ਅਸ਼ੋਕ ਵਰਮਾ
ਬਠਿੰਡਾ, 13 ਸਤੰਬਰ 2020 - ਬਾਬਾ ਫ਼ਰੀਦ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਕਵਿਤਾ ਦੇ ਸਿਰਕੱਢ ਤੇ ਜੁਝਾਰਵਾਦੀ ਕਵੀ ਅਵਤਾਰ ਸਿੰਘ ਪਾਸ਼ ਦੀ ਜਨਮ ਦਿਵਸ ਨੂੰ ਸਮਰਪਿਤ ਆਨਲਾਈਨ ਗੈਸਟ ਲੈਕਚਰ ਮਾਈਕਰੋਸਾਫ਼ਟ ਟੀਮਜ਼ ਰਾਹੀਂ ਕਰਵਾਇਆ ਗਿਆ। ਇਸ ਵਿਚ ਮੁੱਖ ਬੁਲਾਰੇ ਵਜੋਂ ਪ੍ਰੋ. ਲਖਵੀਰ ਸਿੰਘ, ਮੁਖੀ ਪੰਜਾਬੀ ਵਿਭਾਗ ਦਸਮੇਸ਼ ਖ਼ਾਲਸਾ ਕਾਲਜ, ਸ਼੍ਰੀ ਮੁਕਤਸਰ ਸਾਹਿਬ ਨੇ ਸ਼ਿਰਕਤ ਕੀਤੀ। ਇਸ ਗਤੀਵਿਧੀ ਵਿਚ ਪੰਜਾਬੀ ਵਿਭਾਗ ਦੇ ਲਗਭਗ 25 ਵਿਦਿਆਰਥੀਆਂ ਨੇ ਭਾਗ ਲਿਆ। ਇਸ ਗਤੀਵਿਧੀ ਦੀ ਅਗਵਾਈ ਕਰਦਿਆਂ ਮੈਡਮ ਵੀਰਪਾਲ ਕੌਰ ਨੇ ਪ੍ਰੋ. ਲਖਵੀਰ ਸਿੰਘ ਦੀਆਂ ਪ੍ਰਾਪਤੀਆਂ ਬਾਰੇ ਜਾਣ-ਪਛਾਣ ਕਰਵਾਈ। ਇਸ ਤੋਂ ਬਾਅਦ ਪ੍ਰੋ. ਲਖਵੀਰ ਸਿੰਘ ਵਿਦਿਆਰਥੀਆਂ ਨੂੰ ਮੁਖ਼ਾਤਬ ਹੋਏ । ਉਨਾਂ ਪਾਸ਼ ਦੀ ਕਵਿਤਾ ਦੇ ਵਿਭਿੰਨ ਪਹਿਲੂਆਂ ਤੇ ਬੜੀ ਵਿਸਥਾਰਮਈ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪਾਸ਼ ਦੀ ਕਵਿਤਾ ਦੀ ਸਾਰਥਿਕਤਾ ਅਜੋਕੇ ਦੌਰ ਵਿਚ ਵੀ ਬਰਕਰਾਰ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਅਣਖੀਲੇ ਸੁਭਾਅ ਦੇ ਹਨ, ਇਸ ਲਈ ਉਹ ਜੰਗਾਂ ਯੁੱਧਾਂ ਨੂੰ ਪਹਿਲ ਦਿੰਦੇ ਹਨ ਅਤੇ ਉਹ ਸਦਾ ਹੀ ਹਾਕਮ ਜਮਾਤ ਵਿਰੁੱਧ ਬਗ਼ਾਵਤ ਕਰਦੇ ਨਜ਼ਰ ਆਏ ਹਨ। ਉਨ੍ਹਾਂ ਪਾਸ਼ ਦੀ ਕਵਿਤਾ ਨੂੰ ਸਮਕਾਲੀਨ ਪ੍ਰਸਥਿਤੀਆਂ ਦੇ ਪ੍ਰਸੰਗ ਵਿਚ ਵਿਚਾਰਿਆ, ਜੋ ਬਹੁਤ ਹੀ ਭਾਵਪੂਰਨ ਸੀ। ਇਸ ਗਤੀਵਿਧੀ ਦੇ ਅੰਤਿਮ ਪੜਾਅ ਵਿਚ ਐਮ. ਏ. ਪੰਜਾਬੀ ਭਾਗ ਦੂਜਾ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਅਤੇ ਮਿਹਰਬਾਨ ਸਿੰਘ ਨੇ ਆਪਣੇ ਕੁੱਝ ਸਵਾਲ ਕੀਤੇ, ਜਿਨਾਂ ਦੇ ਪ੍ਰੋ. ਲਖਵੀਰ ਸਿੰਘ ਨੇ ਜਵਾਬ ਦਿੱਤੇ। ਅੰਤ ਵਿਚ ਪੰਜਾਬੀ ਵਿਭਾਗ ਦੀ ਮੁਖੀ ਡਾ. ਜਗਮਿੰਦਰ ਕੌਰ ਨੇ ਪ੍ਰੋ.ਲਖਵੀਰ ਸਿੰਘ ਅਤੇ ਹੋਰ ਸ਼ਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿਚ ਵੀ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੀਆਂ ਹੋਰ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਪੰਜਾਬੀ ਵਿਭਾਗ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਡੀਨ ਹਿਊਮੈਨਟੀਜ਼ ਅਤੇ ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਨੇ ਵਧਾਈ ਦਿੱਤੀ।