ਲੁਧਿਆਣਾ : 17 ਮਾਰਚ 2021 - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਤੇੇ ਸਮੂਹ ਮੈਂਬਰਾਂ ਵੱਲੋਂ ਅਕਾਡਮੀ ਦੇ ਜੀਵਨ ਮੈਂਬਰ ਸ੍ਰੀ ਇੰਦੇ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ। ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬੀ ਕਵੀ ਤੇ ਅਨੁਵਾਦਕ ਪ੍ਰੋ. ਇੰਦੇ (ਪੂਰਾ ਨਾਂ ਪ੍ਰੋ. ਇੰਦਰ ਸਿੰਘ) ਲੰਮਾਂ ਸਮਾਂ ਬਿਮਾਰੀ ਨਾਲ ਲੜਨ ਉਪਰੰਤ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਇਹ ਜਾਣਕਾਰੀ ਉਨ੍ਹਾਂ ਦੀ ਬੇਟੀ ਡਾ: ਮੀਕਾ ਸਿੰਘ ਨੇ ਦਿੱਤੀ ਹੈ।
ਪ੍ਰੋ. ਭੱਠਲ ਨੇ ਦਸਿਆ ਕਿ ਪ੍ਰੋ. ਇੰਦੇ ਨੇ ਪੰਜਾਬੀ ਅਤੇ ਅੰਗਰੇਜ਼ੀ ਦੀ ਪੋਸਟ-ਗਰੈਜੂਏਸ਼ਨ ਕਰਕੇ ਮਾਲਵਾ ਕਾਲਜ ਬੌਂਦਲੀ-ਸਮਰਾਲਾ ਵਿਖੇ ਅੰਗਰੇਜ਼ੀ ਦੇ ਅਧਿਆਪਕ ਵਜੋਂ, ਲੰਮਾ ਸਮਾਂ ਸੇਵਾ ਨਿਭਾਉਂਦੇ ਰਹੇ। ਉਮਰ ਦੇ ਅਖੀਰਲੇ ਵਰ੍ਹਿਆਂ ਵਿਚ ਓਹ ਰੂਸੀ ਮੈਗਜ਼ੀਨ ਸੋਵੀਅਤ ਦੇਸ ਦੇ ਐਡੀਟਰ ਵੀ ਰਹੇ। ਉਹ ਆਲੋਚਕ, ਕਵੀ, ਬਾਲ ਸਾਹਿਤਕਾਰ ਅਤੇ ਕੁਸ਼ਲ / ਪ੍ਰੋੜ ਅਨੁਵਾਦਕ ਸਨ। ਉਹ ਚੁੱਪ-ਚਪੀਤੇ ਸਾਹਿਤਕ ਕਾਮੇ ਸਨ ਜੋ ਤਕਰੀਬਨ ਅਣਗੌਲੇ ਹੀ ਰਹੇ। ਉਨ੍ਹਾਂ ਨੂੰ, ਉਸਦੀ ਘਾਲਣਾ ਦੇ ਅਨੁਕੂਲ ਮਾਣ-ਸਨਮਾਨ ਵੀ ਨਾ ਮਿਲਿਆ।
ਉਨ੍ਹਾਂ ਕਿਹਾ ਸੋਵੀਅਤ ਦੇਸ ਦੇ ਸੰਪਾਦਕ ਹੁੰਦਿਆਂ ਪ੍ਰੋ. ਇੰਦੇ ਹੋਰਾਂ ਨੇ ਪੰਜਾਬੀ ਭਵਨ ਲੁਧਿਆਣਾ ’ਚ ਯਾਦਗਾਰੀ ਲੇਖਕ ਪਾਠਕ ਮਿਲਣੀ ਕਰਵਾਈ ਸੀ। ਉਨ੍ਹਾਂ ਦੀਆਂ ਦਿੱਤੀਆਂ
ਸੇਧਾਂ ਕਾਰਨ ਬਹੁਤ ਲੇਖਕਾਂ ਨੇ ਵਿਸਵ ਸਾਹਿਤ ਨਾਲ ਸਾਂਝ ਪਾਈ ਹੈ। ਜਨਰਲ ਸਕੱਤਰ ਡਾ. ਸੁੁਰਜੀਤ ਸਿੰਘ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਦਸਿਆ ਕਿ ਪ੍ਰੋ. ਇੰਦੇ ਨੇ ਦੋ ਮੌਲਿਕ ਕਾਵਿ ਸੰਗ੍ਰਹਿ: ‘ਮਨ ਦਾ ਵਾਸੀ’ (2004) ਅਤੇ ‘ਦਸ ਬਾਗਾਂ ਦਾ ਤੋਤਾ’ (2012); ਤੋਂ ਇਲਾਵਾ ਚਾਰ ਬਾਲ ਕਾਵਿ ਸੰਗ੍ਰਹਿ: ‘ਅਸੀਂ ਉਡਾਂਗੇ’ (2011), ‘ਸਾਡੀ ਗੱਲ ਸੁਣੋ’ (2011), ‘ਮਾਏ ਨੀ ਮਾਏ’ (2012), ‘ਮੇਰੀ ਪਿੱਠ ’ਤੇ ਬਸਤਾ ਉੱਗਿਆ ਏ’ ਅਤੇ ਹਾਸ-ਰਸ ਕਵਿ ਸੰਗ੍ਰਹਿ: ‘ਹੁਣ ਹੱਸਣ ਦੀ ਵਾਰੀ ਏ‘ (2011) ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਏ ਗਏ। ਉਨ੍ਹਾਂ ਦਸਿਆ ਸ੍ਰੀ ਇੰਦੇ ਹੋਰਾਂ ਦਾ ਸਭ ਤੋਂ ਵੱਧ ਮਹੱਤਵਪੂਰਨਕਾਰਜ ਯੂਰਪੀਅਨ, ਚੀਨੀ ਅਤੇ ਜਪਾਨੀ ਕਵਿਤਾ ਦੇ ਪੰਜਾਬੀ ਅਨੁਵਾਦ ਦਾ ਹੈ।
ਉਨ੍ਹਾਂ ਦਸਿਆ ਪ੍ਰੋ. ਇੰਦੇ ਵਲੋਂ ਵਿਸ਼ਵ ਭਰ ਦੇ ਕਾਵਿ ਸਾਹਿਤ ਦਾ ਪੰਜਾਬੀ ਵਿਚ ਅਨੁਵਾਦ ਏਨਾਂ ਸਹਿਜ, ਸੁਹਜਾਤਮਕ ਅਤੇ ਭਾਵਾਤਮਕ ਹੈ ਕਿ ਅਨੁਵਾਦਿਤ ਸਾਹਿਤ ਮੌਲਿਕ ਪ੍ਰਤੀਤ ਹੁੰਦਾ ਹੈ। ਉਸਦੇ ਅਨੁਵਾਦ ਕਾਰਜ ਵਿਚ ਯੂਰਪ ਦੀ ਕਵਿਤਾ (ਪੰਜਾਬੀ ਅਕਾਦਮੀ ਦਿੱਲੀ-2013), ਚੀਨ ਦੀ ਮੁੱਢਲੀ ਕਵਿਤਾ (ਪੰਜਾਬੀ ਅਕਾਦਮੀ ਦਿੱਲੀ-2013), ਸੀਤ ਪਰਬਤ: ਹੈਨਸ਼ੈਨ ਦੀ ਕਵਿਤਾ (2013), ਚੀਨ ਦੀ ਕਵਿਤਾ ਦੇ ਪੰਜ ਪੁਰਾਣੇ ਪੰਨੇ (2014), ਜਾਪਾਨ ਦੀ ਆਦਿ ਕਵਿਤਾ (ਪੰਜਾਬੀ ਅਕਾਦਮੀ ਦਿੱਲੀ-2015) ਅਤੇ ਗੱਲ ਜਾਰੀ ਰੱਖੋ: ਫ਼ਰਨਾਂਦ ਪੈਸੋਆ ਦੀ ਕਵਿਤਾ (2015) ਆਦਿ ਹਨ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਸਾਹਿਤ ਜਗਤ ਅਤੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਇਸ ਦੁੱਖ ਦੇੇ ਸਮੇਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ।
ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਸ. ਪ. ਸਿੰਘ, ਸੁਰਿੰਦਰ ਕੈਲੇ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਲਜ਼ਾਰ ਸਿੰਘ ਪੰਧੇਰ, ਖੁਸ਼ਵੰਤ ਸਿੰਘ ਬਰਗਾੜੀ, ਭੁਪਿੰਦਰ ਸਿੰਘ ਸੰਧੂ, ਡਾ. ਗੁਰਇਕਬਾਲ ਸਿੰਘ,
ਮਨਜਿੰਦਰ ਸਿੰਘ ਧਨੋਆ, ਡਾ. ਜਗਵਿੰਦਰ ਜੋਧਾ, ਤ੍ਰੈਲੋਚਨ ਲੋਚੀ, ਸ੍ਰੀ ਰਾਮ ਅਰਸ਼, ਭਗਵੰਤ ਰਸੂਲਪੁਰੀ, ਕਮਲਜੀਤ ਨੀਲੋਂ, ਜਸਵੀਰ ਝੱਜ, ਡਾ. ਸੁਦਰਸ਼ਨ ਗਾਸੋ, ਸੁਦਰਸ਼ਨ ਗਰਗ, ਤਰਸੇਮ, ਅਮਰਜੀਤ ਕੌਰ ਹਿਰਦੇ, ਸੁਰਿੰਦਰ ਨੀਰ, ਡਾ. ਵਨੀਤਾ, ਗੁਲਜ਼ਾਰ ਸਿੰਘ ਸ਼ੌਂਕੀ, ਪ੍ਰੇਮ ਸਾਹਿਲ, ਮੇਜਰ ਸਿੰਘ ਗਿੱਲ ਅਤੇ ਅਕਾਡਮੀ ਦੇ ਹੋਰ ਮੈਂਬਰ ਸ਼ਾਮਲ ਹਨ।