਰਬਾਬੀ ਦੇ,
ਧੁਨਾਂ ਬਣ ਕੇ ਵਿਖਾਵਾਂਗੇ।
ਅਸੀਂ ਹਾਂ ਮਹਿਕ-ਵਣਜਾਰੇ
ਅਸੀਂ ਹਰ ਯੁੱਗ 'ਚ ਆਵਾਂਗੇ।
ਅਸੀਂ ਖੇਤਾਂ ਦੇ ਪੁੱਤ ਬਣਨਾ,
ਅਸੀਂ ਕਿਰਪਾਨ ਬਣ ਖੜ੍ਹਨਾ,
ਅਸੀਂ ਹਰ ਯੁੱਗ ਵਿਚ ਲੜਨਾ,
ਮਨੁੱਖਤਾ ਨੂੰ ਸਜਾਵਾਂਗੇ।
ਅਸੀਂ ਹਾਂ ਮਹਿਕ-ਵਣਜਾਰੇ,
ਅਸੀਂ ਹਰ ਯੁੱਗ 'ਚ ਆਵਾਂਗੇ।
ਹਵਾ ਗ਼ਮਗੀਨ ਨਾ ਹੋ ਤੂੰ,
ਫ਼ਿਜ਼ਾ ਗ਼ਮਗੀਨ ਨਾ ਹੋ ਤੂੰ,
ਵਫ਼ਾ ਗ਼ਮਗੀਨ ਨਾ ਹੋ ਤੂੰ,
ਲਗਾਵਾਂਗੇ ਨਿਭਾਵਾਂਗੇ।
ਅਸੀਂ ਹਾਂ ਮਹਿਕ-ਵਣਜਾਰੇ,
ਅਸੀਂ ਹਰ ਯੁੱਗ 'ਚ ਆਵਾਂਗੇ।
ਐ ਮੇਰੇ ਹਾਣੀਓ ਉੱਠੋ,
ਐ ਵਗਦੇ ਪਾਣੀਓਂ ਜਾਗੋ,
ਇਹ ਵੰਡਾਂ ਕਾਣੀਆਂ ਰੋਕੋ,
ਇਹੋ ਨਾਅਰਾ ਲਗਾਵਾਂਗੇ।
ਅਸੀਂ ਹਾਂ ਮਹਿਕ-ਵਣਜਾਰੇ
ਅਸੀਂ ਹਰ ਯੁੱਗ 'ਚ ਆਵਾਂਗੇ।