ਅਸ਼ੋਕ ਵਰਮਾ
- ਚੋਣ ਅਮਲ ਦੌਰਾਨ ਹੋਏ ਪੱਖਪਾਤ ਦੇ ਲਾਏ ਦੋਸ਼
- ਰਿਟਰਨਿੰਗ ਅਫਸਰ ਵੱਲੋਂ ਦੋਸ਼ ਰੱਦ
ਬਠਿੰਡਾ, 21 ਫਰਵਰੀ 2020 - ਸਿਹਤ ਵਿਗਿਆਨ ਦੇ ਪੰਜਾਬੀ ਲੇਖਕ 42 ਕਿਤਾਬਾਂ ਮਾਂ ਬੋਲੀ ਪੰਜਾਬੀ 'ਚ ਲਿਖਣ ਵਾਲੇ ਅਤੇ ਵੱਖ-ਵੱਖ ਪੰਜਾਬੀ ਅਖਬਾਰਾਂ/ਮੈਗਜੀਨਾਂ ਦੇ ਕਾਲਮਨਵੀਸ ਡਾ. ਅਜੀਤਪਾਲ ਸਿੰਘ ਨੇ ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ।
ਉਨਾਂ ਦੋਸ਼ ਲਾਇਆ ਕਿ ਪੰਜਾਬੀ ਸਾਹਿਤ ਸਭਾ ਬਠਿੰਡਾ ਦੀ ਚੋਣ ਸਰਬਸੰਮਤੀ ਨਾਲ ਨਹੀਂ ਹੋਈ ਅਤੇ ਚੋਣ ਅਮਲ ਪੂਰੀ ਤਰਾਂ ਗੈਰਸੰਵਿਧਾਨਕ ਸੀ। ਉਨਾਂ ਦੱਸਿਆ ਕਿ ਜਾਰੀ ਕੀਤਾ ਗਿਆ ਸਰਬਸੰਮਤੀ ਦਾ ਪ੍ਰੈਸ ਬਿਆਨ ਗੁਮਰਾਹਕੁੰਨ ਸੀ। ਉਨਾਂ ਆਖਿਆ ਕਿ ਪ੍ਰਧਾਨ ਦੇ ਅਹੁਦੇ ਲਈ ਲਿਆਂਦੇ ਵਿਅਕਤੀ ਦੇ ਨਾਂਅ ਤੇ ਕਾਫ਼ੀ ਕਿੰਤੂ-ਪ੍ਰੰਤੂ ਹੋਇਆ ਸੀ ਅਤੇ ਲੰਬੀ ਚੌੜੀ ਬਹਿਸ ਵੀ ਹੋਈ ਸੀ। ਉਨਾਂ ਆਖਿਆ ਕਿ ਪ੍ਰਧਾਨ ਦੇ ਨਾਂਅ ਨੂੰ ਮੁੱਢੋਂ ਰੱਦ ਕਰਕੇ ਡਾ. ਅਜੀਤਪਾਲ ਸਿੰਘ ਤੇ ਇੱਕ ਹੋਰ ਮੈਂਬਰ ਨੇ ਚੋਣ ਬਾਈਕਾਟ ਕਰਦਿਆਂ ਵਾਅਕਆਉਟ ਵੀ ਕੀਤਾ ਸੀ।
ਡਾਕਟਰ ਅਜੀਤਪਾਲ ਸਿੰਘ ਨੇ ਅੱਗੇ ਕਿਹਾ ਕਿ ਉਨਾਂ ਨੂੰ ਕਾਫੀ ਜਲੀਲ ਕੀਤਾ ਅਤੇ ਵਾਅਕਆਉਟ ਕਰਨ ਲਈ ਮਜਬੂਰ ਕੀਤਾ। ਸਭਾ ਅੰਦਰ ਕਥਿਤ ਤਾਨਾਸ਼ਾਹੀ ਚਲਦੀ ਹੈ, ਜਮਹੂਰੀਅਤ ਬਿਲਕੁਲ ਨਹੀਂ, ਹੱਕ ਸੱਚ ਦੀ ਆਵਾਜ ਨੂੰ ਦਬਾ ਕੇ ਇਨਸਾਫ ਦਾ ਗਲਾ ਘੁੱਟਿਆ ਜਾਂਦਾ ਹੈ। ਸੱਚ ਬੋਲਣ ਵਾਲਿਆਂ ਦੀ ਜੁਬਾਨਬੰਦੀ ਕੀਤੀ ਜਾਂਦੀ ਹੈ।
ਉਨਾਂ ਕਿਹਾ ਕਿ ਸਾਹਿਤ-ਵਿਹੂਣੇ, ਜੂਨੀਅਰ ਮੈਂਬਰ ਨੂੰ ਪ੍ਰਧਾਨਗੀ ਬਖਸ਼ਣੀ ਕਦਾਚਿੱਤ ਵੀ ਸਹਿਣਯੋਗ ਨਹੀਂ ਅਤੇ ਨਾ ਹੀ ਉਸ ਅਧੀਨ ਉਹ ਕੰਮ ਕਰ ਸਕਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜਿਸ ਵਿਅਕਤੀ ਨੇ ਇੱਕ ਵੀ ਕਿਤਾਬ ਨਹੀਂ ਲਿਖੀ ਉਹ ਸਾਹਿਤ ਸਿਰਜਣਾ ਦੇ ਕਾਰਜ ਦੀ ਅਗਵਾਈ ਕਿਵੇਂ ਕਰ ਸਕਦਾ ਹੈ। ਉਨਾਂ ਕਿਹਾ ਕਿ ਉਨਾਂ 42 ਕਿਤਾਬਾਂ ਮਾਂ ਬੋਲੀ ਪੰਜਾਬੀ ਦੀ ਝੋਲੀ ਪਾਈਆਂ ਹੋਇਆਂ ਹਨ ਅਤੇ ਆਪਣੀ ਸਾਹਿਤਕ ਸਖਸ਼ੀਅਤ ਦੀ ਰਾਖੀ ਲਈ ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਸੀਨੀਅਰ ਮੀਤ ਪ੍ਧਾਨਗੀ ਤੋਂ ਅਸਤੀਫਾ ਦਿੱਤਾ ਹੈ।
ਉਨਾਂ ਇਹ ਵੀ ਮੰਗ ਕੀਤੀ ਹੈ ਕਿ ਗੈਰ-ਵਿਧਾਨਕ ਤੌਰ ਤੇ ਚੁਣੇ ਪ੍ਰਧਾਨ ਤੋਂ ਅਸਤੀਫਾ ਲੈ ਕੇ ਸਭਾ ਦੀ ਚੋਣ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਿਸੇ ਨਿਗਰਾਨ ਦੀ ਮੌਜੂਦਗੀ ਵਿੱਚ ਦੁਬਾਰਾ ਕਰਵਾਈ ਜਾਵੇ। ਓਧਰ ਇਸ ਚੋਣ ਅਮਲ ਦੇ ਰਿਟਰਨਿੰਗ ਅਧਿਕਾਰੀ ਦਮਜਤੀ ਦਰਸ਼ਨ ਨੇ ਡਾ ਅਜੀਤਪਾਲ ਸਿੰਘ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਚੋਣ ਇੱਕ ਵਾਰ ਸਰਬਸੰਮਤੀ ਨਾਲ ਹੋਈ ਹੈ। ਉਨਾਂ ਆਖਿਆ ਕਿ ਬਾਅਦ ’ਚ ਜੇ ਕੋਈ ਸਹਿਮਤ ਨਹੀਂ ਹੋਇਆ ਜਾਂ ਅਸਤੀਫਾ ਦਿੱਤਾ ਹੈ ਤਾਂ ਉਹ ਕੀ ਕਹਿ ਸਕਦੇ ਹਨ।